ਡੀ.ਸੀ. ਵੱਲੋਂ ਉਦਯੋਗਿਕ ਘਰਾਣਿਆਂ ਨੂੰ ਅਪੀਲ, ਟੀਕਾਕਰਨ ਮੁਹਿੰਮ ਨੂੰ ਲੋਕ ਲਹਿਰ ਬਣਾਇਆ ਜਾਵੇ

ਤੇਜ਼ ਟੀਕਾਕਰਨ ਮੁਹਿੰਮ, ਤੀਜ਼ੀ ਲਹਿਰ ਤੋਂ ਬਚਾਏਗੀ – ਵਰਿੰਦਰ ਕੁਮਾਰ ਸ਼ਰਮਾ

  • ਹੀਰੋ ਈ-ਸਾਈਕਲ ਵਿਖੇ ਟੀਕਾਕਰਨ ਮੁਹਿੰਮ ਦੀ ਸੁਰੂਆਤ

 ਲੁਧਿਆਣਾ , ਰਾਮ ਗੋਪਾਲ ਰਾਏਕੋਟੀ/ਵਨਰਿੰਦਰ ਸਿੰਘ ਮਣਕੂ। ਸਾਰੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਉਦਯੋਗਿਕ ਅਤੇ ਕਾਰਪੋਰੇਟ ਘਰਾਣਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਕਰਮਚਾਰੀਆਂ ਦੇ ਬਚਾਅ ਲਈ ਜਲਦ ਆਪਣੀਆਂ ਉਦਯੋਗਿਕ ਇਕਾਈਆਂ ਵਿੱਚ ਟੀਕਾਕਰਨ ਕਰਵਾਇਆ ਜਾਵੇ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਹੀਰੋ ਈ-ਸਾਈਕਲ ਧਨਾਂਨਸੂ ਦੇ ਅੰਦਰ 45 ਤੋਂ ਹੇਠਾਂ ਇਕ ਟੀਕਾਕਰਨ ਕੈਂਪ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਕਰਮਚਾਰੀਆਂ ਨੂੰ ਕੋਵਿਡ-19 ਦੇ ਹਮਲੇ ਤੋਂ ਬਚਾਅ ਲਈ ਟੀਕਾਕਰਨ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਸ ਟੀਕਾਕਰਣ ਨਾਲ ਕਵਚਧਾਰੀ ਅਬਾਦੀ ਵਿੱਚ ਵਾਧਾ ਹੋਵੇਗਾ ਅਤੇ ਮਹਾਂਮਾਰੀ ਦੇ ਢਲਾਣ ਵੱਲ ਪਰਤਦਿਆਂ ਜਲਦ ਹੀ ਪਹਿਲਾਂ ਵਾਂਗ ਖੁਸ਼ਹਾਲ ਦਿਨ ਮੁੜ ਆਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਕੋਵਿਡ-19 ਮਹਾਂਮਾਰੀ ਦੀ ਕਿਸੇ ਵੀ ਨਵੀਂ ਲਹਿਰ ਨੂੰ ਵੀ ਰੋਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਟੀਕਾਕਰਣ ਦੀ ਮੁਹਿੰਮ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਲਈ ਸਾਨੂੰ ਸਾਰਿਆਂ ਨੂੰ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਣੀ ਚਾਹੀਦੀ ਅਤੇ ਇਸ ਮਾਰੂ ਵਾਇਰਸ ਤੋਂ ਬਚਾਉਣ ਲਈ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਹੀਰੋ ਈ-ਸਾਈਕਲ ਅਤੇ ਹੋਰ ਉਦਯੋਗਿਕ ਇਕਾਈਆਂ ਵੱਲੋ ਕੀਤੇ ਉੱਦਮ ਦਾ ਸਵਾਗਤ ਕੀਤਾ, ਜਿਨ੍ਹਾਂ ਆਪਣੇ ਕਰਮਚਾਰੀਆਂ ਦੇ ਟੀਕਾਕਰਨ ਲਈ ਦਿਲਚਸਪੀ ਦਿਖਾਈ।

ਉਨ੍ਹਾਂ ਹੀਰੋ ਈ-ਸਾਈਕਲ ਦੇ ਟੀਕਾਕਰਨ ਕਰਵਾਉਣ ਵਾਲੇ ਕਰਮਚਾਰੀਆਂ ਨੂੰ ਵੀ ਆਪਣੇ ਇਲਾਕਿਆਂ ਵਿੱਚ ਵੈਕਸੀਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਉਨ੍ਹਾਂ ਨੂੰ ਮਹਾਂਮਾਰੀ ਦੀ ਲਾਗ ਤੋਂ ਬਚਾਉਣ ਲਈ ਕਵਚ ਦਾ ਕੰਮ ਦੇਵੇਗੀ ਅਤੇ ਜੇਕਰ ਕੰਮਕਾਜ ਕਰਨ ਵੇਲੇ ਉਨ੍ਹਾਂ ਦੇ ਆਪਸੀ ਮੇਲਜੋਲ ਨਾਲ ਲਾਗ ਲੱਗ ਵੀ ਜਾਂਦੀ ਹੈ, ਤਾਂ ਇਹ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਂਦੀ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਵੈਕਸੀਨ ਸੀਟ ਬੈਲਟ ਦੀ ਤਰ੍ਹਾਂ ਕੰਮ ਕਰਦੀ ਹੈ, ਕਾਰ ਸਵਾਰ ਨੂੰ ਸਿਰ ਦੀ ਗੰਭੀਰ ਸੱਟ ਤੋਂ ਬਚਾਉਂਦੀ ਹੈ ਜੋ ਸੜ੍ਹਕ ਹਾਦਸੇ ਦੌਰਾਨ ਮੌਤ ਦਾ ਵੱਡਾ ਕਾਰਨ ਬਣਦਾ ਹੈ। ਇਸੇ ਤਰਾਂ ਵੈਕਸੀਨ ਵੀ ਬਿਮਾਰੀ ਦੀ ਗੰਭੀਰਤਾ ਨੂੰ ਰੋਕਦਾ ਹੈ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਨੋਬਤ ਨਹੀਂ ਆਉਦੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਕਾਂ ਵਿੱਚ ਵੱਡੇ ਪੱਧਰ ‘ਤੇ ਟੀਕਾਕਰਨ ਹੋਇਆ ਹੈ, ਉੱਥੇ ਦੂਜੀ ਲਹਿਰ ਵਿੱਚ ਕੋਵਿਡ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ (ਯ.{ਟੀ.) ਡਾ. ਹਰਜਿੰਦਰ ਸਿੰਘ, ਹੀਰੋ ਸਾਈਕਲ ਦੇ ਐਮ.ਡੀ. ਐਸ.ਕੇ.ਰਾਏ ਅਤੇ ਹੋਰ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।