ਮਹਿੰਗੀ ਸਾਬਤ ਹੋਈ ਲਾਪਰਵਾਹੀ

ਮਹਿੰਗੀ ਸਾਬਤ ਹੋਈ ਲਾਪਰਵਾਹੀ

ਕੋਰੋਨਾ ਵਇਰਸ ਦੀ ਦੂਜੀ ਲਹਿਰ ਨੇ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ’ਚ ਵੀ ਹਾਹਾਕਾਰ ਮਚਾਉਣ ਵਾਲੇ ਹਲਾਤ ਪੈਦਾ ਕਰ ਦਿੱਤੇ ਹਨ। ਵਾਇਰਸ ਦੀ ਇਹ ਦੂਜੀ ਲਹਿਰ ਕੋਰੋਨਾ ਦੇ ਬਦਲੇ ਹੋਏ ਮਿਜ਼ਾਜ ਕਰਕੇ ਪਹਿਲਾਂ ਨਾਲੋਂ ਜਿਆਦਾ ਤੇਜ਼ ਹੈ। ਫਿਲਹਾਲ ਹਸਪਤਾਲਾਂ ’ਚ ਕੋਰੋਨਾ ਮਰੀਜਾਂ ਦੀ ਭੀੜ ਲੱਗੀ ਹੋਈ ਹੈ। ਸਾਡੇ ਡਾਕਟਰ ਅਤੇ ਨਰਸਾਂ ਤਨਦੇਹੀ ਨਾਲ ਇਨ੍ਹਾਂ ਮਰੀਜਾਂ ਦੇ ਇਲਾਜ ’ਚ ਜੁਟੇ ਹੋਏ ਹਨ, ਪਰ ਵਾਇਰਸ ਦਾ ਪ੍ਰਕੋਪ ਐਨਾ ਕੁ ਜਿਆਦਾ ਹੈ ਕਿ ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਦੀ ਘਾਟ ਪੈ ਰਹੀ ਹੈ। ਹਸਪਤਾਲਾਂ ’ਚ ਇੱਕ-ਇੱਕ ਬੈੱਡ ’ਤੇ ਦੋ-ਦੋ ਮਰੀਜਾਂ ਵਾਲੇ ਹਲਾਤ ਹਨ। ਕੋਰੋਨਾ ਵਾਇਰਸ ਨਾਲ ਗ੍ਰਸਤ ਕਈ ਮਰੀਜਾਂ ਨੂੰ ਆਕਸੀਜਨ ਦੇਣ ਦੀ ਜ਼ਰੂਰਤ ਪੈਂਦੀ ਹੈ, ਉਸ ਤੋਂ ਬਾਅਦ ਲੋੜ ਪੈਣ ’ਤੇ ਰੈਸਪੀਰੇਟਰ ਵੀ ਲਾਉਣਾ ਪੈਂਦਾ ਹੈ।

ਕਿੰਨੇ ਹੀ ਹਸਪਤਾਲ ਅਜਿਹੇ ਹਨ ਜਿੱਥੇ ਮਰੀਜਾਂ ਦੀ ਜਿਆਦਾ ਗਿਣਤੀ ਦੇ ਚੱਲਦਿਆਂ ਰੈਸਪੀਰੇਟਰ ਪੂਰੇ ਨਹੀਂ ਆ ਰਹੇ ਹਨ। ਹਲਾਤ ਗੰਭੀਰ ਹੋਣ ਕਾਰਨ ਹਰ ਕੋਈ ਡਰਿਆ ਹੋਇਆ ਹੈ ਅਤੇ ਹਲਾਤ ਵਿਗੜਦੇ ਪ੍ਰਤੀਤ ਹੋ ਰਹੇ ਹਨ। ਕੋਰੋਨਾ ਵਾਇਰਸ ਦੀ ਇਸ ਦੂਜੀ ਲਹਿਰ ਨੇ ਜਿਸ ਤੇਜੀ ਨਾਲ ਦੇਸ਼ ਨੂੰ ਆਪਣੀ ਗਿ੍ਰਫ਼ਤ ’ਚ ਲਿਆ ਹੈ, ਉਸ ਦੀ ਉਮੀਦ ਨੀਤੀ ਘਾੜਿਆਂ ਅਤੇ ਡਾਕਟਰਾਂ ਨੂੰ ਵੀ ਨਹੀਂ ਸੀ। ਸਵਾਲ ਇਹ ਹੈ ਕਿ ਜਦੋਂ ਹੋਰ ਦੇਸ਼ ਕੋਰੋਨਾ ਦੀ ਦੂਜੀ-ਤੀਜੀ ਲਹਿਰ ਨਾਲ ਜੱਦੋ-ਜ਼ਹਿਦ ਕਰ ਰਹੇ ਸਨ ਤਾਂ ਸਾਡੇ ਦੇਸ਼ ਦੇ ਨੀਤੀਕਾਰ ਇਹ ਕਿਉਂ ਸੋਚੀ ਬੈਠੇ ਸਨ ਕਿ ਭਾਰਤ ’ਚ ਅਜਿਹਾ ਨਹੀਂ ਹੋਵੇਗਾ? ਜਨਵਰੀ-ਫਰਵਰੀ ’ਚ ਜਦੋਂ ਪਹਿਲੀ ਲਹਿਰ ਮੱਠੀ ਪਈ ਸੀ ਤਾਂ ਪਤਾ ਨਹੀਂ ਕਿਉਂ ਸਮੁੱਚੇ ਸਿਹਤ ਤੰਤਰ ਅਤੇ ਡਾਕਟਰ ਇਹ ਮੰਨ ਗਏ ਸਨ ਕਿ ਦੇਸ਼ ਮਹਾਂਮਾਰੀ ਤੋਂ ਉੱਭਰ ਰਿਹਾ ਹੈ?

ਸਿੱਟਾ ਇਹ ਨਿੱਕਲਿਆ ਕਿ ਜਿਸ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਪਿਛਲੇ ਸਾਲ ਅਗਸਤ-ਸਤੰਬਰ ਤੋਂ ਸ਼ੁਰੂ ਹੋਈਆਂ ਸਨ, ਉਨ੍ਹਾਂ ’ਚ ਢਿੱਲ ਆ ਗਈ। ਇਸੇ ਦੇ ਨਾਲ-ਨਾਲ ਲੋਕ ਵੀ ਲਾਪਰਵਾਹ ਹੋ ਗਏ। ਪਿਛਲੇ ਸਾਲ ਇਹ ਸਿੱਟਾ ਕੱਢਿਆ ਗਿਆ ਸੀ ਕਿ ਕੋਰੋਨਾ ਵਾਇਰਸ ਨਾਲ ਲੜਨ ਦਾ ਇੱਕ ਵੱਡਾ ਹਥਿਆਰ ਆਕਸੀਜਨ ਹੀ ਹੈ, ਇਸੇ ਲਈ ਪੂਰੇ ਦੇਸ਼ ’ਚ 160 ਤੋਂ ਜ਼ਿਆਦਾ ਆਕਸੀਜਨ ਪਲਾਂਟ ਲਾਉਣ ਦਾ ਫੈਸਲਾ ਵੀ ਕੀਤਾ ਗਿਆ, ਪਰ ਕਿਸੇ ਨੇ ਵੀ ਇਹ ਨਹੀਂ ਦੇਖਿਆ ਕਿ ਕਿੱਥੇ ਕਿੰਨੇ ਪਲਾਂਟ ਕਿੰਨੇ ਸਮੇਂ ’ਚ ਲੱਗ ਰਹੇ ਹਨ? ਆਖ਼ਰ ਇਸ ਨੂੰ ਲਾਪਰਵਾਹੀ ਤੋਂ ਇਲਾਵਾ ਹੋਰ ਕੀ ਕਿਹਾ ਜਾ ਸਕਦਾ ਹੈ ? ਜਦੋਂ ਜਨਵਰੀ-ਫਰਵਰੀ ’ਚ ਆਕਸੀਜਨ ਦੀ ਮੰਗ ਵਧੀ ਤਾਂ ਹੋਰ ਸੁਸਤੀ ਆ ਗਈ। ਆਕਸੀਜਨ ਨੂੰ ਲੰਮੀ ਦੂਰੀ ਤੱਕ ਭੇਜਣਾ ਮੁਸ਼ਕਲ ਹੁੰਦਾ ਹੈ। ਸਾਡੇ ਦੇਸ਼ ’ਚ ਆਕਸੀਜਨ ਢੋਹਣ ਦੇ ਲਈ ਟੈਂਕਰ ਲੋੜੀਂਦੀ ਗਿਣਤੀ ’ਚ ਨਹੀਂ ਹਨ।

ਪਿਛਲੇ ਦਿਨੀਂ ਜਦੋਂ ਆਕਸੀਜਨ ਦੀ ਮੰਗ ਵਧਣੀ ਸ਼ੁਰੂ ਹੋਈ ਤਾਂ ਕੇਂਦਰ ਸਰਕਾਰ ਨੇ ਜਲਦਬਾਜੀ ’ਚ ਸਟੀਲ ਪਲਾਂਟਾਂ ’ਚ ਇਸਤੇਮਾਲ ਹੋਣ ਵਾਲੀ ਆਕਸੀਜਨ ਨੂੰ ਵੀ ਹਸਪਤਾਲਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ, ਪਰ ਹਲਾਤ ਸੰਭਲ ਨਹੀਂ ਰਹੇ ਹਨ। ਨਤੀਜ਼ਨ ਸਾਰੇ ਸੂਬੇ ਆਪਣੇ ਕੋਟੇ ਅਤੇ ਆਪਣੇ ਹਿੱਸੇ ਦੀ ਆਕਸੀਜਨ ਹਾਸਲ ਕਰਨ ਲਈ ਖਿੱਚੋਤਾਣ ਕਰ ਰਹੇ ਹਨ। ਇਹ ਤਾਂ ਚੰਗਾ ਹੋਇਆ ਕਿ ਪ੍ਰਧਾਨ ਮੰਤਰੀ ਨੇ ਆਕਸੀਜਨ ਦਵਾਈਆਂ ਆਦਿ ਦੀ ਕਮੀ ਦੂਰ ਕਰਨ ਲਈ ਕੁਦਰਤੀ ਆਫਤਾਂ ਐਕਟ ’ਚ ਕੁਝ ਵੱਡੀਆਂ ਸੋਧਾਂ ਤਹਿਤ ਫੈਸਲੇ ਲਏ ਅਤੇ ਆਕਸੀਜਨ ਦੀ ਪੂਰਤੀ ਕਰਨ ਲਈ ਰੇਲਵੇ ਅਤੇ ਫੌਜ ਨੂੰ ਤਾਇਨਾਤ ਕਰ ਦਿੱਤਾ।

ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ’ਤੇ ਅਤੀਤ ’ਚ ਕੀਤੀ ਗਈ ਲਾਪਰਵਾਹੀ ਹੀ ਭਾਰੀ ਪੈ ਰਹੀ ਹੈ। ਜਦੋਂ ਦਸੰਬਰ, ਜਨਵਰੀ ਅਤੇ ਫਰਵਰੀ ’ਚ ਕੋਰੋਨਾ ਸੰਕਰਮਣ ’ਚ ਕਮੀ ਆਈ ਤਾਂ ਦਵਾਈਆਂ, ਆਕਸੀਜਨ ਦੇ ਨਾਲ-ਨਾਲ ਵੈਂਟੀਲੇਟਰਾਂ ਦੀ ਮੰਗ ’ਚ ਕਮੀ ਆਈ। ਜਦੋਂ ਮੁੜ ਦੁਬਾਰਾ ਇਨ੍ਹਾਂ ਦੀ ਜਰੂਰਤ ਪੈ ਰਹੀ ਹੈ ਤਾਂ ਸਰਕਾਰਾਂ, ਸਿਹਤ ਤੰਤਰ ਅਤੇ ਹਸਪਤਾਲ ਪ੍ਰਬੰਧਕ ਬਗਲੇ ਝਾਕ ਰਹੇ ਹਨ। ਆਮ ਤੌਰ ’ਤੇ 15-20 ਫੀਸਦ ਮਰੀਜ਼ਾਂ ਨੂੰ ਹੀ ਆਕਸੀਜਨ ਦੀ ਲੋੜ ਪੈਂਦੀ ਹੈ, ਪਰ ਹੁਣ ਤਾਂ ਇੱਕ ਵੱਡੀ ਗਿਣਤੀ ’ਚ ਕੋਰੋਨਾ ਮਰੀਜਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ।

ਮਸਲਾ ਇਹ ਹੈ ਕਿ ਜਿੰਨੀ ਆਕਸੀਜਨ ਦੀ ਮੰਗ ਹੈ ਉਸ ਮੁਤਾਬਕ ਸਪਲਾਈ ਨਹੀਂ ਹੋ ਪਾ ਰਹੀ ਹੈ ਅਤੇ ਇਸ ਸਪਲਾਈ ਦੇ ਸੁਚਾਰੂ ਨਾ ਹੋਣ ’ਚ ਆਪਸੀ ਤਾਲਮੇਲ ਦਾ ਨਾ ਹੋਣਾ ਇੱਕ ਵੱਡਾ ਕਾਰਨ ਹੈ। ਭਾਰਤ ਦਾ ਸਿਹਤ ਢਾਂਚਾ ਪਹਿਲਾਂ ਤੋਂ ਹੀ ਦਰੁਸਤ ਨਹੀਂ ਸੀ। ਕੋਰੋਨਾ ਦੀ ਪਹਿਲੀ ਲਹਿਰ ਨੇ ਇਸ ਦੀ ਪੋਲ ਖੋਲ੍ਹ ਦਿੱਤੀ ਸੀ, ਪਰ ਹੁਣ ਤਾਂ ਸਭ ਕੁਝ ਹੀ ਡਾਂਵਾਡੋਲ ਹੁੰਦਾ ਨਜ਼ਰ ਆ ਰਿਹਾ ਹੈ। ਜੇਕਰ ਇਸ ਡਗਮਗਾਉਂਦੇ ਸਿਹਤ ਢਾਂਚੇ ਨੂੰ ਸਮਾਂ ਰਹਿੰਦੇ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਤਾਂ ਮੌਜ਼ੂਦਾ ਹਲਾਤ ਬਣਨ ਤੋਂ ਰੋਕੇ ਜਾ ਸਕਦੇ ਸਨ। ਘੱਟੋ-ਘੱਟ ਹੁਣ ਤਾਂ ਸਾਡੇ ਹੁਕਮਰਾਨ ਹਲਾਤਾਂ ਤੋਂ ਸਬਕ ਲੈ ਕੇ ਸੁਧਾਰ ਦੀ ਦਿਸ਼ਾ ’ਚ ਕੋਈ ਪੁਖਤਾ ਕਦਮ ਚੁੱਕਣੇ ਸ਼ੁਰੂ ਕਰ ਦੇਣ, ਕਿਉਂਕਿ ਤੀਜੀ ਲਹਿਰ ਆਉਣ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ।

ਇਹ ਮੰਨਿਆ ਜਾਣਾ ਚਾਹੀਦੈ ਕਿ ਜਿੰਨ੍ਹਾਂ ਲੋਕਾਂ ’ਤੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਦੀ ਜਿੰਮੇਵਾਰੀ ਸੀ, ਉਨ੍ਹਾਂ ਤੋਂ ਅਣਗਹਿਲੀ ਹੋਈ ਅਤੇ ਸਾਰੇ ਦੇਸ਼ ਨੂੰ ਉਸੇ ਦੇ ਨਤੀਜੇ ਭੁਗਤਣੇ ਪੈ ਰਹੇ ਹਨ।ਪਿਛਲੀ ਕੋਰੋਨਾ ਲਹਿਰ ’ਚ ਤਕਰੀਬਨ 70 ਫੀਸਦ ਅਬਾਦੀ ਵਾਲੇ ਪੇਂਡੂ ਇਲਾਕੇ ਬਚ ਗਏ ਸਨ, ਪਰ ਇਸ ਵਾਰ ਵਾਇਰਸ ਨੇ ਪਿੰਡਾਂ ’ਚ ਵੀ ਪੈਰ ਪਸਾਰ ਲਏ ਹਨ। ਮੁੰਬਈ, ਦਿੱਲੀ ਤੋਂ ਜਿਹੜੇ ਪਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਪਰਤ ਰਹੇ ਹਨ, ਉਹ ਸੰਕਰਮਣ ਨਾ ਫੈਲਾ ਸਕਣ ਇਸ ਦੇ ਲਈ ਪ੍ਰਸ਼ਾਸਨ ਨੂੰ ਹੀ ਮੁਸ਼ਤੈਦੀ ਦਿਖਾਉਣ ਪਵੇਗੀ।

ਦਿੱਲੀ ਅਤੇ ਮੁੰਬਈ ’ਚ ਫਿਲਹਾਲ ਲਾਕਡਾਊਨ ਹੈ। ਹੋਰ ਵੱਡੇ ਸ਼ਹਿਰਾਂ ’ਚ ਵੀ ਰਾਤ ਦਾ ਕਰਫਿਊ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਮੌਜੂਦਾ ਹਲਾਤਾਂ ਨੂੰ ਨਹੀਂ ਸੰਭਾਲਿਆ ਗਿਆ ਤਾਂ ਇੱਕ ਵਾਰ ਫਿਰ ਪੂਰੇ ਦੇਸ਼ ’ਚ ਲਾਕਡਾਊਨ ਲਾਉਣਾ ਪੈ ਸਕਦਾ ਹੈ। ਇਸ ਵਾਰ ਮਾਸਕ ਨੂੰ ਨੱਕ ਤੋਂ ਥੱਲੇ, ਠੋਡੀ ਜਾਂ ਸਿਰਫ ਦਾੜ੍ਹੀ ’ਤੇ ਬੰਨ੍ਹ ਕੇ ਬਚਾਅ ਨਹੀਂ ਹੋਣਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕੋਵਿਡ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਸਖ਼ਤੀ ਵਰਤਣ। ਇੰਝ ਕਰਨ ਨਾਲ ਹੀ ਸੀਮਤ ਲੋਕਾਂ ਦੇ ਨਾਲ ਆਰਥਿਕ-ਵਪਾਰਕ ਗਤੀਵਿਧੀਆਂ ਚੱਲਦੀਆਂ ਰਹਿ ਸਕਦੀਆਂ ਹਨ। ਜੋ ਲੋਕ ਘਰੋਂ ਦਫ਼ਤਰ ਦਾ ਕੰਮ ਕਰ ਸਕਦੇ ਹਨ ਉਨ੍ਹਾਂ ਨੂੰ ਇੰਝ ਹੀ ਕਰਨਾ ਚਾਹੀਦਾ ਹੈ ਅਤੇ ਜਿੰਨ੍ਹਾਂ ਲਈ ਘਰ ਤੋਂ ਬਾਹਰ ਨਿੱਕਲਣਾ ਬਹੁਤ ਜ਼ਰੂਰੀ ਹੈ

ਉਨ੍ਹਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।ਇਹ ਤੈਅ ਹੈ ਕਿ ਕੋਰੋਨਾ ਦੀ ਇਹ ਦੂਜੀ ਲਹਿਰ ਸਾਡੀ ਅਰਥਵਿਵਸਥਾ ’ਤੇ ਕੁਝ ਨਾ ਕੁਝ ਅਸਰ ਜ਼ਰੂਰ ਪਾਵੇਗੀ।ਸੱਚ ਤਾਂ ਇਹ ਹੈ ਕਿ ਇਸਦਾ ਅਸਰ ਨਜ਼ਰ ਵੀ ਆਉਣ ਲੱਗਿਆ ਹੈ। ਹੁੱਣ ਤੱਕ ਸਾਡੀ ਅਰਥਵਿਵਸਥਾ ਦਾ ਡੇਢ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਇਹ ਠੀਕ ਹੈ ਕਿ 1 ਮਈ ਤੋਂ18 ਸਾਲ ਤੋਂ ਉੱਪਰ ਵਾਲੇ ਸਾਰੇ ਲੋਕਾਂ ਨੂੰ ਟੀਕਾ ਲੱਗ ਰਿਹਾ ਹੈ, ਪਰ ਟੀਕੇ ਦਾ ਅਸਰ ਹੋਣ ਲਈ ਕੁਝ ਸਮਾਂ ਲੱਗਦਾ ਹੈ ਅਤੇ ਟੀਕਾ ਲੱਗਣ ਤੋਂ ਬਾਅਦ ਵੀ ਲੋਕ ਵਾਇਰਸ ਦੇ ਸ਼ਿਕਾਰ ਹੋ ਸਕਦੇ ਹਨ।

ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ ਟੀਕਾ ਲਵਾਉਣ ’ਚ ਲਾਪਰਵਾਹੀ ਦਿਖਾਈ ਜਾਵੇ। ਪੂਰਾ ਦੇਸ਼ ਇਸ ਵਿਪਤਾ ਨਾਲ ਨਜਿੱਠਣ ਲਈ ਪੱਬਾਂ ਭਾਰ ਹੈ, ਸੋ ਇਸ ਲਈ ਕਿਸੇ ਤਰ੍ਹਾਂ ਦੀ ਢਿੱਲ ਜਾਂ ਨਕਾਰਾਤਮਕਤਾ ਦਿਖਾਉਣਾ ਦੇਸ਼ ਹਿੱਤ ’ਚ ਨਹੀਂ ਹੈ। ਜੋ ਵੀ ਜਿੰਮੇਵਾਰੀ ਵਾਲੇ ਅਹੁਦਿਆਂ ’ਤੇ ਹਨ ਖਾਸਕਰ ਸਾਡੇ ਲੀਡਰ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬਾਕੀ ਲੋਕਾਂ ਦਾ ਮਨੋਬਲ ਵਧਾਉਣ ਦਾ ਕੰਮ ਕਰਨ। ਇਹ ਸਮਾਂ ਇੱਕ-ਦੂਜੇ ’ਤੇ ਦੂਸ਼ਣਬਾਜੀ ਅਤੇ ਕਮੀਆਂ ਕੱਢਣ ਦਾ ਨਹੀਂ ਸਗੋਂ ਇਕੱਠੇ ਹੋ ਕੇ ਇਸ ਮੁਸ਼ਕਲ ਦਾ ਸਾਹਮਣਾ ਕਰਨ ਦਾ ਹੈ। ਮੇਨ ਏਅਰ ਫੋਰਸ ਰੋਡ, ਬਠਿੰਡਾ

ਹਰਪ੍ਰੀਤ ਸਿੰਘ ਬਰਾੜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।