ਰੇਤੇ ਦਾ ਭਰਿਆ ਟਰੱਕ ਜ਼ਮੀਨ ‘ਚ ਧਸਿਆ
ਸੁਰਿੰਦਰ ਸਿੰਗਲਾ, ਅਮਰਗੜ੍ਹ। ਇੱਥੋਂ ਦੇ ਕਸਬੇ ਅੰਦਰ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਗਏ ਕਰੋੜਾਂ ਦੇ ਪ੍ਰਾਜੈਕਟ ਸੀਵਰੇਜ ਦੇ ਵਿਚਾਲੇ ਲਟਕ ਜਾਣ ਕਾਰਨ ਰਾਹੀਗਰਾਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸਬੇ ਅੰਦਰ ਸੜਕਾਂ ਅਤੇ ਗਲੀਆਂ ਪੁੱਟ ਕੇ ਪਾਈਪਾਂ ਉੱਪਰ ਪਾਈ ਮਿੱਟੀ ਦੇ ਥਾਂ-ਥਾਂ ਤੋਂ ਧਸਣ ਨਾਲ ਹਰ ਰੋਜ਼ ਟਰੱਕ, ਟਰਾਲੀਆਂ ਤੇ ਹੋਰ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਡਾਕ ਘਰ ਦੇ ਸਾਹਮਣੇ ਰੇਤੇ ਦਾ ਭਰਿਆ ਟਰੱਕ ਸੀਵਰੇਜ ਲਾਈਨ ’ਚ ਟਾਇਰ ਦਬਣ ਕਾਰਨ ਦਲਜੀਤ ਸਿੰਘ ਦੇ ਘਰ ਦੀ ਕੰਧ ਉੱਪਰ ਪਲਟ ਗਿਆ ਮੌਕੇ ’ਤੇ ਹਾਜ਼ਰ ਲੋਕਾਂ ਨੇ ਇੱਧਰ ਓਧਰ ਹੋ ਕੇ ਆਪਣੀ ਜਾਨ ਬਚਾਈ।
ਟਰੱਕ ਆਪ੍ਰੇਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਢਾਈ ਲੱਖ ਰੁਪਿਆ ਖਰਚ ਕਰਕੇ ਉਸ ਨੇ ਆਪਣੇ ਟਰੱਕ ਦੀ ਮੁਰੰਮਤ ਕਰਵਾਈ ਸੀ, ਪ੍ਰੰਤੂ ਸੀਵਰੇਜ ਕਾਰਨ ਗਲੀਆਂ ਦੀ ਪੁੱਟ ਪੁਟਾਈ ਕਰਕੇ ਹੁਣ ਫਿਰ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਉੱਪਰ ਰੁਪਿਆ ਖਰਚ ਕਰਨਾ ਪਵੇਗਾ ਜੋ ਕਿ ਉਸ ਦੇ ਵਿੱਤ ਤੋਂ ਬਾਹਰ ਹੈ। ਉਕਤ ਵਿਅਕਤੀ ਨੇ ਸਬੰਧਤ ਮਹਿਕਮੇ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰੀ ਬਰਸਾਤ ਕਾਰਨ ਰੋਜ਼ਾਨਾ ਹੀ ਕਦੇ ਇੱਟਾਂ ਦੀਆਂ ਟਰਾਲੀਆਂ, ਕਦੇ ਮਿੱਟੀ ਦੀ ਟਰਾਲੀ, ਕਾਲਵ ਦਾ ਸਮਾਨ ਤੇ ਹੈਵੀ ਵਹੀਕਲ ਮਿੱਟੀ ਪੋਲੀ ਹੋਣ ਕਾਰਨ ਢਾਈ ਤਿੰਨ ਫੁੱਟ ਡੂੰਘੇ ਜ਼ਮੀਨ ਵਿਚ ਧਸ ਜਾਂਦੇ ਹਨ, ਜਿਸ ਕਾਰਨ ਜਿੱਥੇ ਵਿੱਤੀ ਨੁਕਸਾਨ ਹੋ ਰਿਹਾ ਹੈ, ਉੱਥੇ ਕੀਮਤੀ ਜਾਨਾਂ ਜਾਣ ਦਾ ਵੀ ਡਰ ਬਣਿਆ ਰਹਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।