ਅਕਾਲੀ ਦਲ ਤੇ ਕਾਂਗਰਸੀ ਆਗੂ ਨਿਰੰਤਰ ਖੰਨਾ ਨਾਲ ਕਰ ਰਹੇ ਸੰਪਰਕ
- ਹਰ ਰੋਜ਼ ਫੋਨ ’ਤੇ ਸੰਦੇਸ਼ਾਂ ਰਾਹੀਂ ਖੰਨਾ ਨੂੰ ਵਾਪਸ ਸਿਆਸਤ ਵਿੱਚ ਆਉਣ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ
ਗੁਰਪ੍ਰੀਤ ਸਿੰਘ, ਸੰਗਰੂਰ। ਹਲਕਾ ਸੰਗਰੂਰ ਦੇ ਇਤਿਹਾਸ ਨਾਲ ਜੁੜਿਆ ਇੱਕ ਰਾਜਸੀ ਨਾਂਅ ਅਰਵਿੰਦ ਖੰਨਾ ਇਨ੍ਹੀਂ ਦਿਨੀਂ ਫਿਰ ਸੁਰਖ਼ੀਆਂ ਵਿੱਚ ਆਇਆ ਹੋਇਆ ਹੈ ਅਰਸਾ 6-7 ਸਾਲ ਪਹਿਲਾਂ ਸਰਗਰਮ ਸਿਆਸਤ ਤੋਂ ਕਿਨਾਰਾਕਸ਼ੀ ਕਰ ਚੁੱਕੇ ਕਾਂਗਰਸ ਦੇ ਸਿਰਕੱਢ ਆਗੂ ਰਹੇ ਅਰਵਿੰਦ ਖੰਨਾ ’ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਫਿਰ ਸਿਆਸਤ ਵਿੱਚ ਆਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਵੱਖ-ਵੱਖ ਪਾਰਟੀਆਂ ਦੇ ਆਗੂ ਅਰਵਿੰਦ ਖੰਨਾ ਨਾਲ ਫੋਨ ’ਤੇ ਰਾਬਤਾ ਰੱਖੇ ਹੋਏ ਹਨ ਅਤੇ ਹਰ ਰੋਜ਼ ਉਨ੍ਹਾਂ ਨੂੰ ਮੁੜ ਸਿਆਸਤ ਵਿੱਚ ਆਉਣ ਲਈ ਦਬਾਅ ਬਣਾ ਰਹੇ ਹਨ ਲੰਮੇ ਸਮੇਂ ਤੋਂ ਸਿਆਸਤ ਤੋਂ ਕਿਨਾਰਾ ਕਰੀ ਬੈਠੇ ਖੰਨਾ ਨੇ ਵੀ ਹੁਣ ਜ਼ਿਲ੍ਹੇ ਦੀ ਸਿਆਸਤ ਵੱਲ ਦਿਲਚਸਪੀ ਲੈਣੀ ਆਰੰਭ ਕਰ ਦਿੱਤੀ ਹੈ ਬੇਸ਼ੱਕ ਉਨ੍ਹਾਂ ਵੱਲੋਂ ਹਾਲੇ ਸਿਆਸਤ ਵਿੱਚ ਮੁੜ ਵਿਚਰਨ ਦਾ ਕੋਈ ਇਰਾਦਾ ਜ਼ਾਹਰ ਨਹੀਂ ਕੀਤਾ ਜਾ ਰਿਹਾ ਪਰ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਆ ਰਹੇ ਫੋਨਾਂ ’ਤੇ ਮੈਸੇਜ਼ਾਂ ਦਾ ਉਹ ਹੁਣ ਜਵਾਬ ਦੇਣ ਲੱਗੇ ਹਨ ਇਨੀਂ ਦਿਨੀ ਅਰਵਿੰਦ ਖੰਨਾ ਦਿੱਲੀ ਵਿਖੇ ਆਪਣਾ ਕਾਰੋਬਾਰ ਕਰ ਰਹੇ ਹਨ।]
ਇੱਥੇ ਦੱਸਣਯੋਗ ਹੈ ਕਿ ਅਰਵਿੰਦ ਖੰਨਾ ਦਾ ਨਾਂਅ ਜ਼ਿਲ੍ਹਾ ਸੰਗਰੂਰ ਦੀ ਰਾਜਨੀਤੀ ਵਿੱਚ ਮੂਹਰਲੀਆਂ ਸਫ਼ਾਂ ਵਿੱਚ ਆਉਂਦਾ ਹੈ ਅਰਵਿੰਦ ਖੰਨਾ ਬੇਸ਼ੱਕ ਦੋ ਵਾਰ ਕਾਂਗਰਸ ਦੀ ਟਿਕਟ ਦੀ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਪਰ ਉਨ੍ਹਾਂ ਨੂੰ ਸਿਆਸਤ ਵਿੱਚ ਲਿਆਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨ ਇਹ ਵੀ ਪਤਾ ਲੱਗਿਆ ਹੈ ਕਿ ਅਰਵਿੰਦ ਖੰਨਾ ਸੁਖਬੀਰ ਬਾਦਲ ਦੇ ਵੀ ਪੂਰੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਚੱਲਦੀ ਹੈ ਇਸ ਤੋਂ ਇਲਾਵਾ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨੇੜਲੇ ਸਾਥੀਆਂ ਵਿੱਚੋਂ ਵੀ ਇੱਕ ਰਹੇ ਹਨ ਅਤੇ ਹੁਣ ਵੀ ਕੈਪਟਨ ਅਤੇ ਹੋਰ ਕਾਂਗਰਸੀਆਂ ਵੱਲੋਂ ਖੰਨਾ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ।
ਅਰਵਿੰਦ ਖੰਨਾ ਕਾਂਗਰਸ ਦੇ ਉੱਘੇ ਆਗੂਆਂ ਵਿੱਚੋਂ ਮੰਨੇ ਜਾਂਦੇ ਰਹੇ ਹਨ ਉਨ੍ਹਾਂ ਨੇ 2002 ਦੇ ਕਰੀਬ ਜ਼ਿਲ੍ਹਾ ਸੰਗਰੂਰ ਵਿੱਚ ਸਿਆਸਤ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਉਨ੍ਹਾਂ ‘ਉਮੀਦ’ ਨਾਮਕ ਸੰਸਥਾ ਬਣਾ ਕੇ ਪਿੰਡ-ਪਿੰਡ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੱਤੀਆਂ, ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸੰਗਰੂਰ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਵੀ ਚੁੱਕਿਆ ਸੀ।
ਅਰਵਿੰਦ ਖੰਨਾ ਨੇ ਸਿਆਸਤ ਦੀ ਸ਼ੁਰੂਆਤ 2002 ਤੋਂ ਵਿਧਾਨ ਸਭਾ ਸੰਗਰੂਰ ਤੋਂ ਚੋਣ ਲੜ ਕੇ ਕੀਤੀ ਸੀ ਸਿਆਸਤ ਵਿੱਚ ਹਰ ਪੱਖੋਂ ਮਾਹਿਰ ਸਮਝੇ ਜਾਂਦੇ ਖੰਨਾ ਨੇ ਇਸ ਚੋਣਾਂ ਵਿੱਚ 42 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ ਦੂਜੇ ਨੰਬਰ ’ਤੇ ਰਣਜੀਤ ਸਿੰਘ ਬਾਲੀਆਂ ਰਹੇ ਸਨ ਇਸ ਤੋਂ ਬਾਅਦ ਅਰਵਿੰਦ ਖੰਨਾ ਨੇ 2004 ਵਿੱਚ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਸੀ ਥੋੜ੍ਹੇ ਹੀ ਸਮੇਂ ਵਿੱਚ ਉਨ੍ਹਾਂ ਨੇ ਹਲਕੇ ਵਿੱਚ ਆਪਣੀ ਪਕੜ ਬਣਾ ਲਈ ਅਤੇ ਬੇਸ਼ੱਕ ਇਹ ਚੋਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਥੰਮ੍ਹ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਤੋਂ ਥੋੜ੍ਹੀਆਂ ਵੋਟਾਂ ਨਾਲ ਹਾਰ ਗਏ ਸਨ ਪਰ ਇਨ੍ਹਾਂ ਚੋਣਾਂ ਵਿੱਚ ਖੰਨਾ ਦਾ ਸਿਆਸੀ ਕੱਦ ਕਾਫ਼ੀ ਉੱਚਾ ਹੋ ਗਿਆ ਸੀ।
ਅਰਵਿੰਦ ਖੰਨਾ ਦੇ ਸਿਆਸੀ ਸਫ਼ਰ ਦੌਰਾਨ ਉਨ੍ਹਾਂ ਦੀ ਲੋਕ ਸੇਵਾ ਲਗਾਤਾਰ ਜਾਰੀ ਰਹੀ ਉਮੀਦ ਰਾਹੀਂ ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਸਿਹਤ ਸੁਵਿਧਾਵਾਂ ਦਿੰਦੇ ਰਹੇ 2012 ਵਿੱਚ ਉਨ੍ਹਾਂ ਵਿਧਾਨ ਸਭਾ ਧੂਰੀ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਧੂਰੀ ਨਿਰੋਲ ਪੇਂਡੂ ਹਲਕਾ ਹੋਣ ਕਾਰਨ ਕਾਂਗਰਸ ਨੂੰ ਇੱਥੋਂ ਜਿੱਤ ਹਾਸਲ ਹੋਣੀ ਔਖੀ ਮੰਨੀ ਜਾਂਦੀ ਸੀ ਪਰ ਅਰਵਿੰਦ ਖੰਨਾ ਦੇ ਧੂੰਆਂ ਧਾਰ ਪ੍ਰਚਾਰ ਤੇ ਸਮਾਜ ਸੇਵੀ ਕੰਮਾਂ ਕਾਰਨ ਪਿੰਡਾਂ ਦੇ ਲੋਕਾਂ ਨੇ ਅਰਵਿੰਦ ਖੰਨਾ ਦਾ ਸਾਥ ਦਿੱਤਾ ਤੇ ਉਨ੍ਹਾਂ ਪੇਂਡੂ ਹਲਕੇ ਵਿੱਚੋਂ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਆਪਣੀ ਸਿਆਸੀ ਕਾਬਲੀਅਤ ਸਿੱਧ ਕਰ ਦਿੱਤੀ।
2015 ’ਚ ਖੰਨਾ ਨੇ ਦਿੱਤਾ ਸੀ ਵਿਧਾਇਕੀ ਤੋਂ ਅਸਤੀਫ਼ਾ
ਅਰਵਿੰਦ ਖੰਨਾ ਨੇ 2015 ਵਿੱਚ ਧੂਰੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਇਸ ਸਬੰਧੀ ਉਨ੍ਹਾਂ ਕਾਰਨ ਦੱਸਿਆ ਕਿ ਉਹ ਸਿਆਸਤ ਕਾਰਨ ਆਪਣੇ ਵਪਾਰ ਵੱਲ ਧਿਆਨ ਨਹੀਂ ਦੇ ਪਾ ਰਹੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰਵਿੰਦ ਖੰਨਾ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਗਿਆ ਅਤੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੇ ਦੁਬਾਰਾ ਫਿਰ ਅਸਤੀਫ਼ਾ ਦੇ ਦਿੱਤਾ, ਜਿਹੜਾ ਮਜ਼ਬੂਰੀਵੱਸ ਪਾਰਟੀ ਆਗੂਆਂ ਨੂੰ ਸਵੀਕਾਰ ਕਰਨਾ ਪਿਆ।