ਕਾਂਗਰਸ ਸਰਕਾਰ ਨੂੰ ਬੇਰੁਜਗਾਰ ਅਧਿਆਪਕਾਂ ਦਾ ‘ਖੂਨ ਪੀਣੀ ਸਰਕਾਰ’ ਦਾ ਨਾਮ ਦਿੱਤਾ
-
66 ਦਿਨਾਂ ਤੋਂ ਟਾਵਰ ’ਤੇ ਬੈਠੇ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਸਰਕਾਰ ਨੇ ਨਹੀਂ ਲਈ ਸਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਵਿਲੱਖਣ ਪ੍ਰਦਰਸ਼ਨ ਕਰਦਿਆਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁਤਲੇ ਨੂੰ ਆਪਣਾ ਕੱਢਿਆ ਹੋਇਆ ਖੂਨ ਪਿਆਇਆ ਅਤੇ ਉਸ ਤੋਂ ਬਾਅਦ ਉਸ ਨੂੰ ਲਾਂਬੂ ਲਾਇਆ ਗਿਆ। ਅਧਿਆਪਕਾਂ ਨੇ ਰੋਸ ਪ੍ਰਗਟਾਇਆ ਕਿ ਉਨ੍ਹਾਂ ਦੇ ਦੋ ਸਾਥੀ ਪਿਛਲੇ 66 ਦਿਨਾਂ ਤੋਂ 200 ਫੁੱਟ ਤੋਂ ਵੱਧ ਉੱਚੇ ਟਾਵਰ ’ਤੇ ਬੈਠੇ ਹੋਏ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦਕਿ ਉਨ੍ਹਾਂ ਦੀ ਸਰੀਰਕ ਹਾਲਤ ਵੀ ਲਗਾਤਾਰ ਵਿਗੜ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਲੀਲਾ ਭਵਨ ਚੌਂਕ ਤੋਂ ਇਕੱਠੇ ਹੋ ਕੇ ਫੁਹਾਰਾ ਚੌਂਕ ਤੱਕ ਸਰਕਾਰ ਵਿਰੁੱਧ ਰੋਸ ਮਾਰਚ ਕਰਦੇ ਹੋਏ ਅਮਰਿੰਦਰ ਸਰਕਾਰ ਨੂੰ ‘ਬੇਰੁਜ਼ਗਾਰਾਂ ਦਾ ਖੂਨ ਪੀਣੀ ਸਰਕਾਰ’ ਗਰਦਾਨਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਕੰਬੋਜ ਅਤੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਹਰਜੀਤ ਸਿੰਘ ਮਾਨਸਾ ਅਤੇ ਸੁਰਿੰਦਰਪਾਲ ਗੁਰਦਾਸਪੁਰ ਜੋ 66 ਦਿਨਾਂ ਤੋਂ ਟਾਵਰ ’ਤੇ ਬੈਠੇ ਹਨ, ਸਰਕਾਰ ਵੱਲੋਂ ਉਨ੍ਹਾਂ ਨੂੰ ਵੀ ਬੁਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਅਤੇ ਸਿੱਖਿਆ ਮੰਤਰੀ ਸਿਰਫ਼ ਚੋਣਾਂ ਲਈ ਸਮਾਂ ਟਪਾ ਰਹੇ ਹਨ।
ਪਿਛਲੇ ਦਿਨੀਂ ਉਨ੍ਹਾਂ ਦੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਮੀਟਿੰਗ ਵੀ ਹੋਈ, ਪਰ ਇਸ ਮੀਟਿੰਗ ਦੌਰਾਨ ਮੰਗਾਂ ਜਲਦੀ ਹੱਲ ਹੋਣ ਦੀ ਗੱਲ ਕਹੀ ਗਈ, ਪਰ ਸਮਾਂ ਤੈਅ ਨਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਸਿਰਫ਼ ਲਾਅਰੇ ਲੱਪੇ ਵਾਲੀਆਂ ਹੀ ਸਾਬਤ ਹੋਈਆਂ ਹਨ। ਸਰਕਾਰਾਂ ਨੂੰ ਘਰ-ਘਰ ਨੌਕਰੀ ਦੇ ਵਾਅਦੇ ਇਸ ਵਾਰ ਨੌਜਵਾਨ ਪਿੰਡਾਂ ਵਿੱਚ ਵੋਟਾਂ ਮੰਗਣ ਮੌਕੇ ਯਾਦ ਕਰਵਾਉਣਗੇ ਅਤੇ ਇਨ੍ਹਾਂ ਤੋਂ ਜਵਾਬ ਮੰਗਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਹਰ ਵਿਭਾਗ ਵਿੱਚ ਅਸਾਮੀਆਂ ਖਾਲੀਆਂ ਪਈਆਂ ਹਨ। ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਸੇਵਾਮੁਕਤ ਅਧਿਆਪਕਾਂ ਨੂੰ ਦੁਬਾਰਾ ਬੁਲਾ ਕੇ ਬੇਰੁਜਗਾਰ ਅਧਿਆਪਕਾਂ ਦੇ ਰੁਜਗਾਰ ਨੂੰ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਜਲਦੀ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸੁਲਿੰਦਰ ਕੰਬੋਜ, ਗੁਰਦੀਪ ਮਾਨਸਾ, ਸੋਨੀਆ ਪਟਿਆਲਾ, ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ, ਬਲਵਿੰਦਰ ਪਟਿਆਲਾ, ਰਮਨਦੀਪ ਕੌਰ ਬਠਿੰਡਾ, ਰਾਜੀਵ ਭੁੱਲਣ, ਅਮਨਦੀਪ ਕੌਰ, ਪਰਗਟ ਮਾਨਸਾ, ਨੈਬ ਸਿੰਘ, ਗੁਰਦੀਪ ਮਾਨਸਾ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।