ਕੋਰੋਨਾ ਮਹਾਂਸੰਕਟ ਨਤੀਜਾ ਹੈ ਵਾਤਾਵਰਨ ਦੀ ਅਣਦੇਖੀ ਦਾ
ਦੁਨੀਆ ਭਰ ਵਿਚ ਵਾਤਾਵਰਨ ਨੂੰ ਸਮਰਪਿਤ ਇਹ ਖਾਸ ਦਿਨ ਇਨਸਾਨਾਂ ਨੂੰ ਕੁਦਰਤੀ ਵਾਤਾਵਰਨ ਪ੍ਰਤੀ ਸੁਚੇਤ ਕਰਨ ਲਈ ਮਨਾਇਆ ਜਾਂਦਾ ਹੈ, ਜਦੋਂ ਉਨ੍ਹਾਂ ਨੂੰ ਇਸ ਦੀ ਸੁਰੱਖਿਆ ਦੀ ਯਾਦ ਦਿਵਾਈ ਜਾਂਦੀ ਹੈ ਇਸ ਵਾਰ ਵਾਤਾਵਰਨ ਦਿਵਸ ਪੰਜ ਜੂਨ ਨੂੰ ਮਨਾਇਆ ਜਾ ਰਿਹਾ ਹੈ ਇਨਸਾਨਾਂ ਅਤੇ ਪ੍ਰਕਿਰਤੀ ਵਿਚਕਾਰ ਡੂੰਘੇ ਸਬੰਧ ਨੂੰ ਦੇਖਦਿਆਂ ਇਹ ਖਾਸ ਤੌਰ ’ਤੇ ਅਹਿਮ ਹੋ ਜਾਂਦਾ ਹੈ । ਇਸ ਵਾਰ ਵਾਤਾਵਰਨ ਦਿਵਸ ਅਜਿਹੇ ਸਮੇਂ ’ਚ ਆ ਰਿਹਾ ਹੈ, ਜਦੋਂ ਪੂਰੀ ਮਾਨਵ ਜਾਤੀ ਇੱਕ ਵੱਡੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਹੀ ਹੈ ਅਤੇ ਦੁਨੀਆ ਗਲੋਬਲ ਵਾਰਮਿੰਗ ਵਰਗੀਆਂ ਚਿੰਤਾਵਾਂ ਨਾਲ ਰੂ-ਬ-ਰੂ ਹੈ ।
ਵਾਤਾਵਰਨ ਨੂੰ ਸਮਰਪਿਤ ਇਹ ਖਾਸ ਦਿਨ ਸਾਨੂੰ ਪ੍ਰਕਿਰਤੀ ਦੇ ਨਾਲ ਤਾਲਮੇਲ ਬਿਠਾਉਣ ਅਤੇ ਉਸ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਕਰਦਾ ਹੈ, ਤਾਂ ਕਿ ਅਸੀਂ ਕੋਰੋਨਾ ਵਰਗੇ ਮਹਾਂਸੰਕਟ ਤੋਂ ਮੁਕਤੀ ਪਾ ਸਕੀਏ ਅਤੇ ਭਵਿੱਖ ’ਚ ਸਾਡੀ ਵਾਤਾਵਰਨ ਜਾਗ੍ਰਿਤੀ ਨਾਲ ਅਜਿਹਾ ਸੰਕਟ ਦੁਬਾਰਾ ਨਾ ਆਵੇ ਲੋਕਾਂ ਨੂੰ ਵਾਤਾਵਰਨ ਦੀ ਅਹਿਮੀਅਤ, ਇਨਸਾਨਾਂ ਤੇ ਵਾਤਾਵਰਨ ਵਿਚਕਾਰਲੇ ਡੂੰਘੇ ਸਬੰਧਾਂ ਨੂੰ ਸਮਝਦੇ ਹੋਏ ਪ੍ਰਕਿਰਤੀ, ਧਰਤੀ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਪੇ੍ਰਰਿਤ ਕੀਤਾ ਜਾਂਦਾ ਹੈ।
ਸਮੁੱਚੀ ਮਨੁੱਖ ਜਾਤੀ ਵਾਤਾਵਰਨ ਦੇ ਵਧਦੇ ਅਸੰਤੁਲਨ ਅਤੇ ਉਸ ਤੋਂ ਉਪਜੀ ਕੋਰੋਨਾ ਮਹਾਂਮਾਰੀ ਤੋਂ ਪਰੇਸ਼ਾਨ ਹੈ ਇੱਧਰ ਤੇਜ਼ ਰਫ਼ਤਾਰ ਨਾਲ ਵਧਦੀ ਦੁਨੀਆ ਦੀ ਅਬਾਦੀ, ਤਾਂ ਦੂਜੇ ਪਾਸੇ ਤੇਜ਼ੀ ਨਾਲ ਘਟ ਰਹੇ ਕੁਦਰਤੀ ਊਰਜਾ ਸਰੋਤ ਸਮੁੱਚੇ ਪ੍ਰਾਣੀ ਜਗਤ ਦੇ ਸਾਹਮਣੇ ਹੋਂਦ ਦੀ ਸੁਰੱਖਿਆ ਦਾ ਵੱਡਾ ਸੰਕਟ ਹੈ ਪਿਛਲੇ ਲੰਮੇ ਸਮੇਂ ਤੋਂ ਅਜਿਹਾ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸੰਸਾਰਿਕ ਪੱਧਰ ’ਤੇ ਵਰਤਮਾਨ ’ਚ ਸਭ ਤੋਂ ਵੱਡੀ ਸਮੱਸਿਆ ਵਾਤਾਵਰਨ ਨਾਲ ਜੁੜੀ ਹੋਈ ਹੈ। ਇਸ ਦੇ ਸੰਤੁਲਨ ਅਤੇ ਸੁਰੱਖਿਆ ਦੇ ਸੰਦਰਭ ’ਚ ਪੂਰਾ ਵਿਸ਼ਵ ਚਿੰਤਤ ਹੈ ।
ਅੱਜ ਧਰਤੀ ਤਬਾਹਕਾਰੀ ਹਾਸ਼ੀਏ ’ਤੇ ਖੜ੍ਹੀ ਹੈ ਸੱਚਮੁੱਚ ਆਦਮੀ ਨੂੰ ਜਾਗਣਾ ਹੋਵੇਗਾ ਜਾਗ ਕੇ ਫ਼ਿਰ ਇੱਕ ਵਾਰ ਆਪਣੇ ਅੰਦਰ ਉਸ ਗੁਆਚੇ ਹੋਏ ਆਦਮੀ ਨੂੰ ਲੱਭਣਾ ਹੈ ਜੋ ਸੱਚ ’ਚ ਗੁਆਚਿਆ ਨਹੀਂ ਹੈ, ਆਪਣੇ ਟੀਚੇ ਤੋਂ ਸਿਰਫ਼ ਭਟਕ ਗਿਆ ਹੈ ਇਹ ਭਟਕਾਅ ਵਾਤਾਵਰਨ ਲਈ ਗੰਭੀਰ ਖ਼ਤਰੇ ਦਾ ਕਾਰਨ ਬਣਿਆ ਹੈ ਪਾਣੀ ਦੇ ਪਰੰਪਰਾਗਤ ਸਰੋਤ ਸੁੱਕ ਰਹੇ ਹਨ । ਵਾਯੂਮੰਡਲ ਦੂਸ਼ਿਤ, ਜ਼ਹਿਰੀਲਾ ਹੋ ਰਿਹਾ ਹੈ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਇਸ ਦੇ ਉਤਪਾਦਨ ’ਚ ਕਮੀ ਆ ਰਹੀ ਹੈ ਭੋਇੰ-ਸੁਰੱਖਿਆ, ਭੋਇੰ-ਖੋਰ, ਦਰਿਆਵਾਂ ਵੱਲੋਂ ਧਾਰਾ ਬਦਲਣਾ ਇਹ ਘਟਨਾਵਾਂ ਆਏ ਦਿਨ ਵਾਪਰ ਹੋ ਰਹੀਆਂ ਹਨ ਹੜ੍ਹ, ਸੋਕਾ, ਅਤੇ ਭੂਚਾਲ ਹਰ ਸਾਲ ਤਬਾਹੀ ਮਚਾ ਰਹੇ ਹਨ।
ਇਸ ਨਾਲ ਮਨੁੱਖ ਦੀ ਆਰਥਿਕ, ਸਮਾਜਿਕ, ਸੱਭਿਆਚਾਰਕ ਖੁਸ਼ਹਾਲੀ ਦੇ ਭਵਿੱਖ ’ਤੇ ਕਈ ਪ੍ਰਸ਼ਨ-ਚਿੰਨ੍ਹ ਉੱਭਰ ਰਹੇ ਹਨ ਵਾਤਾਵਰਨ ਚਿੰਤਾ ਦੀਆਂ ਘੋਰ ਨਿਰਾਸ਼ਾ ਵਿਚਕਾਰ ਇੱਕ ਵੱਡਾ ਸਵਾਲ ਹੈ ਕਿ ਕਿੱਥੇ ਗੁਆਚ ਗਿਆ ਉਹ ਆਦਮੀ ਜੋ ਖੁਦ ਨੂੰ ਕਟਵਾ ਕੇ ਵੀ ਰੁੱਖਾਂ ਨੂੰ ਕੱਟਣ ਤੋਂ ਰੋਕਦਾ ਸੀ? ਚਰਾਂਦਾ ਦਾ ਇੱਕ ਟੁਕੜਾ ਵੀ ਕਿਸੇ ਨੂੰ ਹਥਿਆਉਣ ਨਹੀਂ ਦਿੰਦਾ ਸੀ ਜਿਸ ਲਈ ਪਾਣੀ ਦੀ ਇੱਕ ਬੂੰਦ ਵੀ ਜੀਵਨ ਜਿੰਨੀ ਕੀਮਤੀ ਸੀ ਕਤਲਖਾਨਿਆਂ ’ਚ ਵੱਢੀਆਂ ਜਾਂਦੀਆਂ ਗਾਵਾਂ ਦੀਆਂ ਮਜ਼ਬੂਰ ਚੀਕਾਂ ਜਿਸ ਨੂੰ ਬੇਚੈਨ ਕਰ ਦਿੰਦੀਆਂ ਸਨ ਜੋ ਜੰਗਲੀ ਪਸ਼ੂ-ਪੰਛੀਆਂ ਨੂੰ ਖਦੇੜ ਕੇ ਆਪਣੀਆਂ ਬਸਤੀਆਂ ਬਣਾਉਣ ਦਾ ਬੌਣਾ ਸਵਾਰਥ ਨਹੀਂ ਪਾਲਦਾ ਸੀ ਆਪਣੇ ਪ੍ਰਤੀ ਆਦਮੀ ਦੀ ਅਸਾਵਧਾਨੀ, ਅਣਦੇਖੀ, ਸੰਵੇਦਨਹੀਣਤਾ ਅਤੇ ਸਵਾਰਥੀ ਚੇਤਨਾ ਨੂੰ ਦੇਖ ਕੇ ਪ੍ਰਕਿਰਤੀ ਨੇ ਉਸ ਵੱਲੋਂ ਕੀਤੇ ਗਏ ਸ਼ੋਸ਼ਣ ਖਿਲਾਫ਼ ਵਿਦਰੋਹ ਕੀਤਾ ਹੈ, ਤਾਂ ਹੀ ਵਾਰ-ਵਾਰ ਭੂਚਾਲ, ਤੂਫ਼ਾਨ, ਹੜ, ਸੋਕਾ, ਕਾਲ ਅਤੇ ਹੁਣ ਕੋਰੋਨਾ ਮਹਾਂਬਿਮਾਰੀ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ।
ਇਸ ਸੰਕਟ ਦਾ ਮੂਲ ਕਾਰਨ ਹੈ ਪ੍ਰਕਿਰਤੀ ਦਾ ਅਸੰਤੁਲਨ ਉਦਯੋਗਿਕ ਕ੍ਰਾਂਤੀ ਅਤੇ ਵਿਗਿਆਨਕ ਤਰੱਕੀ ਨਾਲ ਪੈਦਾ ਹੋਣ ਵਾਲੇ ਖ਼ਪਤਕਾਰ ਸੱਭਿਆਚਾਰ ਨੇ ਇਸ ਨੂੰ ਭਰਪੂਰ ਹੱਲਾਸ਼ੇਰੀ ਦਿੱਤੀ ਹੈ। ਸਵਾਰਥੀ ਅਤੇ ਸੁਵਿਧਾ ਭੋਗੀ ਮਨੁੱਖ ਪ੍ਰਕਿਰਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਸ ਦੀ ਲੋਭ ਦੀ ਮਾਨਸਿਕਤਾ ਨੇ ਪ੍ਰਕਿਰਤੀ ਅਤੇ ਧਰਤੀ ਨੂੰ ਬੇਰਹਿਮੀ ਨਾਲ ਲੁੱਟਿਆ ਹੈ ਇਸ ਲਈ ਵਾਤਾਵਰਨ ਦੀ ਸਮੱਸਿਆ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ ਨਾ ਹਵਾ ਸਾਫ਼ ਹੈ, ਨਾ ਪਾਣੀ ਤੇਜ਼ ਰੌਲਾ ਆਦਮੀ ਨੂੰ ਮਾਨਸਿਕ ਦ੍ਰਿਸ਼ਟੀ ਤੋਂ ਅਪੰਗ ਬਣਾ ਰਿਹਾ ਹੈ ਓਜ਼ੋਨ ਪਰਤ ਦਾ ਛੇਕ ਦਿਨੋ-ਦਿਨ ਵਧ ਰਿਹਾ ਹੈ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ, ਮਨੁੱਖੀ ਸਰੀਰ ’ਚ ਕਈ ਖ਼ਤਰਨਾਕ ਬਿਮਾਰੀਆਂ ਪੈਦਾ ਕਰ ਰਹੀਆਂ ਹਨ ਸਮੁੱਚੀ ਧਰਤੀ ’ਤੇ ਉਨ੍ਹਾਂ ਦਾ ਉਲਟ ਅਸਰ ਪੈ ਰਿਹਾ ਹੈ ਜੰਗਲਾਂ-ਰੁੱਖਾਂ ਦੀ ਕਟਾਈ ਅਤੇ ਪਰਮਾਣੂ ਊਰਜਾ ਦੇ ਪ੍ਰਯੋਗ ਨੇ ਸਥਿਤੀ ਨੂੰ ਜ਼ਿਆਦਾ ਗੰਭੀਰ ਬਣਾ ਦਿੱਤਾ ਹੈ।
ਅਸੀਂ ਜਾਣਦੇ ਹਾਂ- ਕੰਪਿਊਟਰ ਅਤੇ ਇੰਟਰਨੈਟ ਦੇ ਯੁੱਗ ’ਚ ਜਿਉਣ ਵਾਲਾ ਅੱਜ ਦਾ ਯੁਵਾ ਬਲਦਗੱਡੀ, ਚਰਖਾ ਜਾਂ ਦੀਵੇ ਦੀ ਰੌਸ਼ਨੀ ਦੇ ਯੁੱਗ ’ਚ ਨਹੀਂ ਪਰਤ ਸਕਦਾ ਫ਼ਿਰ ਵੀ ਬੇਲੋੜੀ ਆਵਾਜਾਈ ਨੂੰ ਕੰਟਰੋਲ ਕਰਨਾ, ਵਾਹਨਾਂ ਦੀ ਯਥਾਸੰਭਵ ਘੱਟ ਵਰਤੋਂ ਕਰਨੀ, ਵੱਡੇ ਕਲ-ਕਾਰਖਾਨਿਆਂ ਅਤੇ ਵੱਡੇ ਉਦਯੋਗਾਂ ਦੀ ਥਾਂ, ਲਘੂ ਉਦਯੋਗਾਂ ਦੇ ਵਿਕਾਸ ’ਚ ਸ਼ਾਂਤੀ/ਸੰਤੋਖ ਦਾ ਅਹਿਸਾਸ ਕਰਨਾ, ਬਿਜਲੀ, ਪਾਣੀ, ਪੱਖੇ ਫ਼ਰਿੱਜ, ਏ.ਸੀ. ਆਦਿ ਦੀ ਬੇਲੋੜੀ ਵਰਤੋ ਨਾ ਕਰਨਾ ਜਾਂ ਬਿਜਲੀ ਪਾਣੀ ਦੀ ਦੁਰਵਰਤੋਂ ਨਾ ਕਰਨਾ, ਆਪਣੀ ਰਿਹਾਇਸ਼, ਆਂਢ-ਗੁਆਂਢ, ਪਿੰਡ, ਸ਼ਹਿਰ ਆਦਿ ਦੀ ਸਾਫ਼-ਸਫ਼ਾਈ ਲਈ ਲੋਕ-ਚੇਤਨਾ ਨੂੰ ਜਗਾਉਣਾ ਇਹ ਅਜਿਹੇ ਉਪਰਾਲੇ ਹਨ, ਜਿਨ੍ਹਾਂ ਨਾਲ ਆਤਮ-ਸੰਯਮ ਮਜ਼ਬੂਤ ਹੁੰਦਾ ਹੈ, ਕੁਦਰਤੀ ਸਾਧਨਾਂ-ਸਰੋਤਾਂ ਦੀ ਦੁਰਵਰਤੋਂ ਰੁਕਦੀ ਹੈ।
ਸ਼ਾਕਾਹਾਰ, ਖਾਣ-ਪੀਣ ਦੀ ਸ਼ੁੱਧੀ ਅਤੇ ਫਾਲਤੂ ਕੰਮਾਂ ਤੋਂ ਮੁਕਤੀ ਵੀ ਵਾਤਾਵਰਨ ਸੁਰੱਖਿਆ ਦੇ ਮਜ਼ਬੂਤ ਉਪਾਅ ਹਨ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਨੇ ਮਨੁੱਖੀ ਸੋਚ ਨੂੰ ਪ੍ਰਦੂਸ਼ਿਤ ਕੀਤਾ ਹੈ ਸੰਪੂਰਨ ਜੀਵ-ਜਗਤ ਦੇ ਨਾਲ ਮਨੁੱਖ ਦੇ ਜੋ ਭਾਵਨਾਤਮਕ ਰਿਸ਼ਤੇ ਸਨ, ਉਨ੍ਹਾਂ ਨੂੰ ਤਾਰ-ਤਾਰ ਕਰ ਦਿੱਤਾ ਹੈ ਇਸ ਤੋਂ ਵਾਤਾਵਰਣ ਅਤੇ ਜੰਗਲਾਤ ਦੋਵਾਂ ਦੀ ਹੋਂਦ ਨੂੰ ਖੁੱਲ੍ਹੀ ਚੁਣੌਤੀ ਮਿਲ ਰਹੀ ਹੈ ਨਸ਼ੇ ਦੇ ਰੁਝਾਨ ਨੇ ਮਨੁੱਖੀ ਕਦਰਾਂ-ਕੀਮਤਾਂ ਦੀ ਤਬਾਹੀ ਨੂੰ ਖੁੱਲ੍ਹਾ ਸੱਦਾ ਦੇ ਰੱਖਿਆ ਹੈ ਪਾਨ ਮਸਾਲਾ ਅਤੇ ਪਾਨ ਦੇ ਨਾਲ ਖਾਧਾ ਜਾਣ ਵਾਲਾ ਤੰਬਾਕੂ ਬਹੁਤ ਹੀ ਨੁਕਸਾਨਦੇਹ ਹੁੰਦਾ ਹੈ, ਵਿਸ਼ਵ ’ਚ ਹਰ ਸਾਲ 3 ਕਰੋੜ ਲੋਕ ਕੈਂਸਰ ਅਤੇ ਤੰਬਾਕੂ ਤੋਂ ਪੈਦਾ ਹੋਣ ਵਾਲੇ ਹੋਰ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ ਇਸ ਦੇਸ਼ ’ਚ ਵਿਕਾਸ ਦੇ ਨਾਂਅ ’ਤੇ ਜੰਗਲ ਵਾਸੀਆਂ, ਆਦੀਵਾਸੀਆਂ ਦੇ ਹਿੱਤਾਂ ਦੀ ਬਲੀ ਦੇ ਕੇ ਵਪਾਰਕ ਹਿੱਤਾਂ ਨੂੰ ਹੱਲਾਸ਼ੇਰੀ ਦਿੱਤੀ ਗਈ।
ਖਦਾਨ ਦੇ ਨਾਂਅ ’ਤੇ ਥਾਂ-ਥਾਂ ਆਦੀਵਾਸੀਆਂ ਤੋਂ ਜਲ, ਜੰਗਲ ਤੇ ਜ਼ਮੀਨ ਨੂੰ ਖੋਹਿਆ ਗਿਆ ਕੌਣ ਨਹੀਂ ਜਾਣਦਾ ਕਿ ਓਡੀਸ਼ਾ ਦਾ ਨਿਯਮਾਗਿਰੀ ਪਰਬਤ ਉਜਾੜਨ ਦਾ ਯਤਨ ਕੀਤਾ ਗਿਆ ਆਦੀਵਾਸੀਆਂ ਪ੍ਰਤੀ ਸਰਕਾਰ ਅਤੇ ਮੁੱਖਧਾਰਾ ਦੇ ਸਮਾਜ ਦੇ ਲੋਕਾਂ ਦਾ ਨਜ਼ਰੀਆ ਕਦੇ ਸੰਤੋਸ਼ਜਨਕ ਨਹੀਂ ਰਿਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਕਸਰ ਆਦੀਵਾਸੀ ਤਰੱਕੀ ਅਤੇ ਵਿਕਾਸ ਦੀਆਂ ਚਰਚਾਵਾਂ ਕਰਦੇ ਰਹੇ ਹਨ ਅਤੇ ਉਹ ਇਸ ਭਾਈਚਾਰੇ ਦੇ ਵਿਕਾਸ ਲਈ ਤੱਤਪਰ ਵੀ ਹਨ।
ਕਿਉਂਕਿ ਉਹ ਸਮਝਦੇ ਹਨ ਕਿ ਆਦੀਵਾਸੀਆਂ ਦਾ ਹਿੱਤ ਸਿਰਫ਼ ਆਦੀਵਾਸੀ ਭਾਈਚਾਰੇ ਦਾ ਹਿੱਤ ਨਹੀਂ ਹੈ ਸਗੋਂ ਸੰਪੂਰਨ ਦੇਸ਼, ਵਾਤਾਵਰਨ ਅਤੇ ਸਮਾਜ ਦੇ ਕਲਿਆਣ ਦਾ ਮੁੱਦਾ ਹੈ ਜਿਸ ’ਤੇ ਵਿਵਸਥਾ ਨਾਲ ਜੁੜੇ ਅਤੇ ਸੁਤੰਤਰ ਨਾਗਰਿਕਾਂ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅੱਜ ਕੋਰੋਨਾ ਅਤੇ ਵਾਤਾਵਰਨ ਦੀ ਘੋਰ ਅਣਦੇਖੀ ਕਾਰਨ ਜੀਵਨ ਦੀ ਹੋਂਦ ਹੀ ਸੰਕਟ ’ਚ ਹੈ ਪ੍ਰਕਿਰਤੀ ਅਤੇ ਵਾਤਾਵਰਨ ਦੀ ਤਬਾਹੀ ਨੂੰ ਰੋਕਣ ਲਈ ਬੁਨਿਆਦੀ ਬਦਲਾਅ ਜ਼ਰੂਰੀ ਹੈ ਅਤੇ ਉਹ ਬਦਲਾਅ ਸਰਕਾਰ ਦੀਆਂ ਨੀਤੀਆਂ ਦੇ ਨਾਲ ਜੀਵਨਸ਼ੈਲੀ ’ਚ ਵੀ ਆਉਣਾ ਜ਼ਰੂਰੀ ਹੈ।
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।