ਟਿੰਡਾਂ ਵਾਲੇ ਖੂਹਾਂ ਤੋਂ ਮੱਛੀ ਮੋਟਰਾਂ ਦੇ ਸਫਰ ਤੱਕ ਅਸੀਂ ਕੀ ਖੱਟਿਆ ਤੇ ਕੀ ਗਵਾਇਆ?

ਟਿੰਡਾਂ ਵਾਲੇ ਖੂਹਾਂ ਤੋਂ ਮੱਛੀ ਮੋਟਰਾਂ ਦੇ ਸਫਰ ਤੱਕ ਅਸੀਂ ਕੀ ਖੱਟਿਆ ਤੇ ਕੀ ਗਵਾਇਆ?

ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੌਤ ਦੇ ਮੂੰਹ ਵੱਲ ਧੱਕਣਾ ਹੈ ਜਾਂ ਉਨ੍ਹਾਂ ਲਈ ਪਾਣੀ ਬਚਾ ਕੇ ਰੱਖਣਾ ਹੈ। ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸਮੁੱਚੇ ਪੰਜਾਬੀਆਂ ਦੇ ਹੱਥਾਂ ਵਿੱਚ ਹੈ। ਇਹ ਫੈਸਲਾ ਅਸੀਂ ਖੁਦ ਕਰਨਾ ਹੈ। ਕੋਈ ਸਮਾਂ ਸੀ ਜਦੋਂ ਅਸੀਂ ਟਿੰਡਾਂ ਵਾਲੇ ਖੂਹ ਨਾਲ ਫਸਲਾਂ ਦੀ ਸਿੰਜਾਈ ਕਰਕੇ ਆਪਣੇ ਗੁਜ਼ਾਰੇ ਜੋਗੀ ਵਧੀਆ ਫਸਲ ਉਗਾ ਲਿਆ ਕਰਦੇ ਸੀ। ਲੋਕ ਆਰਥਿਕ ਪੱਖ ਤੋਂ ਭਾਵੇਂ ਬਹੁਤੇ ਮਜ਼ਬੂਤ ਨਹੀਂ ਸਨ, ਪ੍ਰੰਤੂ ਮਾਨਸਿਕ ਤੌਰ ’ਤੇ ਬਹੁਤ ਮਜਬੂਤ ਹੁੰਦੇ ਸਨ

ਲੋਕਾਂ ਦੀਆਂ ਆਰਥਿਕ ਲੋੜਾਂ ਸੀਮਤ ਹੋਣ ਕਾਰਨ, ਉਹ ਵਧੀਆ ਜਿੰਦਗੀ ਜਿਉਂਦੇ ਸਨ ਅਤੇ ਉਹਨਾਂ ਨੇ ਆਪਣੇ ਕੁਦਰਤੀ ਸਰੋਤਾਂ (ਜਮੀਨ ਹੇਠਲੇ ਪਾਣੀ) ਨੂੰ ਵੀ ਬਚਾਇਆ ਹੋਇਆ ਸੀ। ਕਿਸਾਨ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜ ਕੇ ਵੀ ਆਪਣਾ ਵਧੀਆ ਗੁਜ਼ਾਰਾ ਕਰਦੇ ਸਨ। ਸਮੇਂ ਦੀ ਕਰਵਟ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਖੇਤੀ ਪੈਦਾਵਾਰ ’ਚ ਵਾਧੇ ਲਈ ਖੇਤੀ ਮਾਹਿਰਾਂ ਵੱਲੋਂ ਫਸਲਾਂ ਦੇ ਨਵੇਂ ਬੀਜ ਪੈਦਾ ਕਰਕੇ ਕਿਸਾਨਾਂ ਵਿੱਚ ਲਿਆਂਦੇ ਗਏ

ਉਸ ਨਾਲ ਫਸਲਾਂ ਦੇ ਝਾੜ ਵਿੱਚ ਜ਼ਰੂਰ ਵਾਧਾ ਹੋਇਆ, ਪਰੰਤੂ ਅਸੀਂ ਆਪਣੇ ਕੁਦਰਤੀ ਸਰੋਤਾਂ ਭਾਵ ਧਰਤੀ ਹੇਠਲੇ ਪਾਣੀ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ। ਸਾਇੰਸਦਾਨਾਂ ਅਤੇ ਸਰਕਾਰ ਵੱਲੋਂ ਦਿੱਤੇ ਸੁਝਾਅ ਅਨੁਸਾਰ ਡੀਜ਼ਲ ਇੰਜਣ ਅਤੇ ਪੱਖਿਆਂ ਨਾਲ ਅਸੀਂ ਧਰਤੀ ਹੇਠਲਾ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਫੇਰ ਖੂਹੀ ਵਿੱਚ ਤਿੰਨ ਦੀ ਮੋਟਰ, ਫੇਰ ਪੰਜ ਦੀ, ਫੇਰ ਅੱਠ ਦੀ, ਫੇਰ ਖੂਹੀ ਹੋਰ ਡੂੰਘੀ ਹੁੰਦੀ ਚਲੀ ਗਈ।

ਜਦੋਂ ਲੋਕਾਂ ਨੂੰ ਪੰਜਾਹ ਤੋਂ ਸੱਠ ਫੁੱਟ ਡੂੰਘੀਆਂ ਖੂਹੀਆਂ ਤੋਂ ਵੀ ਪਾਣੀ ਦਾ ਜਵਾਬ ਮਿਲ ਗਿਆ, ਤਾਂ ਵੀ ਅਸੀਂ ਲਾਲਚ ਵੱਸ ਧਰਤੀ ਹੇਠਲੇ ਪਾਣੀ ਨੂੰ ਖਤਮ ਕਰਨ ਲਈ ਲੱਗੇ ਰਹੇ। ਸਰਕਾਰਾਂ ਨੇ ਵੀ ਫਸਲਾਂ ਦਾ ਵੱਧ ਝਾੜ ਮਿਲਦਾ ਦੇਖ, ਲੋਕਾਂ ਨੂੰ ਪਾਣੀ ਬਚਾਉਣ ਲਈ ਨਹੀਂ ਰੋਕਿਆ, ਸਗੋਂ ਸਾਨੂੰ ਮੱਛੀ ਮੋਟਰਾਂ ਦੇ ਕੇ ਖੁਸ਼ ਕਰ ਦਿੱਤਾ ਤਾਂ ਜੋ ਇਹ ਆਪਣੇ ਹਿੱਸੇ ਦਾ ਦਰਿਆਵਾਂ ਦਾ ਪਾਣੀ ਨਾ ਮੰਗਣ ਲੱਗ ਜਾਣ।

ਪੰਜਾਬ ਦਾ ਸਾਰਾ ਪਾਣੀ ਨਹਿਰਾਂ ਕੱਢ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੱਤਾ ਗਿਆ। ਤੇ ਸਾਡੇ ਲੋਕਾਂ ਦੇ ਮੋਟਰਾਂ ਦੇ ਬਿੱਲ ਮਾਫ ਕਰਤੇ, ਬਈ ਜੇ ਲੋਕਾਂ ਨੂੰ ਬਿੱਲ ਦੇਣੇ ਪਏ ਤਾਂ ਲੋਕ ਆਪਣੇ ਦਰਿਆਵਾਂ, ਨਹਿਰਾਂ ਦੇ ਪਾਣੀ ਵੱਲ ਧਿਆਣ ਦੇਣ ਲੱਗ ਜਾਣਗੇ। ਫਸਲਾਂ ਦਾ ਵੱਧ ਝਾੜ ਹੋਣ ਕਾਰਨ ਅਸੀਂ ਆਪਣੇ ਰਹਿਣ-ਸਹਿਣ ਅਤੇ ਜ਼ਿੰਦਗੀ ਜਿਊਣ ਦੇ ਤਰੀਕਿਆਂ ਵਿੱਚ ਤਬਦੀਲੀ ਲਿਆਂਦੀ। ਜਿਸ ਨਾਲ ਅਸੀਂ ਆਰਥਿਕ ਤੌਰ ’ਤੇ ਜਰੂਰ ਪਹਿਲਾਂ ਨਾਲੋਂ ਮਜਬੂਤ ਹੋਏ, ਪਰੰਤੂ ਦੂਜੇ ਪਾਸੇ ਸਾਡਾ ਕੁਬੇਰ ਦਾ ਖਜਾਨਾ ਭਾਵ ਕੁਦਰਤ ਦੀ ਦਾਤ ਧਰਤੀ ਹੇਠਲਾ ਪਾਣੀ ਲੁਟਾਉਂਦੇ ਰਹੇ । ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ।

ਅੱਜ ਸਾਡੀ ਸਥਿਤੀ ਇਹ ਬਣੀ ਹੋਈ ਹੈ ਕਿ ਅਸੀਂ ਤੀਹ ਰੁਪਏ ਲੀਟਰ ਵਾਲਾ ਪਾਣੀ ਇੱਕ ਕਿਲੋ ਝੋਨਾ ਪੈਦਾ ਕਰਨ ਲਈ ਰੋਜ਼ਾਨਾ ਵਰਤ ਰਹੇ ਹਾਂ। ਇੱਕ ਕਿਲੋ ਝੋਨੇ ਨੂੰ ਪਕਾਉਣ ਤੱਕ ਇੱਕ ਹਜ਼ਾਰ ਲੀਟਰ ਪਾਣੀ, ਜਿਸ ਦੀ ਕੀਮਤ ਤੀਹ ਹਜਾਰ ਰੁਪਏ ਬਣਦੀ ਹੈ, ਖਤਮ ਕਰ ਦਿੰਦੇ ਹਾਂ। ਇਸ ਇੱਕ ਕਿਲੋ ਝੋਨੇ ਦੀ ਸਾਨੂੰ ਮਾਰਕੀਟ ਵਿੱਚ ਕੀਮਤ ਸਿਰਫ ਸਤਾਰਾਂ ਰੁਪਏ ਮਿਲ ਰਹੀ ਹੈ, ਪ੍ਰੰਤੂ ਫਿਰ ਵੀ ਅਸੀਂ ਝੋਨੇ ਦੀ ਬਿਜਾਈ ਧੜਾਧੜ ਕਰ ਰਹੇ ਹਾਂ ।

ਸਰਕਾਰਾਂ ਦੀ ਮਾੜੀ ਨੀਤੀ ਅਤੇ ਮਾੜੀ ਨੀਅਤ ਕਾਰਨ ਪੀਣ ਵਾਲੇ ਪਾਣੀ ਦੇ ਅਨਮੋਲ ਖ਼ਜ਼ਾਨੇ ਨੂੰ ਖਤਮ ਕਰਨ ਲੱਗੇ ਹੋਏ ਹਾਂ। ਸਾਡੀਆਂ ਸੋਨਾ ਉਗਾਉਣ ਵਾਲੀਆਂ ਜਮੀਨਾਂ ਬੰਜਰ ਹੋਣ ਵੱਲ ਜਾ ਰਹੀਆਂ ਹਨ। ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਗਲੇ ਉੱਪਰ ਹੱਥ ਰੱਖਿਆ ਹੋਇਆ ਹੈ, ਜਿਸ ਨੂੰ ਥੋੜ੍ਹਾ ਜਿਹਾ ਹੋਰ ਘੁੱਟਣ ਨਾਲ ਅਸੀਂ ਉਨ੍ਹਾਂ ਨੂੰ ਖਤਮ ਕਰ ਦੇਵਾਂਗੇ। ਇਸੇ ਕਰਕੇ ਸਰਕਾਰ ਹੋਰ ਫਸਲ ਦੀਆਂ ਸਿਰਫ਼ ਸਲਾਹਾਂ ਦਿੰੰਦੀਆਂ ਹਨ ਪਰ ਅਸਲ ਜ਼ਮੀਨ ਦੇ ਉਪਰਾਲੇ ਬਹੁਤ ਘੱਟ ਕੀਤੇ ਜਾਂਦੇ ਹਨ ਕਿਉਂਕਿ ਉਹਨਾਂ ਆਪਣੀਆਂ ਜਮੀਨਾਂ ਬੰਜਰ ਕਰਨੀਆਂ ਹਨ। ਹੁਣ ਭਵਿੱਖ ਇਹ ਹੈ ਕਿ ਪਿਛਲੇ ਟਾਈਮ ਵਿੱਚ ਟਿੰਡਾਂ ਵਾਲੇ ਖੂਹ ਤੋਂ ਮੱਛੀ ਮੋਟਰਾਂ ਤੱਕ ਦਾ ਸਫਰ ਪੱਚੀ ਸਾਲ ਦਾ ਸੀ ਤੇ ਹੁਣ ਆਉਣ ਵਾਲੇ ਦਸ ਸਾਲ ਤੱਕ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ’ਤੇ ਆ ਗਿਆ ਹੈ।

ਫੇਰ ਸਰਕਾਰ ਵੱਲੋਂ ਝੋਨੇ ’ਤੇ ਰੋਕ ਲਾ ਦਿੱਤੀ ਜਾਵੇਗੀ ਤੇ ਘਰ ਵਿੱਚ ਵਰਤਣ ਵਾਲੇ ਪਾਣੀ ਦਾ ਬਿੱਲ ਵੀ ਸੌ ਤੋਂ ਡੇਢ ਸੌ ਰੁਪਏ ਲੀਟਰ ਦੇ ਹਿਸਾਬ ਨਾਲ ਆਇਆ ਕਰੇਗਾ । ਤੇ ਫੇੇਰ ਪੰਜਾਬ ਤੇ ਰਾਜਸਥਾਨ ’ਚ ਕੋਈ ਬਹੁਤਾ ਫਰਕ ਨਹੀਂ ਰਹੇਗਾ, ਜਦੋਂ ਪਾਣੀ ਦਾ ਬਿੱਲ ਤੁਹਾਡੀ ਫਸਲ ਤੋਂ ਵੀ ਜਿਆਦਾ ਆ ਗਿਆ ਤਾਂ ਤੁਹਾਨੂੰ ਝੋਨੇ ਦੀ ਖੇਤੀ ਛੱਡਣ ਲਈ ਮਜਬੂਰ ਹੋਣਾ ਪਵੇਗਾ। ਫੇਰ ਜਮੀਨਾਂ ਦੇ ਰੇਟ ਇੱਕ ਤੋਂ ਦੋ ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਖਰੀਦ ਕੇ ਪੰਜਾਬ ਵਿੱਚ ਦਿੱਲੀ, ਬੰਬੇ ਤੋਂ ਆ ਕੇ ਕਾਰਪੋਰੇਟ ਘਰਾਣੇ ਫੈਕਟਰੀਆਂ ਲਾਉਣਗੇ ਜਿੱਥੇ ਸਾਡੇ ਪੋਤੇ-ਪੜੋਤੇ ਦਿਹਾੜੀਆਂ ਕਰਿਆ ਕਰਨਗੇ ।

ਜੇਕਰ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ ਤਾਂ ਪਿਛਲੇ ਸਮੇਂ ਵਿੱਚ ਦੇਖਲੋ, ਆਪਾਂ ਟਿੰਡਾ ਵਾਲੇ ਖੂਹ ਤੋਂ ਮੱਛੀ ਮੋਟਰਾਂ ਤੱਕ ਕਿੰਨੇ ਸਮੇਂ ਵਿੱਚ ਆ ਗਏ। ਬੱਸ ਜੇ ਇਹੀ ਰਫਤਾਰ ਰਹੀ ਤਾਂ ਦਸ ਤੋਂ ਪੰਦਰਾਂ ਸਾਲਾਂ ’ਚ ਬੰਜਰ ਹੋ ਜਾਊ ਪੰਜਾਬ ।
ਆਓ! ਦਰਿਆਵਾਂ ਦੇ ਪਾਣੀ ਦਾ ਮੂੰਹ ਆਪਣੇ ਖੇਤਾਂ ਵੱਲ ਨੂੰ ਮੋੜੀਏ ਅਤੇ ਝੋਨੇ ਨੂੰ ਮਗਰੋਂ ਲਾਹੀਏ, ਤਾਂ ਕਿ ਪੀਣ ਵਾਲੇ ਜ਼ਮੀਨੀ ਪਾਣੀ ਨੂੰ ਬਚਾ ਸਕੀਏ। ਨਹੀਂ ਤਾਂ ਆਉਣ ਵਾਲੀਆਂ ਮਨੁੱਖੀ ਨਸਲਾਂ ਆਪਾਂ ਨੂੰ ਲੱਖ-ਲੱਖ ਲਾਹਨਤਾਂ ਪਾਉਣਗੀਆਂ, ਜਿਸਦਾ ਸਾਡੇ ਕੋਲ ਕੋਈ ਜਬਾਬ ਨਹੀਂ ਹੋਵੇਗਾ ।
ਸੇਵਾ ਮੁਕਤ ਵਣ ਅਫਸਰ
ਮੋ. 83605-89644

ਰਾਜਿੰਦਰ ਕੁਮਾਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।