ਪਿੰਡ ਹਮੀਦੀ ਦੀ ਝੋਨਾ ਲਾ ਰਹੀ ਈਟੀਟੀ/ਐਨਟੀਟੀ ਪਾਸ ਠੇਕਾ ਅਧਾਰਿਤ ਅਧਿਆਪਕਾ ਨੇ ਦੱਸੇ ਦੁੱਖ
ਜਸਵੀਰ ਸਿੰਘ ਗਹਿਲ, ਬਰਨਾਲਾ। ‘ਕਹਿਣ ਨੂੰ ਸਰਕਾਰੀ ਨੌਕਰੀ ਕਰਦੇ ਆਂ ਪ੍ਰੰਤੂ ਤਨਖ਼ਾਹ ਗੁਜ਼ਾਰੇ ਯੋਗ ਵੀ ਨਹੀਂ ਮਿਲਦੀ। ਇਸ ਲਈ ਮਜ਼ਬੂਰੀ ਵੱਸ ਝੋਨਾ ਲਾ ਰਹੇ ਹਾਂ ਤਾਂ ਜੋ ਆਉਣ ਵਾਲੇ ਕੁੱਝ ਦਿਨ ਸੁਖਾਲੇ ਲੰਘ ਜਾਣ।’ ਇਹ ਬੋਲ ਹਨ ਪਿੰਡ ਹਮੀਦੀ ਦੀ ਠੇਕਾ ਅਧਾਰਿਤ ਸਰਕਾਰੀ ਈਟੀਟੀ/ਐਨਟੀਟੀ ਪਾਸ ਅਧਿਆਪਕਾ ਦੇ ਜੋ ਇਸ ਸਮੇਂ ਪਰਿਵਾਰ ਦੇ ਗੁਜਾਰੇ ਲਈ ਝੋਨਾ ਲਗਾਉਣ ਲਈ ਮਜ਼ਬੂਰ ਹੈ। ਅਧਿਆਪਕਾ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਪੜ੍ਹੀ-ਲਿਖੀ ਹੈ ਪ੍ਰੰਤੂ ਅੱਜ ਇੱਕ ਦਿਹਾੜੀਦਾਰ ਮਜ਼ਦੂਰ ਵੀ ਉਸਤੋਂ ਵਧੇਰੇ ਪੈਸੇ ਕਮਾਉਂਦਾ ਹੈ ਤੇ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੜੇ ਹੋਣ ਦੇ ਬਾਵਜ਼ੂਦ ਵੀ ਘੱਟਾ ਢੋ ਰਹੀ ਹੈ।
ਆਪਣੇ ਪਰਿਵਾਰ ਨਾਲ ਪਿੰਡ ਹਮੀਦੀ ਦੇ ਖੇਤਾਂ ’ਚ ਝੋਨਾ ਲਗਾ ਰਹੀ ਠੇਕਾ ਅਧਾਰਿਤ ਅਧਿਆਪਕਾ ਸਰਬਜੀਤ ਕੌਰ ਅਨੁਸਾਰ ਉਸ ਨੇ 2003 ਤੋਂ ਈਜੀਐਸ ਅਧਿਆਪਕਾਂ ਵਜੋਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ। ਜਿਸ ਦੌਰਾਨ 2003 ਤੋਂ 2008 ਤੱਕ ਉਸ ਨੂੰ ਸਿਰਫ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਗਿਆ।
ਇਸ ਪਿੱੱਛੋਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਉਨਾਂ ਨਾਲ ਵਾਅਦਾ ਕੀਤਾ ਗਿਆ ਕਿ ਈਟੀਟੀ ਪਾਸ ਕਰਨ ’ਤੇ ਉਨਾਂ ਨੂੰ ਸਰਕਾਰੀ ਸਕੂਲਾਂ ’ਚ ਪੱਕੇ ਕਰ ਦਿੱਤਾ ਜਾਵੇਗਾ। ਇਸ ਲਈ ਉਨਾਂ 2009- 11 ਬੈਂਚ ’ਚ ਈਟੀਟੀ ਪਾਸ ਕੀਤੀ ਪਰ ਸਰਕਾਰ ਦਾ ਵਾਅਦਾ ਵਫ਼ਾ ਨਾ ਹੋਇਆ। ਇਸ ਦੌਰਾਨ ਕੱਚੇ ਅਧਿਆਪਕ ਮੰਚ ਮੋਰਚਾ ਵੱਲੋਂ ਕੀਤੇ ਸੰਘਰਸ ਸਦਕਾ 2014 ’ਚ ਉਨਾਂ ਨੂੰ ਸਿਰਫ 6 ਹਜਾਰ ਪ੍ਰਤੀ ਮਹੀਨਾ ਮਾਣਭੱਤੇ ’ਤੇ ਸਰਕਾਰੀ ਸਕੂਲਾਂ ’ਚ ਲਗਾਇਆ ਗਿਆ ਪ੍ਰੰਤੂ ਪੂਰੀਆਂ ਤਨਖਾਹਾਂ ’ਤੇ ਪੱਕੇ ਹਾਲੇ ਤੱਕ ਵੀ ਨਹੀ ਕੀਤਾ ਗਿਆ।
ਸਮਾਂ ਲੰਘਿਆ ਮੁੜ ਚੋਣਾਂ ਆਈਆਂ ਤਾਂ ਉਨ੍ਹਾਂ ਨੂੰ ਕੁੱਝ ਆਸ ਬੱਝੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ’ਚ ਚੱਲ ਰਹੇ ਉਨ੍ਹਾਂ ਦੇ ਧਰਨੇ ’ਚ ਸ਼ਾਮਲ ਹੋ ਕੇ ਆਪਣੀ ਸਰਕਾਰ ਆਉਣ ’ਤੇ ਸਮੂਹ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਸਮੇਤ ਪੱਕੇ ਕਰਨ ਦਾ ਵਾਅਦਾ ਕੀਤਾ। ਕਾਂਗਰਸ ਸਰਕਾਰ ਸੱਤਾ ’ਚ ਆਈ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਈਟੀਟੀ ਅਧਿਆਪਕਾਂ ਨਾਲ ਕੀਤਾ ਵਾਅਦਾ ਮੁੜ ਦੁਹਾਰਾਇਆ ਤੇ ਇਸ ਵਾਰ ਸ਼ਰਤ ਰੱਖੀ ਗਈ ਕਿ ‘ਤੁਸੀ ਐਨਟੀਟੀ ਪਾਸ ਕਰੋ, ਅਸੀਂ ਤੁਹਾਨੂੰ ਪੱਕੇ ਕਰਾਂਗੇ।’ ਵਕਤ ਲੰਘਿਆ ਤਾਂ ਉਨਾਂ ਨੇ ਸਿੱਖਿਆ ਮੰਤਰੀ ਦੇ ਵਾਅਦੇ ਨੂੰ ਚੇਤੇ ’ਚ ਰਖਦਿਆਂ 2019-20 ’ਚ ਐਨਟੀਟੀ ਵੀ ਪਾਸ ਕਰ ਲਈ। ਜਿਸ ਪਿੱਛੋਂ ਹੁਣ ਸਰਕਾਰ ਟੀਈਟੀ ਟੈਸਟ ਪਾਸ ਕਰਨ ਦੀ ਸ਼ਰਤ ਪੂਰੀ ਕਰਨ ਦਾ ਹੁਕਮ ਕਰ ਦਿੱਤਾ ਹੈ। ਉਨਾਂ ਕਿਹਾ ਕਿ ਸਰਕਾਰ ਦੇ ਵਾਅਦੇ ਤਾਂ ਪੂਰੇ ਨਹੀ ਹੋਏ ਪ੍ਰੰਤੂ ਉਹ ਝੋਨਾ ਲਗਾਉਣ ਲਈ ਜਰੂਰ ਮਜ਼ਬੂਰ ਹੋ ਗਏ ਹਨ।
ਅਧਿਆਪਕਾ ਨੇ ਦੱਸਿਆ ਕਿ ਘੱਟ ਤਨਖ਼ਾਹ ਦੇ ਕਾਰਨ ਘਰ ਦਾ ਗੁਜ਼ਾਰਾ ਅਤਿ ਮੁਸ਼ਕਿਲ ਹੋਇਆ ਪਿਆ ਹੈ, ਇਸ ਲਈ ਝੋਨਾ ਲਗਾਉਣ ਦਾ ਸੋਚਿਆ। ਅਧਿਆਪਕਾ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਈਟੀਟੀ ਪਾਸ ਅਧਿਆਪਕਾਂ ਨੂੰ ਬਿਨਾਂ ਟੈੱਟ ਤੋਂ ਪੂਰੀਆਂ ਤਨਖਾਹਾਂ ’ਤੇ ਪੱਕੇ ਕੀਤਾ ਜਾਵੇ ਨਹੀ ਤਾਂ ਇਹੀ ਝੋਨਾ ਲਗਾਉਣ ਵਾਲੇ ਹੱਥ ਸਰਕਾਰ ਦੀਆਂ ਸੰਘੀਆਂ ਵੱਲ ਵਧਣਗੇ। ਉਹ ਆਪਣੇ ਪਤੀ ਦੇ ਇਕੱਲੇ ਛੱਡ ਕੇ ਜਾਣ ਤੋਂ ਪਿੱਛੋਂ ਆਪਣੇ ਪੇਕੇ ਘਰ ਆਪਣੇ ਇਕਲੌਤੇ ਪੁੱਤਰ ਸਮੇਤ ਰਹਿ ਰਹੀ ਹੈ।
ਪਤੀ ਵੀ ਚੜਿ੍ਹਆ ਸਰਕਾਰੀ ਨੀਤੀਆਂ ਦੀ ਭੇਂਟ
ਸਰਬਜੀਤ ਕੌਰ ਪੁੱਤਰੀ ਬਾਬੂ ਸਿੰਘ ਚੋਪੜਾ ਨੇ ਕਿਹਾ ਕਿ ਉਨਾਂ ਵੱਲੋਂ ਦਿਲ ਲਾ ਕੇ ਕੀਤੀ ਮਿਹਨਤ ਤੇ ਪੜ੍ਹਾਈ ਦਾ ਕੌਡੀ ਮੁੱਲ ਵੀ ਨਹੀਂ ਪਿਆ। ਹੱਥ ਘੁੱਟ ਕੇ ਪੜ੍ਹਾਈ ’ਤੇ ਹੋ ਰਹੇ ਖਰਚੇ ਪੂਰੇ ਕਰਦਿਆਂ ਸੋਚਿਆ ਸੀ ਨੌਕਰੀ ਮਿਲੇਗੀ ਤਾਂ ਸਭ ਠੀਕ ਹੋ ਜਾਏਗਾ, ਪਰ ਅਜਿਹਾ ਨਹੀ ਹੋਇਆ। ਉਨਾਂ ਤੋਂ ਤਾਂ ਮਜ਼ਦੂਰ ਵੀ ਚੰਗੇ ਨੇ ਜੋ ਘੱਟੋ ਘੱੱਟ ਚਾਰ ਸੌ ਰੁਪਏ ਦਿਹਾੜੀ ਲੈਂਦੇ ਨੇ ਤੇ ਉਹ ਮਾਣਭੱਤੇ ਦੇ ਰੂਪ ’ਚ ਮਿਲ ਰਹੇ ਛੇ ਹਜ਼ਾਰ ਰੁਪਏ ਮਹੀਨੇ ’ਤੇ ਬੜੀ ਮੁਸ਼ਕਿਲ ਨਾਲ ਡੰਗ ਟਪਾ ਰਹੇ ਹਨ।
ਉਨਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੀ ਬਦੌਲਤ ਅੱਜ ਲੱਖਾਂ ਪੜ੍ਹੇ-ਲਿਖੇ ਨੌਜਵਾਨ ਲੜਕੇ-ਲੜਕੀਆਂ ਰੁਜ਼ਗਾਰ ਨਾ ਮਿਲਣ ਕਰਕੇ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸਦਾ ਪਤੀ ਅਮਰਜੀਤ ਸਿੰਘ ਵਾਸੀ ਸਹੌਰ ਵੀ ਮਾਰਚ 2006 ਨੂੰ ਸਰਕਾਰੀ ਮਾੜੀ ਨੀਤੀਆਂ ਦਾ ਭੇਂਟ ਚੜ ਗਿਆ ਸੀ ਜੋ ਐਮਏ, ਬੀਏ, ਬੀਐਡ, ਪੀਜੀਡੀਸੀਏ ਤੇ ਸਟੈਨੋ ਦਾ ਕੋਰਸ ਕਰਨ ਪਿੱਛੋਂ ਨੌਕਰੀ ਨਾ ਮਿਲਣ ਕਰਕੇ ਮਾਨਸਿੱਕ ਤੌਰ ’ਤੇ ਪ੍ਰੇਸਾਨ ਰਹਿੰਦੇ ਸੀ। ਜਿਸ ਕਾਰਨ ਉਹ ਸ਼ਰਾਬ ਦਾ ਸੇਵਨ ਕਰਨ ਲੱਗਾ ਤੇ ਆਖਰ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।