97 ਤੋਂ ਪਿੱਛੋਂ ਬਸਪਾ ਦੀ ਝੋਲੀ ਖਾਲੀ, ਬੁਰੀ ਤਰ੍ਹਾਂ ਡਿੱਗਿਆ ਵੋਟ ਬੈਂਕ
ਸੰਗਰੂਰ, (ਗੁਰਪ੍ਰੀਤ ਸਿੰਘ)। ਪੰਜਾਬ ਦੀ ਰਾਜਨੀਤੀ ਵਿੱਚ ਅੱਜ ਇੱਕ ਹੋਰ ਅਧਿਆਇ ਜੁੜ ਗਿਆ ਹੈ ਲਗਭਗ ਦੋ ਦਹਾਕਿਆਂ ਤੋਂ ਬਾਅਦ ਪੁਰਾਣੇ ਸਿਆਸੀ ਸਾਥੀ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਵਿੱਚ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਇਸ ਗਠਜੋੜ ਕਾਰਨ ਭਾਵੇਂ ਪੰਜਾਬ ਦੀਆਂ ਸਿਆਸੀ ਫਿਜ਼ਾਵਾਂ ਵਿੱਚ ਇੱਕ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਬਹੁਜਨ ਸਮਾਜ ਪਾਰਟੀ ਦੇ ਸਹਾਰੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਕਿਉਂਕਿ ਪੰਜਾਬ ਵਿੱਚ ਬਸਪਾ ਦਾ ਪਿਛਲੇ ਪੱਚੀ ਸਾਲਾਂ ਤੋਂ ਇੱਕ ਵੀ ਵਿਧਾਇਕ ਜਿੱਤ ਨਹੀਂ ਸਕਿਆ ਕੀ ਗਠਜੋੜ ਬਸਪਾ ਦਾ 25 ਸਾਲਾਂ ਦਾ ਸੋਕਾ ਖ਼ਤਮ ਕਰ ਸਕਦਾ ਹੈ ਇਹ ਵੱਡਾ ਸਵਾਲ ਹੋਵੇਗਾ।
ਮੌਜ਼ੂਦਾ ਸਮੇਂ ’ਚ ਪੰਜਾਬ ’ਚ ਬਹੁਜਨ ਸਮਾਜ ਪਾਰਟੀ ਸਿਆਸਤ ’ਚ ਬਿਲਕੁਲ ਨੁੱਕਰੇ ਲੱਗ ਚੁੱਕੀ ਹੈ ਬਸਪਾ ਦਾ ਵੋਟ ਬੈਂਕ ਬੁਰੀ ਤਰ੍ਹਾਂ ਖਿੰਡ ਚੁੱਕਿਆ ਹੈ ਪੰਜਾਬ ਵਿੱਚ ਬਸਪਾ ਦੀ ਲੀਡਰਸ਼ਿਪ ਵਿੱਚ ਲੰਮੇ ਸਮੇਂ ਤੋਂ ਕੋਈ ਇਕਜੁਟਤਾ ਨਾ ਹੋਣ ਕਾਰਨ ਕਈ ਧੜੇ ਬਣ ਕੇ ਖਿੰਡ ਪੁੰਡ ਚੁੱਕੇ ਹਨ ਬਸਪਾ ਦੀ ਕਮਾਂਡ ਜਦੋਂ ਕਾਸ਼ੀ ਰਾਮ ਦੇ ਹੱਥ ਵਿੱਚ ਸੀ ਉਸ ਸਮੇਂ ਪੰਜਾਬ ਦੀ ਲੀਡਰਸ਼ਿਪ ਦੀ ਤੂਤੀ ਬੋਲਦੀ ਸੀ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ 9 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਅਤੇ ਉਸ ਨੂੰ ਪੂਰੇ ਸੂਬੇ ਵਿੱਚੋਂ 17 ਫੀਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ ਜੋ ਕਿ ਆਪਣੇ ਆਪ ਵਿੱਚ ਕਾਫ਼ੀ ਸ਼ਾਨਦਾਰ ਅੰਕੜਾ ਸੀ ਸਮੇਂ ਦੇ ਗੇੜ ਵਿੱਚ ਬਸਪਾ ਦੇ ਆਗੂਆਂ ਵਿੱਚ ਖਹਿਬਾਜ਼ੀ ਹੋਣ ਕਾਰਨ ਸਤਨਾਮ ਕੈਂਥ, ਹਰਭਜਨ ਲਾਖਾ, ਪਵਨ ਕੁਮਾਰ ਟੀਨੂੰ ਵਰਗੇ ਕੱਦਾਵਰ ਆਗੂਆਂ ਨੇ ਆਪਣੇ-ਆਪ ਨੂੰ ਬਸਪਾ ਤੋਂ ਵੱਖ ਕਰ ਲਿਆ ਇਸ ਤੋਂ ਬਾਅਦ ਦਲਿਤ ਆਗੂ ਦੇਵੀ ਦਾਸ ਨਾਹਰ ਵੱਲੋਂ ਬਸਪਾ (ਅੰਬੇਦਕਰ) ਬਣਾ ਲਈ, ਭਾਵੇਂ ਇਸ ਨਾਹਰ ਦੇ ਗਰੁੱਪ ਨੂੰ ਕੋਈ ਖ਼ਾਸ ਸਫ਼ਲਤਾ ਤਾਂ ਨਹੀਂ ਮਿਲੀ ਪਰ ਬਸਪਾ ਨੂੰ ਅੰਦਰੂਨੀ ਤੋਂ ਇਸ ਦਾ ਕਾਫ਼ੀ ਨੁਕਸਾਨ ਹੋਇਆ।
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਬੁਰੀ ਤਰ੍ਹਾਂ ਪਾਟੋ-ਧਾੜ ਹੋ ਗਈ ਤੇ ਮੁਸ਼ਕਿਲ ਨਾਲ ਸਿਰਫ਼ ਇੱਕ ਸੀਟ ਜਿੱਤ ਕੇ ਸੂਪੜਾ ਸਾਫ਼ ਹੋਣ ਤੋਂ ਬਚ ਗਈ ਗੜ੍ਹਸ਼ੰਕਰ ਦੀ ਸੀਟ ਤੋਂ ਸ਼ਿੰਗਾਰਾ ਰਾਮ ਨੇ ਮਹਿਜ 800 ਵੋਟਾਂ ਨਾਲ ਜਿੱਤ ਹਾਸਲ ਕਰਕੇ ਉਸਦੀ ਲਾਜ ਰੱਖੀ ਸੀ ਇਨ੍ਹਾਂ ਚੋਣਾਂ ਵਿੱਚ ਬਸਪਾ ਦਾ ਵੋਟ ਬੈਂਕ ਸੁੰਗੜ ਕੇ 6.37 ਫੀਸਦੀ ’ਤੇ ਆ ਗਿਆ ਤੇ ਵੱਡੀ ਗਿਣਤੀ ਬਸਪਾ ਆਗੂਆਂ ਦੀ ਜ਼ਮਾਨਤ ਰਾਸ਼ੀ ਵੀ ਜ਼ਬਤ ਹੋ ਗਈ।
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਪੂਰੇ ਪੰਜਾਬ ’ਚ 100 ਸੀਟਾਂ ਤੇ ਚੋਣ ਲੜੀ ਸੀ ਪਰ ਇਨ੍ਹਾਂ ਚੋਣਾਂ ਵਿੱਚ ਉਸ ਦਾ ਹਾਲ 1997 ਵਾਲਾ ਹੀ ਰਿਹਾ ਇਨ੍ਹਾਂ ਚੋਣਾਂ ਵਿੱਚ ਵੀ ਬਸਪਾ ਦੇ ਹਿੱਸੇ ਸਿਰਫ਼ ਸਿਫ਼ਰ ਦਾ ਅੰਕੜਾ ਹੀ ਆਇਆ ਤੇ ਅੱਧੇ ਤੋਂ ਜ਼ਿਆਦਾ ਬਸਪਾ ਆਗੂ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਇਨ੍ਹਾਂ ਚੋਣਾਂ ਵਿੱਚ ਬਸਪਾ ਦਾ ਵੋਟ ਬੈਂਕ 5.67 ਫੀਸਦੀ ’ਤੇ ਆ ਗਿਆ ਇਸ ਤੋਂ ਬਾਅਦ 2007 ਵਿੱਚ 115 ਸੀਟਾਂ ਤੇ ਚੋਣਾਂ ਲੜੀਆਂ ਸੀ ਪਰ ਇੱਥੇ ਵੀ ਕੋਈ ਸਫ਼ਲਤਾ ਹਾਸਲ ਨਹੀਂ ਹੋਈ ਬਸਪਾ ਦਾ ਵੋਟ ਬੈਂਕ ਇਨ੍ਹਾਂ ਚੋਣਾਂ ਵਿੱਚ ਹੋਰ ਵੀ ਘਟ ਕੇ 4.13 ਫੀਸਦੀ ’ਤੇ ਆ ਗਿਆ 2012 ਵਿੱਚ ਬਸਪਾ ਨੇ ਇੱਕ ਵਾਰ ਫਿਰ ਸਾਰੀਆਂ ਸੀਟਾਂ ਤੇ ਚੋਣ ਲੜੀ ਪਰ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਤੇ ਵੋਟ ਬੈਂਕ 4.27 ਫੀਸਦੀ ਤੇ ਪਹੁੰਚ ਗਿਆ।
ਬਹੁਜਨ ਸਮਾਜ ਪਾਰਟੀ ਦਾ ਸਭ ਤੋਂ ਮਾੜਾ ਹਾਲ 2017 ਹੋਇਆ ਇਨ੍ਹਾਂ ਚੋਣਾਂ ਵਿੱਚ ਬਸਪਾ ਦਾ ਵੋਟ ਬੈਂਕ 1.52 ਫੀਸਦੀ ’ਤੇ ਆ ਗਿਆ ਇਨ੍ਹਾਂ ਚੋਣਾਂ ਵਿੱਚ ਬਸਪਾ ਦੇ ਸਾਰੇ ਉਮੀਦਵਾਰਾਂ ਨੂੰ ਸਿਰਫ਼ 2,34, 400 ਵੋਟਾਂ ਹੀ ਪਈਆਂ 2017 ਵਿੱਚ ਬਸਪਾ ਦਾ ਅਤਿ ਦੇ ਮਾੜੇ ਪ੍ਰਦਰਸ਼ਨ ਦਾ ਕਾਰਨ ਆਮ ਆਦਮੀ ਪਾਰਟੀ ਨੂੰ ਮੰਨਿਆ ਜਾ ਰਿਹਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਦਲਿਤ ਵੋਟ ਬੈਂਕ ਦਾ ਇੱਕ ਵੱਡਾ ਹਿੱਸਾ ਆਮ ਆਦਮੀ ਪਾਰਟੀ ਦੀ ਝੋਲੀ ਜਾ ਪਿਆ ਜਿਸ ਕਾਰਨ ਬਸਪਾ ਦਾ ਪ੍ਰਦਰਸ਼ਨ ਬੁਰੀ ਤਰ੍ਹਾਂ ਨਿਵਾਣ ਨੂੰ ਆ ਗਿਆ।
ਪੰਜਾਬ ਵਿੱਚ ਬਸਪਾ ਦਾ ਹੁਣ ਤੱਕ ਦਾ ਪ੍ਰਦਰਸ਼ਨ
ਸਾਲ ਜਿੱਤੀਆਂ ਸੀਟਾਂ ਵੋਟ ਫੀਸਦੀ
1992 09 ਸੀਟਾਂ 16.32 ਫੀਸਦੀ
1997 01 ਸੀਟ 7.48 ਫੀਸਦੀ
2002 00 5.69 ਫੀਸਦੀ
2007 00 4.13 ਫੀਸਦੀ
2012 00 4.29 ਫੀਸਦੀ
2017 00 1.52 ਫੀਸਦ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।