ਪਾਵਰਕੌਮ ਨੂੰ 9 ਕਰੋੜ ਤੋਂ ਵੱਧ ਦਾ ਹੋਇਆ ਨੁਕਸਾਨ, ਸਾਊਥ ਜੋਨ ਹੋਇਆ ਸਭ ਤੋਂ ਵੱਧ ਪ੍ਰਭਾਵਿਤ
-
ਲਾਈਟ ਨਾ ਆਉਣ ਕਾਰਨ ਲੋਕਾਂ ’ਚ ਹਾਹਾਕਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਿਛਲੇ ਦਿਨੀਂ ਆਏ ਤੇਜ ਤੁਫ਼ਾਨ ਕਾਰਨ ਦਿਹਾਤੀ ਖੇਤਰਾਂ ਅੰਦਰ 48 ਘੰਟੇ ਬੀਤੇ ਜਾਣ ਦੇ ਬਾਵਜੂਦ ਵੀ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ। ਇਸ ਤੁਫ਼ਾਨ ਦੀ ਤਬਾਹੀ ਨਾਲ ਪਾਵਰਕੌਮ ਦੇ 5172 ਖੰਭੇ ਨੁਕਸਾਨੇ ਗਏ ਹਨ ਜਦਕਿ 941 ਟਰਾਂਸਫਾਰਮਰ ਢਹਿ ਢੇਰੀ ਹੋਏ ਹਨ। ਪਾਵਰਕੌਮ ਨੂੰ ਇਸ ਤੁਫ਼ਾਨ ਨਾਲ 9 ਕਰੋੜ ਤੋਂ ਵੱਧ ਦਾ ਨੁਕਸਾਨ ਪੁੱਜਿਆ ਹੈ। ਇੱਧਰ ਝੋਨੇ ਦੀ ਲਵਾਈ ਵੀ ਇਸ ਤੁਫ਼ਾਨ ਨੇ ਪ੍ਰਭਾਵਿਤ ਕੀਤੀ ਹੈ, ਕਿਉਂਕਿ ਬਹੁਤੇ ਥਾਂਈ ਅਜੇ ਟਿਊਬਵੈੱਲਾਂ ਨੂੰ ਵੀ ਬਿਜਲੀ ਬਹਾਲ ਨਹੀਂ ਹੋ ਸਕੀ।
ਇਕੱਤਰ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡਾਂ ਸਮੇਤ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਅੰਦਰ ਵੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਇਸ ਤੋਂ ਪਟਿਆਲਾ ਸ਼ਹਿਰ ਨਾਲ ਲੱਗਦੇ ਜੋੜੀਆਂ ਸੜਕਾਂ ਤੇ ਵੀ 48 ਬੀਤੇ ਜਾਣ ਤੋਂ ਬਾਅਦ ਵੀ ਅਜੇ ਤੱਕ ਬਿਜਲੀ ਸਪਲਾਈ ਚਾਲੂ ਨਹੀਂ ਹੋਈ। ਰਾਜਪੁਰਾ ਵਿਖੇ ਕਈ ਖੇਤਰਾਂ ਵਿੱਚ ਲਗਭਗ 44 ਘੰਟਿਆਂ ਬਾਅਦ ਬਿਜਲੀ ਸਪਲਾਈ ਚਾਲੂ ਹੋਈ ਹੈ। ਪਾਵਰਕੌਮ ਨੂੰ ਸਭ ਤੋਂ ਵੱਧ ਨੁਕਸਾਨ ਸਾਊਥ ਜੋਨ ’ਚ ਪੁੱਜਿਆ ਹੈ। ਇਸ ਜੋਨ ਵਿੱਚ ਪਟਿਆਲਾ, ਸੰਗਰੂਰ, ਮੁਹਾਲੀ, ਬਰਨਾਲਾ, ਰੋਪੜ ਆਦਿ ਜ਼ਿਲ੍ਹੇ ਆਉਂਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਪਟਿਆਲਾ ਅਤੇ ਮੁਹਾਲੀ ਜ਼ਿਲ੍ਹੇ ਹੋਏ ਹਨ।
ਸਾਊਥ ਜੋਨ ਵਿੱਚ ਪਾਵਰਕੌਮ ਨੂੰ 4 ਕਰੋੜ 81 ਲੱਖ ਤੋਂ ਵੱਧ ਦਾ ਨੁਕਸਾਨ ਪੁੱਜਿਆ ਹੈ। ਅੱਜ ਕਈ ਥਾਂਈ ਦਿਹਾਤੀ ਖੇਤਰਾਂ ਵਿੱਚ ਲੋਕਾਂ ਵੱਲੋਂ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਪ੍ਰਰਦਸ਼ਨ ਦੀ ਵੀ ਖਬਰ ਹੈ। ਇੱਧਰ ਪਾਵਰਕੌਮ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਮੁਲਾਜ਼ਮਾਂ ਦੀ ਘਾਟ ਹੀ ਬਿਜਲੀ ਸਪਲਾਈ ਸਮੇਂ ਸਿਰ ਬਹਾਲ ਹੋਣ ’ਚ ਅੜਿੱਕਾ ਬਣ ਰਹੀ ਹੈ। ਉਂਜ ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਪੂਰੀ ਸਿੱਦਤ ਨਾਲ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰੱਖਤ ਜਿਆਦਾ ਡਿੱਗਣ ਕਾਰਨ ਹੀ ਵੱਡਾ ਨੁਕਸਾਨ ਹੋਇਆ ਹੈ ਅਤੇ ਕਈ ਖੇਤਰਾਂ ’ਚ ਤਾ ਲਾਈਨਾਂ ਹੀ ਉੱਖੜ ਗਈਆਂ ਹਨ। ਜਿਸ ਕਾਰਨ ਬਿਜਲੀ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। 10 ਜੂਨ ਤੋਂ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਚਾਲੂ ਕੀਤੀ ਗਈ ਸੀ ਅਤੇ ਕਿਸਾਨਾਂ ਵੱਲੋਂ ਝੋਨਾਂ ਲਾਉਣ ਲਈ ਤੇਜੀ ਕੀਤੀ ਗਈ ਸੀ, ਪਰ ਲਾਈਟ ਨਾ ਆਉਣ ਕਾਰਨ ਝੋਨੇ ਦੀ ਲਵਾਈ ਵੀ ਪ੍ਰਭਾਵਿਤ ਹੋਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਦੋਂ ਬਾਰ ਆਏ ਝੱਖੜ ਨੇ ਵੀ ਪਾਵਰਕੌਮ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਸੀ।
ਰਹਿੰਦੀ ਸਪਲਾਈ ਵੀ ਜਲਦੀ ਹੋਵੇਗੀ ਬਹਾਲ : ਡਾਇਰੈਕਟਰ ਡ੍ਰਿਸਟੀਬਿਊਸ਼ਨ
ਇੱਧਰ ਪਾਵਰਕੌਮ ਦੇ ਡਾਇਰੈਕਟਰ ਡ੍ਰਿਸਟੀਬਿਊਸ਼ਨ ਸ੍ਰੀ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਦਿਨ ਰਾਤ ਮੁਸੱਕਤ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ 5-7 ਫੀਸਦੀ ਹੀ ਬਿਜਲੀ ਸਪਲਾਈ ਬਹਾਲ ਹੋਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖੇਤਰਾਂ ਵਿੱਚ ਬਿਜਲੀ ਸਪਲਾਈ ਅਜੇ ਚਾਲੂ ਨਹੀਂ ਹੋ ਸਕੀ ਉਨ੍ਹਾਂ ਖੇਤਰਾਂ ਵਿੱਚ ਜਲਦੀ ਬਿਜਲੀ ਸਪਲਾਈ ਚਾਲੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਝੱਖੜ ਕਾਰਨ ਨੁਕਸਾਨ ਹੀ ਬਹੁਤ ਹੋਇਆ ਹੈ ਅਤੇ ਉਨ੍ਹਾਂ ਦੇ ਮੁਲਾਜ਼ਮ ਲਗਾਤਾਰ ਸਪਲਾਈ ਦਰੁੱਸਤ ਕਰਨ ’ਚ ਲੱਗੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।