ਜਿੰਨ੍ਹਾਂ ਦੀਆਂ ਰਗਾਂ ’ਚ ਵਹਿੰਦਾ ਖ਼ੂਨ ਦਾ ਕਤਰਾ ਕਤਰਾ ਲੋੜਵੰਦਾਂ ਲਈ ਹਰ ਸਮੇਂ ਹੈ ਤਿਆਰ
ਸੁਖਨਾਮ ਰਤਨ, ਬਠਿੰਡਾ। ਖ਼ੂਨਦਾਨ ਦੇ ਖੇਤਰ ’ਚ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਨੇ ਟ੍ਰਿਊ ਬਲੱਡ ਪੰਪ ਦਾ ਨਾਮ ਦਿੱਤਾ ਹੈ ਲੱਖਾਂ ਯੂਨਿਟ ਨਹੀਂ ਲੱਖਾਂ ਲੀਟਰ ਖ਼ੂਨਦਾਨ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਇਹ ਯੋਧੇ ਸਿਰਫ਼ ਦੇਸ਼ ਹੀ ਨਹੀਂ ਵਿਦੇਸ਼ਾਂ ’ਚ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਇਨਸਾਨੀਅਤ ਦਾ ਝੰਡਾ ਬੁਲੰਦ ਕਰ ਰਹੇ ਹਨ। ਇਹ ਸੇਵਾਦਾਰ ਦਿਨ, ਰਾਤ, ਗਰਮੀ, ਸਰਦੀ, ਧੁੱਪ, ਮੀਂਹ, ਹਨ੍ਹੇਰੀ ਅਤੇ ਕਿਸੇ ਵੀ ਮੁਸ਼ਿਕਲ ਹਾਲਾਤਾਂ ਦੀ ਪ੍ਰਵਾਹ ਕੀਤੇ ਬਿਨਾਂ ਜਿੱਥੇ ਵੀ ਲੋੜ ਪਵੇ ਬਿਨ੍ਹਾਂ ਦੇਰੀ ਕੀਤੇ ਪਹੁੰਚ ਕੀਮਤੀ ਜਾਨਾਂ ਬਚਾਉਣ ’ਚ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ।
ਇਨ੍ਹਾਂ ਸੇਵਾਦਾਰਾਂ ਦੇ ਬੁਲੰਦ ਹੌਂਸਲੇ ਸਦਕਾ ਹੀ ਕਈ ਵਾਰ ਸੈਂਕੜੇ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਵੀ ਖ਼ੂਨਦਾਨ ਕਰਨ ਲਈ ਪਹੁੰਚਣ ਵਾਲੇ ਇਹ ਸੇਵਾਦਾਰ ਆਪਣੀ ਕਿਸਮਤ ’ਤੇ ਨਾਜ ਕਰਦੇ ਹਨ ਕਿ ਉਹ ਕਿਸੇ ਦੇ ਕੰਮ ਆ ਸਕੇ ਅਤੇ ਇਹ ਸਿਰਫ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਦੇ ਚਲਦਿਆਂ ਹੀ ਸੰਭਵ ਹੋਇਆ ਹੈ।
World Blood Donor Day:
ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਲੋਕ ਘਰਾਂ ’ਚੋਂ ਬਾਹਰ ਨਿੱਕਲਣ ਤੋਂ ਵੀ ਕਤਰਾਉਂਦੇ ਸਨ, ਅਜਿਹੇ ਸਮੇਂ ’ਚ ਸੇਵਾਦਾਰਾਂ ਨੇ ਬਲੱਡ ਬੈਂਕਾਂ ’ਚ ਜਾ ਕੇ ਵੱਡੀ ਗਿਣਤੀ ’ਚ ਖ਼ੂਨਦਾਨ ਕੀਤਾ ਅੱਜ ਵਿਸ਼ਵ ਖ਼ੂਨ ਦਾਤਾ ਦਿਵਸ ਮੌਕੇ ਦੇਸ਼-ਦਿਵੇਸ਼ ਦੇ ਹਰ ਇੱਕ ਖ਼ੂਨਦਾਨੀ ਨੂੰ ਸਾਡਾ ਸਲਾਮ ਹੈ ਜੋ ਅਨਮੋਲ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ’ਚ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ ਅਜਿਹੇ ਹੀ ਕੁਝ ਖ਼ੂਨਦਾਨੀ ਸੇਵਾਦਾਰ ਬਲਾਕ ਬਠਿੰਡਾ ’ਚ ਹਨ ਜੋ 50 ਤੋਂ ਜਿਆਦਾ ਵਾਰ ਖ਼ੂਨਦਾਨ ਕਰ ਚੁੱਕੇ ਹਨ ਧੰਨ ਹਨ ਅਜਿਹੇ ਸੇਵਾਦਾਰ ਜੋ ਖੂਨਦਾਨ ਕਰਨ ਉਪਰੰਤ ਤਿੰਨ ਮਹੀਨੇ ਪੂਰੇ ਹੋਣ ਦੀ ਉਡੀਕ ਬੇਸਬਰੀ ਨਾਲ ਕਰਦੇ ਹਨ।
ਅਜਿਹੇ ਹੀ ਖ਼ੂਨਦਾਨੀਆਂ ’ਚ ਸ਼ਾਮਿਲ ਹਨ ਕੌਮੀ ਖਾਦ ਕਾਰਖਾਨੇ ’ਚ ਆਪਣੀਆਂ ਸੇਵਾਵਾਂ ਦੇ ਰਹੇ। ਗੁਰਮੇਲ ਸਿੰਘ ਇੰਸਾਂ ਜੋ 61 ਵਾਰ ਖ਼ੂਨਦਾਨ ਕਰ ਚੁੱਕੇ ਹਨ ਇਸੇ ਤਰ੍ਹਾਂ ਮੈਡੀਕਲ ਖੇਤਰ ’ਚ ਕੰਮ ਕਰਨ ਵਾਲੇ ਕਾਰੋਬਾਰੀ ਸੂਰਜ ਇੰਸਾਂ 54 ਵਾਰ ਖ਼ੂਨਦਾਨ ਕਰ ਚੁੱਕੇ ਹਨ ਪ੍ਰਾਈਵੇਟ ਕੰਮ ਕਰਨ ਵਾਲੇ ਗੌਰਵ ਇੰਸਾਂ ਹੁਣ ਤੱਕ 52 ਵਾਰ ਖ਼ੂਨਦਾਨ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ’ਤੇ ਲਗਭਗ ਜਦੋਂ ਤਿੰਨ ਮਹੀਨੇ ਪੂਰੇ ਹੋਣ ਵਾਲੇ ਹੁੰਦੇ ਹਨ ਤਾਂ ਖ਼ੂਨਦਾਨ ਸੰਮਤੀ ਦੇ ਸੇਵਾਦਾਰਾਂ ਦੇ ਫੋਨ ਦੀ ਉਡੀਕ ਰਹਿੰਦੀ ਹੈ ਅਤੇ ਲਗਾਤਾਰ ਫੋਨ ਕਰਕੇ ਉਨ੍ਹਾਂ ਨੂੰ ਪੁੱਛਦੇ ਵੀ ਰਹਿੰਦੇ ਹਾਂ ਖ਼ੂਨਦਾਨ ਕਰਕੇ ਜੋ ਖੁਸ਼ੀ ਮਿਲਦੀ ਹੈ ਬਿਆਨ ਨਹੀਂ ਕਰ ਸਕਦੇ।
ਇਸ ਤੋਂ ਇਲਾਵਾ ਕੁਝ ਅਜਿਹੇ ਵੀ ਸੇਵਾਦਾਰ ਹਨ ਜਿੰਨ੍ਹਾਂ ਨੇ 18 ਸਾਲ ਦੀ ਉਮਰ ਹੋਣ ’ਤੇ ਪਹਿਲੀ ਵਾਰ ਖ਼ੂਨਦਾਨ ਕਰਕੇ ਖ਼ੂਨ ਦਾਨ ਦੇ ਖੇਤਰ ’ਚ ਪਹਿਲੀ ਪੁਲਾਂਘ ਪੁੱਟੀ ਹੈ ਕੁਝ ਸੇਵਾਦਾਰ ਉਸ ਦਿਨ ਦੀ ਉਡੀਕ ’ਚ ਵੀ ਹਨ ਕਿ ਕਦੋਂ ਉਨ੍ਹਾਂ ਦੀ ਉਮਰ 18 ਸਾਲ ਦੀ ਹੋਵੇਗੀ ਅਤੇ ਉਹ ਖੂਨਦਾਨ ਕਰਕੇ ਆਪਣੀ ਸਮਾਜ ਪ੍ਰਤੀ ਜਿੰਮੇਵਾਰੀ ਨਿਭਾਉਣਗੇ ਇੱਥੇ ਸਿਰਫ ਕੁੱਝ ਕੁ ਖੂਨਦਾਨੀ ਸੇਵਾਦਾਰਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ ਜਦੋਂਕਿ ਸੈਂਕੜੇ ਹੋਰ ਅਜਿਹੇ ਖੂਨਦਾਨੀ ਭਾਈ ਅਤੇ ਭੈਣਾਂ ਹਨ ਜੋ ਸਮੇਂ-ਸਮੇਂ ਸਿਰ ਖੂਨਦਾਨ ਕਰਕੇ ਅਨਮੋਲ ਜਿੰਦਗੀਆਂ ਬਚਾਉਣ ’ਚ ਆਪਣਾ ਯੋਗਦਾਨ ਪਾ ਰਹੇ ਹਨ।
World Blood Donor Day: …ਤੇ ਜਦੋਂ ਪੁਲਿਸ ਅਫਸਰ ਵੀ ਸੁਣ ਕੇ ਹੋਏ ਕਾਇਲ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਆਵਾਂ ’ਤੇ ਚਲਦਿਆਂ ਸਾਡੇ ਪਰਿਵਾਰ ਦੇ ਲਗਭਗ ਸਾਰੇ ਹੀ ਮੈਂਬਰ ਖ਼ੂਨਦਾਨ ਕਰਦੇ ਹਨ ਮੈਂ ਹੁਣ ਤੱਕ 56 ਵਾਰ ਖ਼ੂਨਦਾਨ ਕਰ ਚੁੱਕਾ ਹਾਂ ਇੱਕ ਵਾਰ ਮੈਂ ਕਾਰ ’ਤੇ ਖ਼ੂਨਦਾਨ ਕੈਂਪ ’ਤੇ ਡਿਊਟੀ ਲਈ ਜਾ ਰਿਹਾ ਸੀ ਤਾਂ ਰਸਤੇ ’ਚ ਮੈਨੂੰ ਲਗਾਤਾਰ ਫੋਨ ਆ ਰਹੇ ਸਨ ਜਰੂਰੀ ਹੋਣ ਕਰਕੇ ਮੈਂ ਫੋਨ ਸੁਨਣ ਲੱਗ ਪਿਆ ਅਤੇ ਪੁਲਿਸ ਦੀ ਮੇਰੇ ’ਤੇ ਨਿਗਾਹ ਪੈ ਗਈ।
ਉਹ ਮੈਨੂੰ ਰੋਕ ਕੇ ਚਲਾਨ ਕੱਟਣ ਲੱਗੇ ਉੱਥੇ ਰੁਕਣ ਤੋਂ ਬਾਅਦ ਵੀ ਮੇਰੇ ਇੱਕ ਤੋਂ ਬਾਅਦ ਇੱਕ ਫੋਨ ਆ ਰਹੇ ਸੀ ਪੁਲਿਸ ਅਫਸਰਾਂ ਨੇ ਜਦੋਂ ਫੋਨਾਂ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਮੈਂ ਡੇਰਾ ਸੱਚਾ ਸੌਦਾ ਦਾ ਸੇਵਾਦਾਰ ਹਾਂ ਅਤੇ ਮੈਂ ਖ਼ੂਨਦਾਨ ਕੈਂਪ ’ਤੇ ਜਾ ਰਿਹਾ ਹਾਂ ਸੇਵਾਦਾਰਾਂ ਦੇ ਮੈਨੂੰ ਖ਼ੂਨਦਾਨ ਕਰਨ ਸਬੰਧੀ ਹੀ ਲਗਾਤਾਰ ਫੋਨ ਆ ਰਹੇ ਹਨ ਅਫਸਰਾਂ ਨੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਆਪਣਾ ਅਤੇ ਦੂਸਰਿਆਂ ਦਾ ਖਿਆਲ ਰੱਖੋ ਗੱਡੀ ਚਲਾਉਂਦੇ ਹੋਏ ਫੋਨ ਨਾ ਸੁਣੋ ਅਤੇ ਤੁਸੀਂ ਜਾ ਸਕਦੇ ਹੋ।
-45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ
World Blood Donor Day: ਆਪਣੇ ਖ਼ਰਚੇ ’ਤੇ ਦੂਜੇ ਸੂਬੇ ’ਚ ਜਾ ਕੇ ਕੀਤਾ ਖ਼ੂਨਦਾਨ
ਮੈਂ ਪਵਿੱਤਰ ਧਰਤੀ ਸ੍ਰੀ ਗੁਰੂਸਰ ਮੋਡੀਆ ’ਚ ਪਹਿਲੀ ਵਾਰ ਖ਼ੂਨਦਾਨ ਕੀਤਾ ਸੀ ਅਤੇ ਹੁਣ ਤੱਕ 60 ਤੋਂ ਵੀ ਜਿਆਦਾ ਵਾਰ ਖ਼ੂਨਦਾਨ ਕਰ ਚੁੱਕਾ ਹਾਂ ਦਿੱਲੀ, ਲੁਧਿਆਣਾ, ਚੰਡੀਗੜ੍ਹ, ਪਟਿਆਲਾ, ਭੀਖੀਵਿੰਡ, ਧੂਰੀ, ਸਰਸਾ, ਸ਼ਿਮਲਾ ਅਤੇ ਹੋਰ ਕਈ ਸ਼ਹਿਰਾਂ ’ਚ ਜਾ ਕੇ ਖ਼ੂਨਦਾਨ ਕਰਨ ਦਾ ਮੌਕਾ ਮਿਲਿਆ।
ਇੱਕ ਵਾਰ ਮੈਂ ਟ੍ਰੇਨ ਰਾਹੀਂ ਬਠਿੰਡਾ ਪਹੁੰਚਿਆ ਹੀ ਸੀ ਕਿ ਕਿਸੇ ਨੂੰ ਸ਼ਿਮਲੇ ’ਚ ਖ਼ੂਨ ਦੀ ਜਰੂਰਤ ਪੈ ਗਈ, ਮੈਂ ਉਨ੍ਹਾਂ ਨੂੰ ਕਿਹਾ ਕਿ ਸਵੇਰ ਤੱਕ ਪਹੁੰਚ ਜਾਵਾਂਗਾ ਕਿਉਂਕਿ ਟ੍ਰੇਨ ’ਤੇ ਮੇਰਾ ਸਫਰ ਮੁਫ਼ਤ ਸੀ, ਪ੍ਰੰਤੂ ਖ਼ੂਨ ਦੀ ਐਮਰਜੈਂਸੀ ਜਰੂਰਤ ਸੀ ਮੈਂ ਆਪਣੇ ਖ਼ਰਚੇ ’ਤੇ ਕਾਰ ਕਰਵਾ ਕੇ ਦੁਪਹਿਰ 2 ਵਜੇ ਬਠਿੰਡਾ ਤੋਂ ਚੱਲਿਆ ਅਤੇ ਰਾਤ 9 ਵਜੇ ਸ਼ਿਮਲਾ ਜਾ ਕੇ ਖ਼ੂਨਦਾਨ ਕੀਤਾ ਖ਼ੂਨਦਾਨ ਕਰਨ ਉਪਰੰਤ ਮੈਂ ਵਾਪਿਸ ਬਠਿੰਡਾ ਪਹੁੰਚਿਆ ਅਤੇ ਫੇਰ ਟ੍ਰੇਨ ਲੈ ਕੇ ਅੰਬਾਲਾ ਲਈ ਰਵਾਨਾ ਹੋ ਗਿਆ।
– ਰਿਟਾ. ਰੇਲਵੇ ਡਰਾਈਵਰ ਜਤਿੰਦਰ ਇੰਸਾਂ
ਖ਼ੂਨਦਾਨ ਕਰਕੇ ਭਰੇ ਜਿੰਦਗੀ ’ਚ ਖੁਸ਼ੀਆਂ ਦੇ ਰੰਗ
ਮੈਂ ਹੁਣ ਤੱਕ 53 ਵਾਰ ਖ਼ੂਨਦਾਨ ਕਰ ਚੁੱਕਾ ਹਾਂ ਜਦੋਂ ਮੈਂ ਖ਼ੂਨਦਾਨ ਕਰਨ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਸਮੇਂ ਇੱਕ ਡਲਿਵਰੀ ਕੇਸ ’ਚ ਖ਼ੂਨਦਾਨ ਕੀਤਾ ਸੀ, ਹੁਣ ਵੀ ਜਦੋਂ ਕਿਤੇ ਉਸ ਮਹਿਲਾ ਦਾ ਕੋਈ ਪਰਿਵਾਰਕ ਮੈਂਬਰ ਬਜ਼ਾਰ ’ਚ ਜਾਂ ਰਾਹ ’ਚ ਮਿਲਦਾ ਹੈ ਤਾਂ ਮੇਰਾ ਧੰਨਵਾਦ ਕਰਨਾ ਨਹੀਂ ਭੁੱਲਦੇ ਉਹ ਹਮੇਸ਼ਾਂ ਹੀ ਕਹਿੰਦੇ ਹਨ ਕਿ ਉਸ ਸਮੇਂ ਤੁਹਾਡੇ ਕੀਤੇ ਖੂਨਦਾਨ ਨੇ ਮੇਰੀ ਜਿੰਦਗੀ ’ਚ ਖੁਸ਼ੀਆਂ ਦੇ ਰੰਗ ਭਰ ਦਿੱਤੇ ਹਨ।-ਕੱਪੜਾ ਵਪਾਰੀ ਪੰਕਜ ਇੰਸਾਂ
ਹਰ ਸਮੇਂ ਤਿਆਰ ਰਹਿੰਦੇ ਹਨ ਸੇਵਾਦਾਰ : ਜਿੰਮੇਵਾਰ ਸੇਵਾਦਾਰ
ਖ਼ੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਇੰਸਾਂ, ਤਰਸੇਮ ਇੰਸਾਂ, ਗੁਰਸ਼ਰਨ ਇੰਸਾਂ, ਵਿਸ਼ਾਲ ਇੰਸਾਂ ਅਤੇ 15 ਮੈਂਬਰ ਗਗਨ ਇੰਸਾਂ ਨੇ ਕਿਹਾ ਕਿ ਬਲਾਕ ਬਠਿੰਡਾ ਦੇ ਸੇਵਾਦਾਰ ਹਰ ਸਮੇਂ ਖ਼ੂਨਦਾਨ ਕਰਨ ’ਚ ਮੋਹਰੀ ਹਨ ਜਦੋਂ ਵੀ ਸੇਵਾਦਾਰਾਂ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਖ਼ੂਨਦਾਨ ਕਰਨ ਲਈ ਪਹੁੰਚੇ ਜਾਂਦੇ ਹਨ ਅਜਿਹੇ ਸੇਵਾਦਾਰਾਂ ਨੂੰ ਪ੍ਰਣਾਮ ਹੈ ਜੋ ਸਤਿਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਖੁਸ਼ੀਆਂ ਨਾਲ ਝੋਲੀਆਂ ਭਰ ਰਹੇ ਹਨ।
ਖ਼ੂਨਦਾਨੀਆਂ ਨੂੰ ਦਿਲੋਂ ਸਲਾਮ : ਵਿਜੇ ਭੱਟ
ਅੱਜ ਵਿਸ਼ਵ ਖ਼ੂਨ ਦਾਤਾ ਦਿਵਸ ’ਤੇ ਵਿਸ਼ਵ ਦੇ ਸਾਰੇ ਹੀ ਖ਼ੂਨਦਾਨੀ ਵਧਾਈ ਦੇ ਪਾਤਰ ਹਨ ਜੋ ਖੂਨਦਾਨ ਕਰਕੇ ਇਸਾਨੀਅਤ ਦਾ ਫਰਜ਼ ਨਿਭਾ ਰਹੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ ਮੈੈਂ ਇਨ੍ਹਾਂ ਸੇਵਾਦਾਰਾਂ ਨੂੰ ਦਿਲੋਂ ਸਲਾਮ ਕਰਦਾ ਹਾਂ ਜੋ ਖ਼ੂਨਦਾਨ ਦੇ ਖੇਤਰ ਵਿੱਚ ਆ ਰਹੀ ਕ੍ਰਾਂਤੀ ’ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਅਜਿਹੇ ਇਨਸਾਨ ਹਮੇਸ਼ਾਂ ਹੀ ਸਮਾਜ ’ਚ ਸਨਮਾਨ ਹਾਸਲ ਕਰਦੇ ਹਨ ਜੋ ਦੂਜਿਆਂ ਦੇ ਕੰਮ ਆਉਂਦੇ ਹਨ ਉਨ੍ਹਾਂ ਦੱਸਿਆ ਕਿ ਹਰ ਸਾਲ 14 ਜੂਨ ਨੂੰ ਸ਼ਹਿਰ ’ਚ ਖ਼ੂਨਦਾਨੀਆਂ ਦੇ ਸਨਮਾਨ ’ਚ ਇੱਕ ਕਾਫਲਾ ਕੱਢਿਆ ਜਾਂਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਖ਼ੂਨਦਾਨੀਆਂ ਦੀ ਨਗਰੀ ਹੈ, ਪ੍ਰੰਤੂ ਕੋਰੋਨਾ ਕਾਰਨ ਹੁਣ ਅਜਿਹਾ ਸੰਭਵ ਨਹੀਂ ਹੈ ਉਨ੍ਹਾਂ ਕਿਹਾ ਕਿ ਖ਼ੂਨਦਾਨੀਆਂ ਦਾ ਸਨਮਾਨ ਕਰੋ ਤਾਂ ਜੋ ਇਸ ਲਹਿਰ ਨੂੰ ਘਰ-ਘਰ ਪਹੁੰਚਾਇਆ ਜਾ ਸਕੇ।
14 ਜੂਨ ਨੂੰ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਖ਼ੂਨਦਾਤਾ ਦਿਵਸ
ਆਸਟਰੀਆ ਦੇ ਸ਼ਹਿਰ ਵਿਆਨਾ ’ਚ 14 ਜੂਨ 1868 ਨੂੰ ਜਨਮੇਂ ਏਬੀਓ ਬਲੱਡ ਗਰੁੱਪਾਂ ਦੀ ਖੋਜ ਕਰਨ ਵਾਲੇ ਨੋਬਲ ਪ੍ਰਾਈਜ ਜੇਤੂ ਕਾਰਲ ਲੈਂਡਸਟੀਨਰ ਦੇ ਜਨਮ ਦਿਨ ਨੂੰ ਵਿਸ਼ਵ ਖ਼ੂਨਦਾਤਾ ਦਿਵਸ ਵਜੋਂ ਮਨਾਇਆ ਜਾਾਂਦਾ ਹੈ ਉਨ੍ਹਾਂ 1901 ਵਿੱਚ ਏਬੀਓ ਬਲੱਡ ਗਰੁੱਪਾਂ ਦੀ ਖੋਜ ਕੀਤੀ ਅਤੇ ਉਨ੍ਹਾਂ ਦੀ ਇਸ ਉਪਲੱਬਧੀ ’ਤੇ 1930 ’ਚ ਫਿਜਿਓਲੋਜੀ/ਮੈਡੀਸਨ ਦੇ ਖੇਤਰ ਦਾ ਨੋਬਲ ਪ੍ਰਾਈਜ ਦਿੱਤਾ ਗਿਆ ਕਾਰਲ ਲੈਂਡਸਟੀਨਰ ਕਾਨੂੰਨ ਦੇ ਡਾਕਟ੍ਰੇਟ ਮੰਨੇ-ਪ੍ਰਮੰਨੇ ਪੱਤਰਕਾਰ ਅਤੇ ਨਿਊਜ਼ ਪੇਪਰ ਪਬਲਿਸ਼ਰ ਲੀਓਪੋਲਡ ਲੈਂਡਸਟੀਨਰ ਦੇ ਪੁੱਤਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।