ਮਾਣਯੋਗ ਅਦਾਲਤ ਨੇ ਮੁਲਜ਼ਮ ਭੇਜੇ ਜੁਡੀਸ਼ੀਅਲ ਰਿਮਾਂਡ ’ਤੇ
ਸੱਚ ਕਹੂੰ ਨਿਊਜ਼, ਫਰੀਦਕੋਟ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ 28 ਮਈ ਨੂੰ ਗ੍ਰਿਫ਼ਤਾਰ ਕੀਤੇ ਗਏ ਛੇ ਡੇਰਾ ਸ਼ਰਧਾਲੂਆਂ ’ਚੋਂ ਅੱਜ ਪੁਲਿਸ ਰਿਮਾਂਡ ’ਤੇ ਚੱਲ ਰਹੇ ਦੋ ਜਣਿਆਂ ਨੂੰ ਵੀ ਮਾਣਯੋਗ ਅਦਾਲਤ ਨੇ 10 ਜੂਨ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਗ੍ਰਿਫ਼ਤਾਰੀ ਦੌਰਾਨ ਲੰਬਾ ਸਮਾਂ ਪੁਲਿਸ ਰਿਮਾਂਡ ’ਤੇ ਰਹੇ ਡੇਰਾ ਸ਼ਰਧਾਲੂਆਂ ਕੋਲੋਂ ਜਾਂਚ ਦੌਰਾਨ ਸਿਟ ਨਵਾਂ ਕੁੱਝ ਵੀ ਸਾਹਮਣੇ ਨਹੀਂ ਲਿਆ ਸਕੀ ਸਗੋਂ ਪੁਰਾਣੀ ਕਹਾਣੀ ਨੂੰ ਹੀ ਦੁਹਰਾਇਆ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਬਚਾਅ ਪੱਖ ਦੇ ਵਕੀਲਾਂ ਐਡਵੋਕੇਟ ਵਿਨੋਦ ਮੋਂਗਾ, ਬਸੰਤ ਸਿੰਘ ਸਿੱਧੂ ਅਤੇ ਵਿਵੇਕ ਗੁਲਬਧਰ ਨੇ ਦੱਸਿਆ ਕਿ ਥਾਣਾ ਬਾਜਾਖਾਨਾ ਵਿਖੇ ਦਰਜ਼ ਮੁਕੱਦਮਾ ਨੰਬਰ 117 ’ਚ ਪੁਲਿਸ ਰਿਮਾਂਡ ’ਤੇ ਚੱਲ ਰਹੇ ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਨੂੰ ਸਿਟ ਨੇ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਕਿ ਹੁਣ ਤੱਕ ਦੇ ਰਿਮਾਂਡ ਦੌਰਾਨ ਜੇਕਰ ਕੁੱਝ ਬਰਾਮਦ ਨਹੀਂ ਹੋਇਆ ਤਾਂ ਹੋਰ ਰਿਮਾਂਡ ਦੀ ਕਿਸ ਅਧਾਰ ’ਤੇ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨੇ ਸੰਨੀ ਅਤੇ ਬਲਜੀਤ ਸਿੰਘ ਨੂੰ 10 ਜੂਨ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ।
ਇਸ ਤੋਂ ਇਲਾਵਾ ਮੁਕੱਦਮਾ ਨੰਬਰ 128 ਦੇ ਸਬੰਧ ’ਚ ਛੇ ਜਣਿਆਂ ਨੂੰ 15 ਜੂਨ ਨੂੰ ਪੇਸ਼ ਕੀਤਾ ਜਾਵੇਗਾ। ਸਿਟ ਨੂੰ ਮੁਲਜ਼ਮਾਂ ਕੋਲੋਂ ਹੁਣ ਤੱਕ ਕੀ ਬਰਾਮਦ ਹੋਇਆ ਹੈ ਜਾਂ ਅਜਿਹਾ ਕੀ ਨਵਾਂ ਤੱਥ ਮਿਲਿਆ ਹੈ ਜਿਸ ਨਾਲ ਉਨ੍ਹਾਂ ਨੂੰ ਸਿਟ ਵੱਲੋਂ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰੇ ਪੁੱਛੇ ਜਾਣ ’ਤੇ ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਸਿਟ ਵੱਲੋਂ ਪੁਰਾਣੀ ਕਹਾਣੀ ਨੂੰ ਹੀ ਦੁਹਰਾਇਆ ਜਾ ਰਿਹਾ ਹੈ ਤੇ ਅਜਿਹਾ ਕੋਈ ਵੀ ਨਵਾਂ ਤੱਥ ਸਾਹਮਣੇ ਨਹੀਂ ਲਿਆ ਸਕੀ ਜਿਸ ਨੂੰ ਆਧਾਰ ਬਣਾ ਕੇ ਉਹ ਮੁਲਜ਼ਮਾਂ ਨੂੰ ਦੋਸ਼ੀ ਠਹਿਰਵਾ ਸਕੇ ।
ਉਨ੍ਹਾਂ ਦੱਸਿਆ ਕਿ ਪੋਸਟਰ ਦੀ ਲਿਖਾਈ ਦਾ ਜਿੱਥੋਂ ਤੱਕ ਮਸਲਾ ਸੀ ਉਸ ਬਾਰੇ ਮਾਣਯੋਗ ਅਦਾਲਤ ਨੂੰ ਜਾਣੂੰ ਕਰਵਾਇਆ ਜਾ ਚੁੱਕਾ ਹੈ ਕਿ ਇਸ ਸਬੰਧੀ ਸੀਬੀਆਈ ਵੱਲੋਂ ਮੁਕੰਮਲ ਜਾਂਚ ਕੀਤੀ ਜਾ ਚੁੱਕੀ ਹੈ ਤੇ ਜੋ ਜਾਂਚ ਹੋ ਚੁੱਕੀ ਹੈ ਉਸਦੇ ਸਬੰਧ ’ਚ ਮੁੜ-ਮੁੜ ਰਿਮਾਂਡ ਦੀ ਮੰਗ ਆਦਿ ਕਰਕੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਸਿਰਫ ਸਮਾਜਿਕ ਤੌਰ ’ਤੇ ਜਲੀਲ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਮਾਣਯੋਗ ਅਦਾਲਤ ’ਚ ਨਿਰਦੋਸ਼ ਸਿੱਧ ਹੋਣਗੇ, ਉਨ੍ਹਾਂ ਨੂੰ ਨਿਆਂ ਪਾਲਿਕਾ ’ਤੇ ਪੂਰਨ ਭਰੋਸਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।