ਪਟਵਾਰੀਆਂ ਦੀਆਂ 2721 ਅਸਾਮੀਆਂ ਖਾਲੀ, 161 ਕਾਨੂੰਗੋ ਦੀ ਘਾਟ
-
ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਪਟਵਾਰੀ ਅਤੇ ਕਾਨੂੰਗੋ ਡਟੇ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਸੂਬੇ ਭਰ ਦੇ ਕਾਨੂੰਗੋ ਅਤੇ ਪਟਵਾਰੀਆਂ ਵੱਲੋਂ ਵਾਧੂ ਚਾਰਜ ਛੱਡਣ ਤੋਂ ਬਾਅਦ ਪੰਜਾਬ ਭਰ ਦੇ 8 ਹਜਾਰ ਪਿੰਡਾਂ ਅੰਦਰ ਮਾਲ ਵਿਭਾਗ ਦਾ ਕੰਮ ਠੱਪ ਹੋ ਗਿਆ ਹੈ। ਕਾਨੂੰਗੋ ਅਤੇ ਪਟਵਾਰੀਆਂ ਵੱਲੋਂ ਅੱਜ ਤੋਂ ਵਾਧੂ ਚਾਰਜ ਛੱਡਣ ਤੋਂ ਬਾਅਦ ਲੋਕਾਂ ਨੂੰ ਆਪਣੀਆਂ ਫਰਦਾਂ, ਰਜਿਸਟਰੀਆਂ ਦੇ ਇੰਤਕਾਲ ਸਮੇਤ ਹੋਰ ਕੰਮ ਕਰਵਾਉਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪਟਵਾਰੀਆਂ ਅਤੇ ਕਾਨੂੰਗੋ ਦਾ ਤਰਕ ਹੈ ਕਿ ਉਨ੍ਹਾਂ ’ਤੇ ਸਰਕਾਰ ਵੱਲੋਂ ਵਾਧੂ ਭਾਰ ਪਾਇਆ ਹੋਇਆ ਹੈ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਹਨ।
ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਅੰਦਰ ਪਟਵਾਰੀਆਂ ਦੀਆਂ 4716 ਆਸਾਮੀਆਂ ਹਨ, ਇਨ੍ਹਾਂ ’ਚੋਂ ਸਿਰਫ 1995 ਅਸਾਮੀਆਂ ’ਤੇ ਹੀ ਪਟਵਾਰੀ ਕੰਮ ਕਰ ਰਹੇ ਹਨ ਜਦਕਿ 2721 ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਕਾਨੂੰਗੋ ਦੀਆਂ ਪੰਜਾਬ ਵਿੱਚ 661 ਆਸਾਮੀਆਂ ਹਨ । ਇਨ੍ਹਾਂ ਵਿੱਚੋਂ 500 ਅਸਾਮੀਆਂ ਭਰੀਆਂ ਹੋਈਆਂ ਹਨ ਜਦਕਿ 161 ਆਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਸਾਰੀਆਂ ਖਾਲੀਆਂ ਅਸਾਮੀਆਂ ਦੇ ਚੱਲਦਿਆਂ ਪਟਵਾਰੀਆਂ ਅਤੇ ਕਾਨੂੰਗੋ ਨੂੰ ਵਾਧੂ ਸਰਕਲਾਂ ਦਾ ਕੰਮ ਸੌਂਪਿਆ ਹੋਇਆ ਹੈ ।
ਇੱਕ ਕਾਨੂੰਗੋ ਅਤੇ ਪਟਵਾਰੀ ਕੋਲ ਕਈ-ਕਈ ਹਲਕਿਆਂ ਦਾ ਕੰਮ ਸੰਭਾਲਿਆ ਹੋਇਆ ਹੈ। ਇਸ ਦੌਰਾਨ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀ ਭਰਤੀ 2016 ਵਿੱਚ ਕੀਤੀ ਗਈ ਸੀ। ਉਸ ਵਕਤ 1227 ਪਟਵਾਰੀ ਭਰਤੀ ਕੀਤੇ ਸਨ ਪਰ ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ 400 ਪਟਵਾਰੀ ਕੰਮ ਛੱਡ ਗਏ ਹਨ। ਸਰਕਾਰ ਵੱਲੋਂ ਮਾਲ ਪਟਵਾਰੀਆਂ ਨੂੰ ਤਿੰਨ ਸਾਲ ਦਾ ਪ੍ਰੋਵੈਸਨਲ ਪੀਅਰਡ ਅਤੇ ਡੇਢ ਸਾਲ ਦੀ ਟੇ੍ਰਨਿੰਗ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ। ਇਨ੍ਹਾਂ ਪਟਵਾਰੀਆਂ ਨੂੰ ਲਗਭਗ ਪੰਜ ਸਾਲਾਂ ਬਾਅਦ ਹੀ ਪੂਰੀ ਤਨਖਾਹ ਹਾਸਲ ਹੁੰਦੀ ਹੈ ਜਦਕਿ ਨਹਿਰੀ ਪਟਵਾਰੀਆਂ ਨੂੰ ਪੱਕਾ ਹੋਇਆਂ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ।
ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਮੈਂਬਰ ਤਾਲਮੇਲ ਕਮੇਟੀ ਪੰਜਾਬ ਸੁਖਵਿੰਦਰ ਸਿੰਘ ਸੁੱਖੀ, ਜ਼ਿਲ੍ਹਾ ਕਾਨੂੰਗੋ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਅਮਰੀਕ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਭਰ ਅੰਦਰ ਬਿਨਾਂ ਮਿਹਨਤਾਨੇ ਤੋਂ ਵਾਧੂ ਸਰਕਲਾਂ ਦੇ ਸੌਂਪੇ ਕੰਮ ਨੂੰ ਪਟਵਾਰੀਆਂ ਅਤੇ ਕਾਨੂੰਗੋ ਵੱਲੋਂ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਵਾਰੀਆਂ ਅਤੇ ਕਾਨੂੰਗੋ ਵੱਲੋਂ ਆਪਣੀਆਂ ਮੰਗਾਂ ਸਬੰਧੀ ਐਫਸੀਆਰ ਵਿਭਾਗ ਸਮੇਤ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਹੋਇਆ ਹੈ ਜਦਕਿ ਕਈ ਮੰਗਾਂ ਦਾ ਹੱਲ ਵੀ ਕਰ ਦਿੱਤਾ ਗਿਆ, ਪਰ ਸਰਕਾਰ ਵੱਲੋਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਅੜੀਅਲ ਰਵੱਈਏ ਕਾਰਨ ਕਾਨੂੰਗੋ ਤੇ ਪਟਵਾਰੀਆਂ ਵੱਲੋਂ ਉਕਤ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ’ਚ 1996 ਤੋਂ ਸੀਨੀਅਰ ਜੂਨੀਅਰ ਪਟਵਾਰੀਆਂ ਦੀ ਪੇਅ ਅਨਾਮਲੀ ਦੂਰ ਕਰਨਾ, ਪਟਵਾਰਖਾਨਿਆਂ ਨੂੰ ਸਹੂਲਤਾਂ ਮੁਤਾਬਕ ਅਪਗ੍ਰੇਡ ਕਰਨਾ, ਨਵੇਂ ਪਟਵਾਰਖਾਨੇ ਬਣਾਉਣਾ, ਪਟਵਾਰੀਆਂ ਨੂੰ ਦਫਤਰੀ ਕੰਮ ਲਈ ਲੈਪਟਾਪ ਮੁਹੱਈਆ ਕਰਵਾਉਣਾ, ਦਫਤਰੀ ਭੱਤਾ ਵਧਾਉਣਾ, ਪਟਵਾਰੀਆਂ ਦੀ ਘਾਟ ਕਾਰਨ ਨਵੀਂ ਭਰਤੀ ਕਰਨਾ ਆਦਿ ਹਨ, ਜਿਸ ਨੂੰ ਸਰਕਾਰ ਵੱਲੋਂ ਅਣਡਿੱਠ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਦੇ ਜ਼ਿਲ੍ਹੇ ’ਚ 400 ਪਿੰਡਾਂ ਦਾ ਕੰਮ ਬੰਦ
ਐਡੀਸ਼ਨਲ ਚਾਰਜ ਛੱਡਣ ਕਾਰਨ ਇਕੱਲੇ ਮੁੱਖ ਮੰਤਰੀ ਦੇ ਜ਼ਿਲ੍ਹਾ ਪਟਿਆਲਾ ਅੰਦਰ ਹੀ 259 ਸਰਕਲਾਂ ਵਿੱਚੋਂ 111 ਪਟਵਾਰ ਸਰਕਲ ਤੇ 7 ਕਾਨੂੰਗੋ ਸਰਕਲ ਬਿਨਾਂ ਪਟਵਾਰੀ ਤੇ ਕਾਨੂੰਗੋ ਤੋਂ ਹੋ ਜਾਣਗੇ। ਇਸ ਨਾਲ ਲਗਭਗ 400 ਪਿੰਡਾਂ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਹੋ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਹ ਕੰਮ ਉਸ ਸਮੇਂ ਤੱਕ ਬੰਦ ਰਹੇਗਾ, ਜਦੋਂ ਤੱਕ ਸਰਕਾਰ ਮੰਗਾਂ ਨੂੰ ਪ੍ਰਵਾਨ ਨਹੀਂ ਕਰ ਲੈਂਦੀ। ਉਨ੍ਹਾ ਕਿਹਾ ਕਿ ਲੋਕਾਂ ਨੂੰ ਜੋ ਵੀ ਮੁਸ਼ਕਿਲ ਆਵੇਗੀ, ਇਸ ਦਾ ਜਿੰਮੇਵਾਰ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਹੋਣਗੇ।
7 ਪਟਵਾਰ ਸਰਕਲਾਂ ਪਿੱਛੇ ਇੱਕ ਕਾਨੂੰਗੋ ਦੀ ਤਜ਼ਵੀਜ ਮਨਜੂਰ, ਪਰ ਲਾਗੂ ਨਹੀਂ
ਦੀ ਰੈਵਨਿਊ ਪਟਵਾਰ ਯੂਨੀਅਨ ਦੇ ਆਗੂ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ 7 ਪਟਵਾਰ ਸਰਕਲਾਂ ਪਿੱਛੇ ਇੱਕ ਕਾਨੂੰਗੋ ਦੀ ਤਜ਼ਵੀਜ਼ ਮਨਜੂਰ ਹੋ ਚੁੱਕੀ ਹੈ ਪਰ ਸਰਕਾਰ ਇਸਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਹੁਣ 10 ਪਟਵਾਰ ਸਰਕਲਾਂ ਪਿੱਛੇ ਇੱਕ ਕਾਨੁੂੰਗੋ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਡਸੀਨਲ ਚਾਰਜ ਕਾਰਨ ਕਾਨੂੰਗੋ ਅਤੇ ਪਟਵਾਰੀਆਂ ਨੂੰ ਕੰਮ ਦਾ ਵਾਧੂ ਬੋਝ ਸਹਿਣਾ ਪੈ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।