ਮਹਿੰਗਾਈ ਨੇ ਕੀਤਾ ਨੱਕ ’ਚ ਦਮ

Inflation Sachkahoon

ਮਹਿੰਗਾਈ ਨੇ ਕੀਤਾ ਨੱਕ ’ਚ ਦਮ

ਭਾਜਪਾ ਸਰਕਾਰ ਨੇ ਦੂਜੀ ਵਾਰ ਸਤਾ ਵਿੱਚ ਆਉਣ ’ਤੇ ਦੇਸ਼ ਵਾਸੀਆਂ ਨੂੰ ਕਿਹਾ ਸੀ ਕਿ ਭਾਰਤ ਵਾਸੀਆਂ ਦੇ ਅੱਛੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ, ਪਰ ਹੋਇਆ ਸਭ ਇਸ ਦੇ ਉਲਟ ਹੀ ਹਰ ਰੋਜ਼ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਕੇਂਦਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ, ਜਿਸ ਨਾਲ ਮਹਿੰਗਾਈ ਨੇ ਸਿਖਰਾਂ ਨੂੰ ਛੂਹ ਲਿਆ ਹੈ। ਹਰ ਰੋਜ਼ ਕਮਾਈ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨਾ ਵੀ ਹੁਣ ਮੁਸ਼ਕਲ ਹੋ ਗਿਆ ਹੈ। ਇੱਕ ਦਿਹਾੜੀਦਾਰ ਬੰਦਾ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਰਸੋਈ ਦੀ ਜਰੂਰਤ ਲਈ ਜਰੂਰੀ ਵਸਤਾਂ ਵੀ ਨਹੀਂ ਖਰੀਦ ਸਕਦਾ। ਗਰੀਬ ਵਰਗ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਦਾਲਾਂ, ਘਿਓ, ਸਰੋਂ੍ਹ ਦੇ ਤੇਲ ਦੇ ਭਾਅ ਦੋ ਮਹੀਨਿਆਂ ਵਿੱਚ ਦੁੱਗਣੇ ਹੋ ਗਏ।

ਹਰ ਰੋਜ਼ ਪਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਦਵਾਈਆਂ ਦੀਆਂ ਕੀਮਤਾਂ ਵਧ ਰਹੀਆਂ ਹਨ ਪ੍ਰਾਈਵੇਟ ਸੈਕਟਰ ਵਿਚ ਮਿਹਨਤ ਦੀ ਲੁੱਟ ਹੀ ਲੁੱਟ। ਜਿੱਧਰ ਸਰਕਾਰਾਂ ਦਾ ਕੋਈ ਧਿਆਨ ਹੀ ਨਹੀਂ ਪ੍ਰਾਈਵੇਟ ਡਾਕਟਰ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ। ਘਰੇਲੂ ਰਸੋਈ ਵਿੱਚ ਲੋੜੀਂਦੇ ਸਾਮਾਨ ਦੀਆਂ ਵਧੀਆਂ ਕੀਮਤਾਂ ਨੇ ਭੁੱਖਮਰੀ ਵੱਲ ਧੱਕ ਕੇ ਰੱਖ ਦਿੱਤਾ ਹੈ। ਪਟਰੋਲ-ਡੀਜ਼ਲ ਦੀਆਂ ਕੀਮਤਾਂ ਕੱਚੇ ਕਰੂਡ ਦੇ ਰੇਟ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ, ਜਦ ਕਰੂਡ ਦਾ ਰੇਟ ਵਧ ਜਾਵੇ ਤਾਂ ਪਟਰੋਲ਼-ਡੀਜ਼ਲ ਦੀਆਂ ਕੀਮਤਾਂ ਬੜੀ ਤੇਜ਼ੀ ਨਾਲ ਵਧ ਜਾਂਦੀਆਂ ਹਨ, ਜਦ ਕਰੂਡ ਦੀ ਕੀਮਤ ਘਟ ਜਾਵੇ ਤਾਂ ਸਰਕਾਰ ਲੋਕਾਂ ਨਾਲ ਮਜ਼ਾਕ ਕਰਦੀ ਨਜ਼ਰ ਆਉਂਦੀ ਹੈ।

ਕਿਸਾਨ ਖੁਦਕੁਸ਼ੀ ਦਾ ਸਹੀ ਕਾਰਨ ਕਿਸੇ ਵੀ ਸਰਕਾਰ ਨੇ ਨਹੀਂ ਲੱਭਿਆ ਸੂਬਾ ਸਰਕਾਰਾਂ ਆਪਣੇ ਵੋਟ ਬੈਂਕ ਦੀ ਖਾਤਰ ਸੋਚਦੀਆਂ ਹਨ ਕਿ ਜੇਕਰ ਕਿਸਾਨਾਂ ਦਾ ਥੋੜ੍ਹਾ-ਬਹੁਤਾ ਕਰਜਾ ਮੁਆਫ ਕਰ ਦਿੱਤਾ ਜਾਵੇ ਇਸ ਨਾਲ ਕਿਸਾਨ ਖੁਦਕੁਸ਼ੀ ਰੁਕ ਸਕਦੀ ਹੈ ਤਾਂ ਇਹ ਸਰਕਾਰਾਂ ਦਾ ਸੋਚਣਾ ਗਲਤ ਸਾਬਤ ਹੋਇਆ ਹੈ। ਨਾ ਤਾਂ ਕਰਜਾ ਮੁਆਫੀ ਨਾਲ, ਨਾ ਬਿਜਲੀ ਮੁਫਤ ਨਾਲ, ਨਾ ਹੀ ਕੋਈ ਹੋਰ ਬੀਜ਼ ਅਤੇ ਖਾਦ ਸਬਸਿਡੀ ਨਾਲ ਕਿਸਾਨ ਖੁਦਕੁਸ਼ੀ ਰੁਕਣ ਦਾ ਨਾਂਅ ਹੀ ਨਹੀਂ ਲੈਂਦੀ। ਸਰਕਾਰਾਂ ਨੂੰ ਖਾਦਾਂ, ਕੀੜੇਮਾਰ ਦਵਾਈਆਂ, ਤੇਲ ਆਦਿ ਦੇ ਰੇਟ ਵਧਾਉਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਿੱਚ ਵਾਧਾ ਹੋਣਾ ਚਾਹੀਦਾ ਸੀ ਤਾਂ ਜੋ ਕਿਸਾਨਾਂ ਦੀ ਲਾਗਤ ਨਾਲੋਂ ਫਸਲ ਦਾ ਵੱਧ ਤੋਂ ਵੱਧ ਮੁੱਲ ਦਿੱਤਾ ਜਾਵੇ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਜਿਸ ਨਾਲ ਕਿਸਾਨ ਖੁਸ਼ਹਾਲ ਹੋਵੇ, ਖੂਦਕੁਸ਼ੀ ਦਾ ਰਾਹ ਤਿਆਗੇ।

ਸਾਡੇ ਮੁਲਕ ਦੇ ਪੰਦਰਾਂ ਤੋਂ ਵੀਹ ਫੀਸਦੀ ਘਰਾਂ ਦੀ ਆਮਦਨ ਪੱਚੀ ਹਜ਼ਾਰ ਤੋਂ ਤੀਹ ਹਜ਼ਾਰ ਰੁਪਏ ਮਹੀਨਾ ਹੈ। ਨੱਬੇ ਫੀਸਦੀ ਦੁਕਾਨਦਾਰਾਂ ਦੀ ਇੱਕ ਦਿਨ ਦੀ ਵਿਕਰੀ ਤਿੰਨ ਹਜ਼ਾਰ ਰੁਪਏ ਤੋਂ ਵੀ ਘੱਟ ਹੈ, ਜਿਸ ਵਿੱਚ ਸੱਠ ਫੀਸਦੀ ਦੁਕਾਨਦਾਰਾਂ ਦੀ ਇੱਕ ਦਿਨ ਵਿੱਚ ਦੋ ਹਜ਼ਾਰ ਰੁਪਏ ਤੋਂ ਘੱਟ ਅਤੇ ਤੀਹ ਫੀਸਦੀ ਅਜਿਹੇ ਦੁਕਾਨਦਾਰ ਹਨ ਜਿਨ੍ਹਾਂ ਦੀ ਇੱਕ ਦਿਨ ਦੀ ਵਿਕਰੀ ਹਜ਼ਾਰ ਰੁਪਏ ਤੋਂ ਵੀ ਘੱਟ ਹੈ ਅਤੇ ਦੇਸ਼ ਦੇ ਉਹ ਦਸ ਫੀਸਦੀ ਲੋਕ, ਜਿਹੜੇ ਦੇਸ਼ ਅਤੇ ਸਰਕਾਰ ਨੂੰ ਲੁੱਟ ਰਹੇ ਹਨ, ਇਨ੍ਹਾਂ ਦਸ ਫੀਸਦੀ ਲੋਕਾਂ ਨੇ ਭਾਰਤ ਦੀਆਂ ਬੈਂਕਾਂ ਨੂੰ ਕੰਗਾਲ ਕਰ ਰੱਖਿਆ ਹੈ।

ਬੇਰੁਜਗਾਰੀ ਭਾਰਤ ਵਿਚ ਇੰਨੀ ਜ਼ਿਆਦਾ ਹੈ ਕਿ ਇਹ ਹਰ ਘਰ ਦੇ ਬੂਹੇ ’ਤੇ ਖੜ੍ਹੀ ਨਜ਼ਰ ਆਉਂਦੀ ਹੈ। ਦੇਸ਼ ਦੇ ਲੀਡਰ ਆਪਣੀ ਲੀਡਰੀ ਚਮਕਾਉਣ ਲਈ ਬੇਟੀ ਪੜ੍ਹਾਓ ਦੇ ਨਾਅਰੇ ਦਿੰਦੇ ਹਨ। ਅੱਜ ਉਹ ਲੀਡਰ ਉਸ ਮਾਂ-ਬਾਪ ਤੋਂ ਜਾ ਕੇ ਪੁੱਛਣ ਕਿ ਤੁਹਾਡੀ ਬੇਟੀ ਕਿੰਨਾ ਪੜ੍ਹੀ ਹੈ? ਅੱਜ ਦੇ ਸਮੇਂ ਗਰੀਬ ਮਾਂ-ਬਾਪ ਆਪਣੇ ਬੱਚਿਆਂ ਪੁੱਤਰ ਹੋਵੇ ਜਾਂ ਧੀ ਲੱਖਾਂ ਰੁਪਏ ਪੜ੍ਹਾਈ ’ਤੇ ਖਰਚ ਕੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾ ਰਹੇ ਹਨ ਪਰ ਸਰਕਾਰ ਇਨ੍ਹਾਂ ਉੱਚ ਡਿਗਰੀ ਪ੍ਰਾਪਤ ਬੱਚਿਆਂ ਦੇ ਨਾਲ ਖਿਲਵਾੜ ਕਰ ਰਹੀ ਹੈ।

ਬੱਚਿਆਂ ਨੂੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਨਹੀਂ ਮਿਲਦੀ। ਬੱਚੇ ਉੱਚ ਡਿਗਰੀ ਪ੍ਰਾਪਤ ਕਰਕੇ ਆਪਣਾ ਛੋਟਾ-ਮੋਟਾ ਕੰਮ ਕਰਨਾ ਨਹੀਂ ਚਾਹੁੰਦੇ। ਸਰਕਾਰ ਨੂੰ ਇੰਨ੍ਹਾਂ ਬੱੱਚਿਆਂ ਦੇ ਭਵਿੱਖ ਬਾਰੇ ਵੱਧ ਤੋਂ ਵੱਧ ਸੋਚਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਪੜ੍ਹੇ-ਲਿਖੇ ਬੱਚੇ ਦੇਸ਼ ਦਾ ਭਵਿੱਖ, ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ, ਜੇ ਇਸ ਤਰ੍ਹਾਂ ਆਪਣੇ ਦੇਸ਼ ਦਾ ਭਵਿੱਖ ਦੇਸ਼ ਤੋਂ ਬਾਹਰ ਜਾਂਦਾ ਰਿਹਾ ਤਾਂ ਸੋਚੋ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਕੀ ਹਾਲ ਹੋਵੇਗਾ? ਸਰਕਾਰ ਨੂੰ ਭਾਰਤ ਦੇ ਅੱਛੇ ਦਿਨ ਆਉਣ ਵਾਲੇ ਹਨ, ਬਾਰੇ ਮੁੜ ਸੋਚਣਾ ਹੋਵੇਗਾ ਕਿਉਂਕਿ ਦੇਸ਼ ਦੀ ਜਨਤਾ ਦੇ ਅੱਛੇ ਦਿਨ ਤਾਂ ਕੀ ਆਉਣੇ ਸਨ ਸਗੋਂ ਵਧੀ ਮਹਿੰਗਾਈ ਨੇ ਜੋ ਪਹਿਲਾਂ ਅੱਛੇ ਦਿਨ ਸਨ ਉਹ ਵੀ ਖੋਹ ਲਏ ਹਨ। ਸਰਕਾਰ ਨੂੰ ਵਧ ਰਹੀ ਮਹਿੰਗਾਈ ਨਾਲ ਭਾਰਤ ਵਾਸੀਆਂ ਦੇ ਹਾਲਾਤ ਵੱਲ ਧਿਆਨ ਦੇਣ ਦੀ ਲੋੜ ਹੈ।

ਗੁਰਜੀਵਨ ਸਿੰਘ ਸਿੱਧੂ, ਨਥਾਣਾ, ਬਠਿੰਡਾ
ਮੋ. 94170-79435

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।