ਪੰਜਾਬ ’ਚ ਝੱਖੜ ਨੇ ਪਾਵਰਕੌਮ ਦੇ ਪੈਰ ਉਖਾੜੇ, ਕਰੋੜਾਂ ਦਾ ਨੁਕਸਾਨ

ਹਜ਼ਾਰਾਂ ਖੰਭੇ, ਸੈਂਕੜੇ ਟਰਾਂਸਫਾਰਮਰ ਅਤੇ ਲਾਈਨਾਂ ਡਿੱਗੀਆਂ

  • ਬਿਜਲੀ ਸਪਲਾਈ ਸਬੰਧੀ 1 ਲੱਖ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ,
  • ਕਈ ਇਲਾਕਿਆਂ ’ਚ ਦੇਰ ਰਾਤ ਤੱਕ ਨਹੀਂ ਹੋ ਸਕੀ ਸਪਲਾਈ ਬਹਾਲ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਸੂਬੇ ਅੰਦਰ ਬੀਤੀ ਰਾਤ ਅਏ ਤੇਜ਼ ਝੱਖੜ ਨੇ ਵੱਡੀ ਤਬਾਹੀ ਮਚਾਈ ਹੈ। ਝੱਖੜ ਨਾਲ ਸਭ ਤੋਂ ਵੱਧ ਨੁਕਸਾਨ ਪਾਵਰਕੌਮ ਨੂੰ ਪੁੱਜਿਆ ਹੈ। ਪਾਵਰਕੌਮ ਦੇ ਹਜ਼ਾਰਾਂ ਖੰਭੇ ਅਤੇ ਸੈਂਕੜੇ ਟਰਾਂਸਫਾਰਮਰ ਅਤੇ ਦਰਜ਼ਨਾਂ ਲਾਇਨਾਂ ਢਹਿ ਢੇਰੀ ਕਰ ਦਿੱਤੀਆਂ ਹਨ। ਆਲਮ ਇਹ ਹੈ ਕਿ ਕਈ ਖੇਤਰਾਂ ਅੰਦਰ ਤਾਂ ਅੱਜ ਦੇਰ ਰਾਤ ਤੱਕ ਬਿਜਲੀ ਬਹਾਲ ਨਹੀਂ ਹੋ ਸਕੀ ਸੀ।

ਜਾਣਕਾਰੀ ਮੁਤਾਬਕ ਬੀਤੀ ਰਾਤ ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮੋਗਾ, ਲੁਧਿਆਣਾ, ਰੋਪੜ ਅਤੇ ਸੰਗਰੂਰ ਆਦਿ ਜ਼ਿਲ੍ਹਿਆਂ ਅੰਦਰ ਭਾਰੀ ਝੱਖੜ ਤੇ ਮੀਂਹ ਪੈਣ ਅਤੇ ਇਸ ਨਾਲ ਵੱਡਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਮੌਸਮ ਵਿਭਾਗ ਨੇ ਕੱਲ੍ਹ ਸ਼ਾਮ ਹੀ ਇਹ ਝੱਖਣ ਚੱਲਣ, ਮੀਂਹ ਪੈਣ ’ਤੇ ਬਿਜਲੀ ਚਮਕਣ ਦੀ ਚੇਤਾਵਨੀ ਦੇ ਦਿੱਤੀ ਸੀ। ਪਾਵਰਕੌਮ ਕੋਲ ਅਜੇ ਟੁੱਟੇ ਅਤੇ ਲੀਹੋਂ ਲੱਥੇ ਸਮਾਨ ਦੇ ਪੂਰੇ ਵੇਰਵੇ ਨਹੀਂ ਪੁੱਜੇ ਹਨ ਪਰ ਨੁਕਸਾਨ ਕਰੋੜਾਂ ਵਿੱਚ ਦੱਸਿਆ ਜਾ ਰਿਹਾ ਹੈ। ਅਣਗਿਣਤ ਥਾਵਾਂ ’ਤੇ ਬਿਜਲੀ ਦੇ ਖੰਭੇ, ਟਰਾਂਸਫਾਰਮਰ ਤੇ ਵੱਡੀਆਂ ਸਪਲਾਈ ਲਾਈਨਾਂ ਟੁੱਟ ਗਈਆਂ ਹਨ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ’ਤੇ ਬਿਜਲੀ ਸਪਲਾਈ ਪ੍ਰਭਾਵਤ ਹੋਈ ਹੈ।

725 ਕੇ ਵੀ ਏ ਦੀ ਮੋਗਾ-ਮੇਰਠ ਲਾਈਨ ਦਾ ਟਾਵਰ ਜੋੜੇਮਾਜਰਾ ਕੋਲ ਟੁੱਟ ਗਿਆ ਹੈ। ਭਾਵੇਂ ਕਿ ਸਵੇਰੇ ਸੁਵੱਖਤੇ ਹੋਏ ਨੁਕਸਾਨ ਦਾ ਜਾਇਜਾ ਲੈਣ ਦਾ ਕੰਮ ਸ਼ੁਰੂ ਹੋਇਆ ਸੀ ਜੋ ਇਹ ਖਬਰ ਲਿਖਣ ਤੱਕ ਜਾਰੀ ਸੀ ਪਰ ਝੱਖੜ ਤੇ ਮੀਂਹ ਦੀ ਬਦੌਲਤ ਬੀਤੀ ਰਾਤ ਪਾਵਰਕੌਮ ਕੋਲ ਬਿਜਲੀ ਸਬੰਧੀ ਇੱਕ ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਪਾਵਰਕੌਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਡੀ ਆਈ ਐਸ ਗਰੇਵਾਲ ਦਾ ਕਹਿਣਾ ਹੈ ਕਿ ਪਾਵਰਕੌਮ ਹਾਲੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ ਪਰ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਹਿਸਾਬ ਲਾਇਆ ਜਾ ਰਿਹਾ ਹੈ ਤੇ ਉਨ੍ਹਾਂ ਪੁਸ਼ਟੀ ਕੀਤੀ ਕਿ ਕਰੋੜਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ , ਗੁਰਦਾਸਪੁਰ, ਲੁਧਿਆਣਾ ਤੇ ਰੋਪੜ ਆਦਿ ਤੇ ਹੋਰਨਾਂ ਵਿਚ ਮੀਂਹ ਕਾਰਨ ਨੁਕਸਾਨ ਹੋਇਆ ਹੈ ਪਰ ਮਾਲਵਾ ਪੱਟੀ ਦੇ ਜ਼ਿਲ੍ਹਿਆਂ ਪਟਿਆਲਾ, ਸੰਗਰੂਰ ਆਦਿ ਵਿਚ ਤੇਜ਼ ਰਫਤਾਰ ਝੱਖੜ ਕਾਰਨ ਨੁਕਸਾਨ ਹੋਇਆ ਹੈ।

ਝੱਖੜ ਕਾਰਨ ਹਾਲਤ ਇਹ ਬਣ ਗਏ ਹਨ ਕਿ ਜਿਥੇ ਸ਼ਹਿਰੀ ਇਲਾਕਿਆਂ ਵਿਚ ਬਿਜਲੀ ਕੱਲ੍ਹ ਸ਼ਾਮ ਤੋਂ ਗੁਲ ਹੈ, ਉਥੇ ਹੀ ਪੇਂਡੂ ਇਲਾਕਿਆ ਵਿਚ ਟੁੱਟੇ ਹੋਏ ਟਰਾਂਸਫਾਰਮਰ, ਖਿਲਰੀਆਂ ਬਿਜਲੀ ਸਪਲਾਈ ਤਾਰਾਂ ਤੇ ਇੱਥੋਂ ਤੱਕ ਵੱਡੀਆਂ ਸਪਲਾਈ ਲਾਈਨਾਂ ਵੀ ਖਿੰਡੀਆਂ ਪੁੰਡੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਪੂਰੀ ਮਿਹਨਤ ਨਾਲ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।