ਝੋਨੇ ਦੀ ਸਿੱਧੀ ਬਿਜਾਈ ਨਾਲ ਲੇਬਰ ਦੀ ਸਮੱਸਿਆ ਦਾ ਹੱਲ ਅਤੇ ਪਾਣੀ ਦੀ ਬੱਚਤ ਯਕੀਨੀ : ਡੀਸੀ
ਸੰਗਰੂਰ, (ਗੁਰਪ੍ਰੀਤ ਸਿੰਘ)। ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤ ਦੇ ਵੱਡਮੁੱਲੇ ਸਰੋਤ ਪਾਣੀ ਦੀ ਬੱਚਤ ਹੋਵੇਗੀ, ਉੱਥੇ ਹੀ ਕਿਸਾਨਾਂ ਨੂੰ ਪਨੀਰੀ ਬੀਜ ਕੇ ਲਵਾਈ ਮੌਕੇ ਆਉਣ ਵਾਲੀ ਲੇਬਰ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਤੋਂ ਪਹਿਲਾਂ ਖੁਦ ਟ੍ਰੈਕਟਰ ਚਲਾ ਕੇ ਸਿੱਧੀ ਬਿਜਾਈ ਦੀ ਪਰਖ ਕਰਨ ਤੋਂ ਬਾਅਦ ਕੀਤਾ।
ਰਾਮਵੀਰ ਨੇ ਕਿਹਾ ਕਿ ਇਸ ਤਕਨੀਕ ਨਾਲ ਜਿੱਥੇ ਇੱਕ ਪਾਸੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਹੀ ਕਿਸਾਨਾਂ ’ਤੇ ਆਰਥਿਕ ਬੋਝ ਵੀ ਘੱਟ ਪਵੇਗਾ ਕਿਉਂਕਿ ਲਵਾਈ ਮੌਕੇ ਲੇਬਰ ’ਤੇ ਆਉਣ ਵਾਲਾ ਸਿੱਧਾ ਖਰਚਾ ਤਾਂ ਬਚੇਗਾ ਤੇ ਨਾਲ ਹੀ ਖੇਤਾਂ ਨੂੰ ਪਾਣੀ ਨਾਲ ਭਰ ਕੇ ਵਾਹੁਣ ਦਾ ਖਰਚਾ ਵੀ ਬਚੇਗਾ। ਸ਼੍ਰੀ ਰਾਮਵੀਰ ਨੇ ਕਿਹਾ ਕਿ ਅਜੋਕੇ ਸਮੇਂ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਵਰਤੋਂ ਪ੍ਰਤੀ ਸੁਹਿਰਦ ਹੋ ਕੇ ਸੋਚਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਦੀ ਅੰਨੇ੍ਹਵਾਹ ਦੁਰਵਰਤੋਂ ਨੇ ਕੁਦਰਤੀ ਸਰੋਤਾਂ ਦਾ ਵੱਡਾ ਨੁਕਸਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਰੇ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ ਤਾਂ ਧਰਤੀ ਹੇਠਲੇ ਪਾਣੀ ਉੱਪਰ ਆਉਣ ਦੀ ਵੀ ਸੰਭਾਵਨਾ ਹੈ ਕਿਉਂਕਿ ਇਸ ਵਿਧੀ ਨਾਲ ਬੀਜੇ ਝੋਨੇ ਵਿੱਚ ਪਾਣੀ ਰਵਾਇਤੀ ਤਰੀਕੇ ਨਾਲੋਂ ਜ਼ਿਆਦਾ ਜ਼ੀਰਦਾ ਹੈ ਤੇ ਪਾਣੀ ਦੀ ਲੋੜ ਵੀ ਘੱਟ ਹੁੰਦੀ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦੱਸਿਆ ਕਿ ਝੋਨੇ ਦੀ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ ਦਾ ਢੁੱਕਵਾਂ ਸਮਾਂ 01 ਜੂਨ ਤੋਂ 15 ਜੂਨ ਤੱਕ ਹੈ ਅਤੇ ਬਾਸਮਤੀ ਕਿਸਮਾਂ ਦੀ ਬਿਜਾਈ ਦਾ ਢੁੱਕਵਾਂ ਸਮਾਂ 16 ਜੂਨ ਤੋਂ 30 ਜੂਨ ਤੱਕ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।