ਤੰਬਾਕੂ ਦੀ ਲਤ ਮੌਤ ਨੂੰ ਖਤ, ਤੰਬਾਕੂ ਛੱਡਣ ਲਈ ਅੱਜ ਹੀ ਕਰੋ ਤਹੱਈਆ

World No Tobacco Day Sachkahoon

ਤੰਬਾਕੂ ਦੀ ਲਤ ਮੌਤ ਨੂੰ ਖਤ, ਤੰਬਾਕੂ ਛੱਡਣ ਲਈ ਅੱਜ ਹੀ ਕਰੋ ਤਹੱਈਆ

ਦਿਨੋਂ-ਦਿਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਤੰਬਾਕੂਨੋਸ਼ੀ ਵੱਲ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਵੀ ਇਹ ਨਵੀਂ ਪੀੜ੍ਹੀ ਹੀ ਹੈ ਜਿਸਨੂੰ ਗ੍ਰਾਹਕ ਬਣਾਉਣ ਲਈ ਹਰ ਢੰਗ-ਤਰੀਕਾ ਅਖਤਿਆਰ ਕੀਤਾ ਜਾ ਰਿਹਾ ਹੈ ਛੋਟੀ ਉਮਰ ਦੇ ਬੱਚਿਆਂ ਨੂੰ ਅਕਰਸ਼ਿਤ ਕਰਨ ਲਈ ਵੱਖ-ਵੱਖ ਸੁਆਦ ਅਤੇ ਖੁਸ਼ਬੂ ਬਿਖੇਰਦੇ ਧੂੰਆਂ ਰਹਿਤ ਤੰਬਾਕੂ ਉਤਪਾਦ ਬਜ਼ਾਰ ਵਿੱਚ ਉਤਾਰੇ ਜਾ ਰਹੇ ਹਨ ਤੰਬਾਕੂ ਕਾਰਨ ਹਰ ਸਾਲ 8 ਮਿਲੀਅਨ ਲੋਕ ਮੌਤ ਦੇ ਸ਼ਿਕਾਰ ਹੁੰਦੇ ਹਨ ਮਾਹਿਰਾਂ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਕੋਰੋਨਾ ਵਰਗੀ ਗੰਭੀਰ ਬਿਮਾਰੀ ਹੋਣ ਦੀ ਸੰਭਾਵਨਾ ਵੀ ਵਧੇਰੇ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਲਈ ਇਹ ਸਮਾਂ ਤੰਬਾਕੂ ਛੱਡਣ ਦਾ ਸੁਨਹਿਰੀ ਮੌਕਾ ਵੀ ਕਿਹਾ ਜਾ ਰਿਹਾ ਹੈ, ਪਰ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ।

ਤੰਬਾਕੂ ਛੱਡਣ ਦੇ ਫਾਇਦੇ:

ਤੰਬਾਕੂ ਛੱਡਣ ਦੇ ਫਾਇਦੇ ਲਗਭਗ ਤੁਰੰਤ ਹੀ ਸ਼ੁਰੂ ਹੋ ਜਾਂਦੇ ਹਨ ਤੰਬਾਕੂਨੋਸ਼ੀ ਛੱਡਣ ਦੇ ਸਿਰਫ 20 ਮਿੰਟਾਂ ਬਾਅਦ ਹੀ ਤੁਹਾਡੇ ਦਿਲ ਧੜਕਣ ਦੀ ਰਫਤਾਰ ਆਮ ਹੋ ਜਾਂਦੀ ਹੈ, 12 ਘੰਟਿਆਂ ਦੇ ਅੰਦਰ ਤੁਹਾਡੇ ਖੂਨ ਵਿੱਚ ਕਾਰਬਨ ਮੋਨੋਆਕਸਾਈਡ ਦਾ ਪੱਧਰ ਆਮ ਹੋ ਜਾਂਦਾ ਹੈ, 2-12 ਹਫਤਿਆਂ ਦੇ ਦਰਮਿਆਨ ਤੁਹਾਡੇ ਲਹੂ-ਗੇੜ ਵਿੱਚ ਸੁਧਾਰ ਹੁੰਦਾ ਹੈ ਤੇ ਫੇਫੜਿਆਂ ਦੇ ਕੰਮ ਵਿੱਚ ਸੁਧਾਰ ਵੀ ਹੁੰਦਾ ਹੈ, 1-9 ਮਹੀਨਿਆਂ ਦੇ ਅੰਦਰ ਖੰਘ ਅਤੇ ਸਾਹ ਦੀ ਕਮੀ ਘਟ ਜਾਂਦੀ ਹੈ, 5-15 ਸਾਲਾਂ ਦੇ ਅੰਦਰ ਤੁਹਾਡੇ ਦੌਰਾ ਪੈਣ ਦਾ ਜੋਖਮ ਇੱਕ ਤੰਬਾਕੂਨੋਸ਼ੀ ਕਰਨ ਵਾਲੇ ਦੇ ਮੁਕਾਬਲੇ ਘੱਟ ਹੋ ਜਾਂਦਾ ਹੈ ਹੋਰ ਤਾਂ ਹੋਰ ਤੰਬਾਕੂ ਛੱਡਣ ਨਾਲ ਜਿੱਥੇ ਤੁਹਾਡੀ ਦਿੱਖ ਤੇ ਸ਼ਖਸੀਅਤ ਪ੍ਰਭਾਵਸ਼ਾਲੀ ਨਜ਼ਰ ਆਉਂਦੀ ਹੈ, ਉਥੇ ਹੀ ਅਨੇਕਾਂ ਮਾਨਸਿਕ, ਸਮਾਜਿਕ, ਪਰਿਵਾਰਕ ਅਤੇ ਆਰਥਿਕ ਫਾਇਦੇ ਵੀ ਹੁੰਦੇ ਹਨ।

ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਤੇ ਤੰਬਾਕੂ ਤੋਂ ਬਚੇ ਰਹਿਣ ਲਈ ਜਰੂਰਤ ਉੱਤੇ ਜਿੰਨੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ ਉਨਾ ਨਹੀਂ ਦਿੱਤਾ ਗਿਆ। ਸੂਬੇ ਵਿਚ ਤੰਬਾਕੂ ਦੇ ਇਸਤੇਮਾਲ ਕਰਨ ਵਿੱਚ ਭਾਵੇਂ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ ਪਰ ਹੁਣ ਛੋਟੀ ਉਮਰ ਵਰਗ ਦੇ ਨੌਜਵਾਨਾਂ ਦਾ ਤੰਬਾਕੂ ਪ੍ਰਯੋਗ ਕਰਨਾ ਪੰਜਾਬ ਲਈ ਖਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ।

ਕਿਵੇਂ ਲੱਗਦੀ ਹੈ ਤੰਬਾਕੂ ਦੀ ਲੱਤ:

ਤੰਬਾਕੂ ਵਿੱਚ ਪਾਏ ਜਾਣ ਵਾਲੇ ਤੱਤ ਨਿਕੋਟੀਨ ਦੀ ਨਸ਼ੇ ਦੀ ਲੱਤ ਲਾਉਣ ਦੀ ਸਮਰੱਥਾ ਅਫੀਮ ਜਾਂ ਕੋਕੀਨ ਤੋਂ ਜ਼ਿਆਦਾ ਹੈ ਜਿਸ ਕਾਰਨ ਲੋਕ ਤੰਬਾਕੂ ਦੇ ਆਦੀ ਹੋ ਜਾਂਦੇ ਹਨ ਅਤੇ ਫਿਰ ਉਹ ਹੋਰ ਤਰ੍ਹਾਂ-ਤਰ੍ਹਾਂ ਦੇ ਤੰਬਾਕੂ ਦਾ ਪ੍ਰਯੋਗ ਸ਼ੁਰੂ ਕਰ ਦਿੰਦੇ ਹਨ। ਨਿਕੋਟੀਨ ਦੀ ਵਰਤੋਂ ਤੰਬਾਕੂ ਵਿਚ ਕਈ ਤਰ੍ਹਾਂ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਬੀੜੀ, ਸਿਗਰੇਟ, ਸਿਗਾਰ, ਚਿਲਮ, ਪਾਨ, ਜਰਦਾ-ਖੈਨੀ, ਗੁਟਖਾ ਤੰਬਾਕੂ ਉਤਪਾਦ ਆਮ ਪ੍ਰਯੋਗ ਦੇ ਤਰੀਕੇ ਹਨ।

ਤੰਬਾਕੂ ਦੀ ਵਰਤੋਂ ਨਾਲ ਨੁਕਸਾਨ:

ਹਰ ਸਾਲ ਭਾਰਤ ਵਿੱਚ 7 ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਦਾ ਸੇਵਨ ਕਰਨਾ ਹੈ। ਭਾਰਤ ਵਿੱਚ ਹੋਣ ਵਾਲਾ ਔਸਤਨ ਅੱਧੇ ਕੈਂਸਰਾਂ ਦਾ ਕਾਰਨ ਤੰਬਾਕੂ ਹੈ। ਮੂੰਹ, ਗਲਾ, ਭੋਜਨ ਨਾਲੀ, ਸਵਰ-ਯੰਤਰ, ਫੇਫੜੇ, ਪਿੱਤਾ, ਮੂਤਰ ਥੈਲੀ ਅਤੇ ਲਿੰਗ ਦੇ ਕੈਂਸਰ ਦਾ ਕਾਰਨ ਵੀ ਤੰਬਾਕੂ ਦਾ ਇਸਤੇਮਾਲ ਪਾਇਆ ਗਿਆ ਹੈ। ਦਿਲ ਦੇ ਦੌਰੇ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦਾ ਵੀ ਤੰਬਾਕੂ ਹੀ ਕਾਰਨ ਬਣਦਾ ਹੈ। ਤੰਬਾਕੂ ਨਪੁੰਸਕਤਾ ਦਾ ਕਾਰਨ ਵੀ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਮਾਂ ਦੁਆਰਾ ਤੰਬਾਕੂ ਦੇ ਇਸਤੇਮਾਲ ਨਾਲ ਗਰਭ ਵਿਚ ਬੱਚੇ ਦੇ ਵਿਕਾਸ ਵਿੱਚ ਕਮੀ, ਗਰਭਪਾਤ, ਬੱਚੇ ਦੀ ਮੌਤ, ਸਮੇਂ ਤੋਂ ਪਹਿਲਾਂ ਜਨਮ ਅਤੇ ਪੈਦਾ ਹੋਏ ਬੱਚੇ ਵਿਚ ਲੰਮੇ ਸਮੇਂ ਤੱਕ ਰਹਿਣ ਵਾਲੇ ਹਾਨੀਕਾਰਕ ਪ੍ਰਭਾਵ ਹੋ ਸਕਦੇ ਹਨ।

ਫੇਫੜਿਆਂ ਦੇ ਰੋਗ, ਗਲੇ ਦੀ ਖਰਾਸ਼, ਫੇਫੜਿਆਂ ਦੀ ਇਨਫੈਕਸ਼ਨ ਜਿਵੇਂ ਕਿ ਟੀ.ਬੀ., ਨਿਮੋਨੀਆ ਆਦਿ ਤੰਬਾਕੂ ਪਦਾਰਥ ਲੈਣ ਵਾਲਿਆਂ ਵਿੱਚ ਜਿਆਦਾ ਵਧ ਗਏ ਹਨ। ਬੀੜੀ-ਸਿਗਰਟ ਪੀਣ ਵਾਲਿਆਂ ਨੂੰ ਸਾਹ ਦੀ ਨਾਲੀ ਦੀ ਇਨਫੈਕਸ਼ਨ, ਦਮੇ ਦੀ ਬਿਮਾਰੀ ਦਾ ਵਿਗੜਨਾ ਅਤੇ ਫੇਫੜਿਆਂ ਦੀ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਣ ਦਾ ਕਾਰਨ ਬਣਦਾ ਹੈ। ਤੰਬਾਕੂ ਦੇ ਇਸਤੇਮਾਲ ਨਾਲ ਮੂੰਹ ਵਿੱਚ ਸਫੈਦ ਅਤੇ ਲਾਲ ਧੱਬੇ ਹੋ ਸਕਦੇ ਹਨ ਅਤੇ ਸਰਲ ਸਬਮਯੂਕੋਸਲ ਫਾਇਬਰੋਸਿਸ, ਜਿਸ ਵਿੱਚ ਰੋਗੀ ਪੂਰੀ ਤਰ੍ਹਾਂ ਮੂੰਹ ਨਹੀਂ ਖੋਲ੍ਹ ਸਕਦਾ, ਵਰਗੇ ਰੋਗ ਹੋ ਸਕਦੇ ਹਨ ਜੋ ਕਿ ਮੂੰਹ ਦੇ ਕੈਂਸਰ ਵਿੱਚ ਬਦਲ ਸਕਦੇ ਹਨ। ਤੰਬਾਕੂ ਦੇ ਇਸਤੇਮਾਲ ਕਾਰਨ ਚਮੜੀ ’ਤੇ ਝੁਰੜੀਆਂ, ਦੰਦਾਂ ਅਤੇ ਨਹੁੰਹਾਂ ’ਤੇ ਧੱਬੇ ਅਤੇ ਮੂੰਹ ਤੋਂ ਬਦਬੂੂ ਆਉਣ ਦੀ ਸਮੱਸਿਆ ਹੋ ਸਕਦੀ ਹੈ।

ਤੰਬਾਕੂ ਛੱਡਿਆ ਜਾ ਸਕਦਾ ਹੈ:

ਤੰਬਾਕੂ ਦਾ ਇਸਤੇਮਾਲ ਸਿਰਫ ਇੱਕ ਬੁਰੀ ਆਦਤ ਹੈ। ਤੰਬਾਕੂ ਛੱਡਣਾ ਸਿਰਫ ਇੱਛਾ-ਸ਼ਕਤੀ ਦੀ ਗੱਲ ਹੈ ਤੰਬਾਕੂ ਛੱਡਣਾ ਮੁਸ਼ਕਲ ਜਰੂਰ ਹੈ ਪਰ ਅਕਸਰ ਲੋਕ ਦੋ ਜਾਂ ਉਸ ਤੋਂ ਜਿਆਦਾ ਕੋਸ਼ਿਸ਼ ਕਰਨ ’ਤੇ ਛੱਡਣ ਵਿੱਚ ਸਫਲ ਹੋ ਜਾਂਦੇ ਹਨ। ਇੱਕ ਝਟਕੇ ਨਾਲ ਛੱਡਣਾ ਜਿਆਦਾ ਪ੍ਰਭਾਵੀ ਤਰੀਕਾ ਹੈ। ਪ੍ਰਭਾਵੀ ਤਰੀਕਿਆਂ ਵਿੱਚ ਕਾਊਂਸਲਿੰਗ ਅਤੇ ਨਿਕੋਟਿਨ ਰਿਪਲੇਸਮੈਂਟ ਥਰੈਪੀ ਜਿਵੇਂ ਨਿਕੋਟੀਨ ਪੈਚ ਆਦਿ ਵੀ ਹਨ।
ਤੰਬਾਕੂ ਦੀ ਲੱਤ ਅਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਤੋਂ? ਬਚਣ ਲਈ ਕੁਝ ਸੁਝਾਅ:

ਡਾਕਟਰ ਦੇ ਕੋਲ ਨਿਯਮਿਤ ਚੈੱਕਅੱਪ ਦੇ ਲਈ ਜਾਓ ਕਿਉਂਕਿ ਕੈਂਸਰ ਦਾ ਇਲਾਜ ਹੋ ਸਕਦਾ ਹੈ, ਜੇ ਉਹ ਪਹਿਲੇ ਚਰਨ ਵਿੱਚ ਹੀ ਪਕੜ  ਵਿਚ ਆ ਜਾਵੇ । ਜੇ ਨੁਕਸਾਨ ਨਹੀਂ ਵੀ ਹੋਇਆ ਤਾਂ ਵੀ ਤੰਬਾਕੂ ਛੱਡਣਾ ਹੀ ਠੀਕ ਹੈ ਕਿਉਂਕਿ ਸ਼ੁਰੂ ਵਿੱਚ ਛੱਡਣਾ ਅਸਾਨ ਹੈ ਬਾਅਦ ਵਿਚ ਲੱਤ ਲੱਗ ਜਾਂਦੀ ਹੈ ਤਾਂ ਛੱਡਣ ਵਿੱਚ ਕਠਿਨਾਈ ਆਉਂਦੀ ਹੈ।

ਤੰਬਾਕੂ ਲੈਣ ਦੀ ਇੱਛਾ ਨੂੰ ਕਿਵੇਂ ਸੰਭਾਲੀਏ

  • ਯਾਦ ਰੱਖੋ ਤੰਬਾਕੂ ਲੈਣ ਦੀ ਇੱਛਾ ਸਿਰਫ 5-10 ਮਿੰਟ ਜਿਆਦਾ ਰਹਿੰਦੀ ਹੈ ਫਿਰ ਘੱਟ ਹੋ ਜਾਂਦੀ ਹੈ।
  • ਉਸ ਸਮੇਂ ਚਬਾਉਣ ਵਾਲੀ ਚਿੰਗਮ, ਟਾਫੀ, ਪੇਪਰਾਮਿੰਟ ਲਵੋ ਜਾਂ ਪਾਣੀ ਦਾ ਗਲਾਸ ਪੀ ਲਵੋ।
  • ਪ੍ਰਾਣਾਯਾਮ ਦਾ ਅਭਿਆਸ ਕਰੋ।
  • ਕੋਈ ਕੰਮ ਕਰਕੇ ਜਾਂ ਕਿਸੇ ਨਾਲ ਗੱਲਬਾਤ ਕਰਕੇ ਆਪਣਾ ਧਿਆਨ ਵੰਡਣ ਦੀ ਕੋਸ਼ਿਸ਼ ਕਰੋ।
  • ਤੰਬਾਕੂ ਨਾਲ ਸਬੰਧਿਤ ਚੀਜਾਂ ਜਿਵੇਂ ਕਿ ਏਸ-ਟਰੇਅ ਆਦਿ ਆਪਣੇ ਘਰ ਅਤੇ ਕੰਮ ਕਰਨ ਵਾਲੀ ਜਗ੍ਹਾ ਤੋਂ ਹਟਾਓ।
  • ਜੇ ਤੰਬਾਕੂ ਛੱਡਣ ਵਿੱਚ ਮੁਸ਼ਕਲ ਹੋ ਰਹੀ ਹੈ ਤਾਂ ਨਿਰਾਸ਼ ਨਾ ਹੋਵੇ, ਫਿਰ ਤੋਂ ਕੋਸ਼ਿਸ਼ ਕਰੋ।
  • ਸਿਹਤ ਵਿਭਾਗ ਦੇ ਸਟਾਫ, ਤੰਬਾਕੂ ਸੈਸਈਸ਼ੇਨ ਸੈੱਲ ਜਾਂ ਨਸ਼ਾ ਛੁਡਾਓ ਕੇਂਦਰ ਨਾਲ ਸੰਪਰਕ ਕਰੋ।

ਡਾ. ਪ੍ਰਭਦੀਪ ਸਿੰਘ ਚਾਵਲਾ
ਬੀ.ਈ.ਈ-ਨੋਡਲ ਅਫਸਰ, ਤੰਬਾਕੂ ਕੰਟਰੋਲ ਸੈੱਲ, ਫਰੀਦਕੋਟ
ਮੋ. 98146-56257

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।