ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ‘ਚ ਸ਼ਾਮਲ ਹੋਣ ਦੀ ਖ਼ਬਰ ਨੂੰ ਦੱਸਿਆ ਵਿਰੋਧੀਆਂ ਦੀ ਸਾਜ਼ਿਸ਼

Sher Singh Ghubaya Sachkahoon

ਜਲਾਲਾਬਾਦ ਵਿਖੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖ਼ਬਰਾਂ ਦਾ ਕੀਤਾ ਖੰਡਨ

ਜਲਾਲਾਬਾਦ,(ਰਜਨੀਸ਼ ਰਵੀ)। ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖ਼ਬਰਾਂ ਦਾ ਸਾਬਕਾ ਸਾਂਸਦ ਘੁਬਾਇਆ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸਖਤ ਸ਼ਬਦਾਂ ਵਿੱਚ ਖੰਡਨ ਕੀਤਾ ਗਿਆ ਇਥੇ ਦੱਸਦੀਏ ਕਿ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਜਿਹਨਾਂ ਕਾਂਗਰਸ ਦੀ ਟਿਕਟ ’ਤੇ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਚੋਣ ਲੜੀ ਸੀ ਤੇ ਸੁਖਬੀਰ ਸਿੰਘ ਬਾਦਲ ਕੋਲੋਂ ਹਾਰ ਗਏ ਸਨ। ਉਹਨਾਂ ਦੇ ਮੁੜ ਅਕਾਲੀ ਦਲ ’ਚ ਸ਼ਾਮਲ ਹੋਣ ਦੀਆਂ ਪੋਸਟਾਂ ਵਾਇਰਲ ਹੋਣ ਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਜਿਸ ਨੂੰ ਸ਼ੇਰ ਸਿੰਘ ਘੁਬਾਇਆ ਨੇ ਗ਼ਲਤ ਦੱਸਿਆ, ਉੱਥੇ ਹੀ ਇਸ ਨੂੰ ਵਿਰੋਧੀਆਂ ਦੀ ਇੱਕ ਸਾਜ਼ਿਸ਼ ਕਰਾਰ ਦਿੱਤਾ ।

ਸ.ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ’ਚ ਰਹਿ ਕੇ 25 ਸਾਲ ਪਾਰਟੀ ਦੀ ਸੇਵਾ ਕੀਤੀ ਸੀ ਪਰ ਸੁਖਬੀਰ ਬਾਦਲ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਹਮੇਸ਼ਾ ਲਈ ਕਾਂਗਰਸ ਪਾਰਟੀ ਦਾ ਹੱਥ ਫੜਿਆ ਹੈ। ਸਾਬਕਾ ਸਾਂਸਦ ਸ. ਸ਼ੇਰ ਸਿੰਘ ਘੁਬਾਇਆ ਨੇ ਅੱਜ ਆਪਣੇ ਦਫ਼ਤਰ ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਸਪਸ਼ਟ ਕੀਤਾ ਕਿ ਅਕਾਲੀ ਦਲ ਨੂੰ ਜਲਾਲਾਬਾਦ ਅਤੇ ਫ਼ਾਜ਼ਿਲਕਾ ਹਲਕੇ ’ਚ ਮਜ਼ਬੂਤ ਕਰਨ ਵਾਲਾ ਘੁਬਾਇਆ ਪਰਿਵਾਰ ਹੀ ਹੈ, ਜਦੋਂ ਕਿ ਸੁਖਬੀਰ ਬਾਦਲ ਤਾਂ ਪੱਕੀਆਂ ਪਕਾਈਆਂ ’ਤੇ ਆਣ ਕੇ ਬੈਠ ਗਿਆ ਅਤੇ ਅੱਜ ਘੁਬਾਇਆ ਪਰਿਵਾਰ ਨੂੰ ਹੀ ਗੱਲਾਂ ਕਰ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ 2022 ਦੀਆਂ ਚੋਣਾਂ ’ਚ ਪੰਜਾਬ ਅੰਦਰ ਫਿਰ ਤੋਂ ਕਾਂਗਰਸ ਦੀ ਸਰਕਾਰ ਬਣੇਗੀ। ਘੁਬਾਇਆ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦੇ ਸਿਪਾਹੀ ਰੁੱਸ ਕੇ ਘਰ ਬੈਠੇ ਹਨ ਉਨ੍ਹਾਂ ਨੂੰ ਹਾਈਕਮਾਨ ਨਾਲ ਗੱਲਬਾਤ ਕਰਕੇ ਜਲਦ ਮਨਾਇਆ ਜਾਵੇਗਾ।  ਇਸ ਮੌਕੇ ਰਾਜ ਬਖ਼ਸ਼ ਕੰਬੋਜ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਕੇਵਲ ਸੁਖੀਜਾ ਪੰਜਾਬ ਪ੍ਰਧਾਨ, ਦ, ਹਨੀ ਪਪਨੇਜਾ ਪ੍ਰਧਾਨ ਆੜ੍ਹਤੀ ਯੂਨੀਅਨ ਜਲਾਲਾਬਾਦ, ਅੰਮਿ੍ਰਤ ਪਾਲ ਸਿੰਘ ਨੀਲਾ ਮਦਾਨ ਦਫ਼ਤਰ ਇੰਚਾਰਜ , ਸੋਨੂੰ ਦਰਗਨ, ਪ੍ਰੋ ਕੰਵਲਪ੍ਰੀਤ ਸਿੰਘ, ਜਥੇਦਾਰ ਗੁਰਮੀਤ ਸਿੰਘ ਖ਼ਾਲਸਾ, ਮਿੰਟੂ ਕਾਮਰਾ ਇੰਚਾਰਜ ਸ਼ਹਿਰੀ ਫ਼ਾਜ਼ਿਲਕਾ, ਬਲਤੇਜ ਸਿੰਘ ਬਰਾੜ ਸੀਨੀਅਰ ਕਾਂਗਰਸੀ ਆਗੂ, ਰਾਜ ਸਿੰਘ ਨੱਥੂ ਚਿਸ਼ਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।