ਬਿਜਲੀ ਸਬਸਿਡੀਆ ਕਰ ਰਹੀਆਂ ਹਨ ਸਰਕਾਰ ਦੀ ਹਾਲਤ ਪਤਲੀ, ਇਸ ਸਾਲ ਪਏਗਾ 10 ਹਜ਼ਾਰ 628 ਕਰੋੜ ਰੁਪਏ ਦਾ ਬੋਝ

Electricity Workers Sachkahoon

ਬਿਜਲੀ ਸਬਸਿਡੀ ਰਾਹੀਂ ਹੀ ਖ਼ਰਚ ਹੋ ਜਾਂਦਾ ਐ ਕੁਲ ਸਾਲਾਨਾ ਬਜਟ ਦਾ 10ਵਾਂ ਹਿੱਸਾ

  • ਖੇਤੀ ਲਈ ਮੁਫ਼ਤ ਬਿਜਲੀ ’ਤੇ ਖ਼ਰਚ ਹੋ ਰਿਹਾ ਐ ਸਾਰਿਆਂ ਨਾਲੋਂ ਜਿਆਦਾ ਖ਼ਰਚ

ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਕੁਝ ਵਰਗਾਂ ਨੂੰ ਮੁਫ਼ਤ ਬਿਜਲੀ ਦੇ ਰਹੀਂ ਪੰਜਾਬ ਸਰਕਾਰ ਦੀ ਹਾਲਤ ਹਰ ਸਾਲ ਲਗਾਤਾਰ ਖ਼ਸਤਾ ਹਾਲ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਘਟਣ ਦੀ ਥਾਂ ‘ਤੇ ਲਗਾਤਾਰ ਹਰ ਸਾਲ ਹੀ ਇਹ ਸਬਸਿਡੀ ਵਧਦੀ ਹੀ ਜਾ ਰਹੀ ਹੈ, ਜਿਸ ਕਾਰਨ ਇਸ ਸਾਲ ਪੰਜਾਬ ਸਰਕਾਰ ਨੂੰ 10 ਹਜ਼ਾਰ 628 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇਣੀ ਪਏਗੀ, ਜਦੋਂ ਕਿ ਪਿਛਲੇ ਸਾਲ 9853 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ, ਜਿਹੜੀ ਕਿ ਇਸ ਸਾਲ 815 ਕਰੋੜ ਰੁਪਏ ਵਧ ਗਈ ਹੈ।

ਬਿਜਲੀ ਸਬਸਿਡੀ ਦੇ ਬੋਝ ਹੇਠਾਂ ਦਬੀ ਪੰਜਾਬ ਸਰਕਾਰ ਹਰ ਸਾਲ ਭਾਵੇਂ ਬਿਜਲੀ ਸਬਸਿਡੀ ਨੂੰ ਦੇਣ ਤੋਂ ਇਨਕਾਰ ਨਹੀਂ ਕਰਦੀ ਹੈ ਪਰ ਪਿਛਲੇ ਕਈ ਸਾਲਾਂ ਤੋਂ ਸਰਕਾਰ ਮੁਕੰਮਲ ਸਬਸਿਡੀ ਪਾਵਰਕੌਮ ਨੂੰ ਦੇ ਹੀ ਨਹੀਂ ਸਕੀ, ਜਿਸ ਕਾਰਨ ਹੀ ਪਾਵਰਕਾਮ ਵਲੋਂ ਹਰ ਸਾਲ ਬਕਾਏ ਦੇ ਨਾਲ ਹੀ ਵਿਆਜ ਦੀ ਵੀ ਵਸੂਲੀ ਪੰਜਾਬ ਸਰਕਾਰ ਤੋਂ ਕੀਤੀ ਜਾਂਦੀ ਹੈ। ਸਰਕਾਰ ਨੇ ਹੁਣ ਵੀ ਪਾਵਰਕਾਮ ਦਾ ਪਿਛਲੀ ਸਬਸਿਡੀ ਦਾ 7117 ਕਰੋੜ 86 ਲੱਖ ਰੁਪਏ ਬਕਾਇਆ ਦੇਣਾ ਹੈ, ਜਿਸ ‘ਤੇ ਪਾਵਰਕਾਮ ਨੇ 10 ਕਰੋੜ ਰੁਪਏ ਦਾ ਵਿਆਜ ਵੀ ਸਰਕਾਰ ਨੂੰ ਠੋਕ ਦਿੱਤਾ ਹੈ।

Lack of Power, Big Relief, Industry
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਦੋ ਦਹਾਕੇ ਤੋਂ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਅਤੇ ਸਾਰਿਆਂ ਨਾਲੋਂ ਜਿਆਦਾ ਬਿਜਲੀ ਸਬਸਿਡੀ ਕਿਸਾਨਾਂ ਨੂੰ ਹੀ ਦਿੱਤੀ ਜਾਂਦੀ ਹੈ। ਪੰਜਾਬ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸ਼ੁਰੂਆਤ ਪਰਕਾਸ਼ ਸਿੰਘ ਬਾਦਲ ਵਲੋਂ ਕੀਤੀ ਗਈ ਸੀ ਅਤੇ ਉਹ ਮੁਫ਼ਤ ਬਿਜਲੀ ਹੁਣ ਤੱਕ ਚਲ ਰਹੀ ਹੈ।

ਇਸ ਮੁਫ਼ਤ ਬਿਜਲੀ ਨੂੂੰ ਸਪਲਾਈ ਕਰਨ ਦੇ ਬਦਲੇ ਪੰਜਾਬ ਸਰਕਾਰ ਵਲੋਂ ਹਰ ਸਾਲ ਪਾਵਰਕਾਮ ਸਬਸਿਡੀ ਦੇ ਰੂਪ ਵਿੱਚ ਅਰਬਾਂ ਰੁਪਏ ਦਿੱਤੇ ਜਾਂਦੇ ਰਹੇ ਹਨ। ਮੌਜੂਦਾ ਸਾਲ ਦੌਰਾਨ ਹੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਮੁਫ਼ਤ ਬਿਜਲੀ ’ਤੇ ਸਬਸਿਡੀ ਦੇ ਰੂਪ ਵਿੱਚ 6 ਹਜ਼ਾਰ 735 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਏਗੀ। ਜਦੋਂ ਕਿ ਬਾਕੀ ਵਰਗਾਂ ਮੁਫ਼ਤ ਬਿਜਲੀ ਜਾਂ ਫਿਰ ਘੱਟ ਰੇਟ ’ਤੇ ਬਿਜਲੀ ਦੇ ਰੂਪ ਵਿੱਚ 4 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਬਿਜਲੀ ਸਬਸਿਡੀ ਦੇ ਰੂਪ ਵਿੱਚ ਪਾਵਰਕਾਮ ਨੂੰ ਅਦਾਇਗੀ ਕੀਤੀ ਜਾਏਗੀ।

ਕਿਹੜੇ ਵਰਗ ਲਈ ਕਿੰਨੀ ਦਿੱਤੀ ਜਾਏਗੀ ਬਿਜਲੀ ਸਬਸਿਡੀ ?

ਖੇਤੀ ਮੁਫ਼ਤ ਬਿਜਲੀ  6735.05 ਕਰੋੜ
ਐਸ.ਸੀ. ਵਰਗ ਨੂੰ  1339.58 ਕਰੋੜ
ਬੀ.ਸੀ. ਵਰਗ ਲਈ 212.39 ਕਰੋੜ
ਬੀ.ਪੀ.ਐਲ. ਖਪਤਕਾਰਾਂ ਲਈ 75.01 ਕਰੋੜ
ਵੱਡੀ ਇੱਡਸਟਰੀਜ਼ ਸਬਸਿਡੀ 1928.49 ਕਰੋੜ
ਮੀਡੀਅਮ ਇੰਡਸਟਰੀਜ਼ ਸਬਸਿਡੀ 196.57 ਕਰੋੜ
ਛੋਟੀ ਇੰਡਸਟਰੀਜ਼ ਸਬਸਿਡੀ 141.28 ਕਰੋੜ
ਆਜ਼ਾਦੀ ਘੁਲਾਟੀਆਂ ਲਈ ਸਬਸਿਡੀ 0.04 ਕਰੋੜ
ਕੁਲ 10628.41 ਕਰੋੜ

ਕਮਿਸ਼ਨ ਦੇ ਸਰਕਾਰ ਨੂੰ ਆਦੇਸ਼, ਹਰ ਮਹੀਨੇ ਜਮ੍ਹਾ ਕਰਵਾਉਣ 1502 ਕਰੋੜ

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਸਰਕਾਰ ਵੱਲ ਇਸ ਸਾਲ ਦੇ 10648 ਕਰੋੜ ਰੁਪਏ ਅਤੇ ਪਿਛਲੇ ਬਕਾਏ ਦੇ 7117 ਕਰੋੜ ਸਣੇ 10 ਕਰੋੜ ਰੁਪਏ ਦੇ ਵਿਆਜ ਦੇ ਰੂਪ ਵਿੱਚ 17756 ਕਰੋੜ ਰੁਪਏ ਬਕਾਇਆ ਬਣਦਾ ਹੈ, ਇਸ ਬਕਾਏ ਦੀ ਸਾਰੀ ਅਦਾਇਗੀ ਇਸੇ ਸਾਲ ਹੀ ਸਰਕਾਰ ਨੂੰ ਕਰਨੀ ਪਏਗੀ।

ਇਸ ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਹਰ ਮਹੀਨੇ ਦੀ ਕਿਸ਼ਤ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਹੈ। ਸਰਕਾਰ ਨੂੰ ਹਰ ਮਹੀਨੇ 1502 ਕਰੋੜ 36 ਲੱਖ ਰੁਪਏ ਪਾਵਰਕੌਮ ਨੂੰ ਹੀ ਦੇਣੇ ਪੈਣਗੇ। ਇਹ ਕਿਸ਼ਤ ਇਸੇ ਮਹੀਨੇ ਜੂਨ ਤੋਂ ਸ਼ੁਰੂ ਹੋ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।