ਤਪਾ, (ਸੁਰਿੰਦਰ ਮਿੱਤਲ਼)। ਸਥਾਨਕ ਨਾਮਦੇਵ ਸੜਕ ’ਤੇ ਇੱਕ ਭੂਤਰੇ ਹੋਏ ਢੱਠੇ ਦੀ ਟੱਕਰ ਨੇ ਇੱਕ ਸਾਈਕਲ ਸਵਾਰ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਬਾਹਰਲੇ ਅੱਡੇ ’ਤੇ ਹਲਵਾਈ ਦੀ ਦੁਕਾਨ ਕਰਦਾ ਬਿੱਲੂ ਪਰੌਂਠਿਆ ਵਾਲਾ ਜਦੋਂ ਆਪਣੇ ਘਰੋਂ ਸਾਈਕਲ ’ਤੇ ਸਵਾਰ ਹੋ ਕੇ ਦੁਕਾਨ ’ਤੇ ਜਾ ਰਿਹਾ ਸੀ ਤਾਂ ਇੱਕ ਭੂਤਰੇ ਅਵਾਰਾ ਢੱਠੇ ਨੇ ਉਸਦਾ ਪਿੱਛਾ ਕੀਤਾ ਤਾਂ ਬਿੱਲੂ ਡਰ ਮਾਰੇ ਸਾਈਕਲ ਤੋਂ ਉੱਤਰ ਗਿਆ ਪਰ ਉਕਤ ਢੱਠੇ ਨੇ ਬਿੱਲੂ ਦੇ ਸੰਭਲਣ ਤੋਂ ਪਹਿਲਾਂ ਹੀ ਸਾਈਕਲ ਸਮੇਤ ਚੁੱਕ ਕੇ ਕਈ ਫੁੱਟ ਦੂਰ ਸੁੱਟ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਮੌਕੇ ’ਤੇ ਇੱਕਠੇ ਲੋਕਾਂ ਨੇ ਉਸਨੂੰ ਚੁੱਕ ਕੇ ਤਪਾ ਦੇ ਹਸਪਤਾਲ ਪਹੁੰਚਾਇਆ ਜਿੱਥੋਂ ਉਸਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਬਿੱਲੂ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਰਸਤੇ ਵਿੱਚ ਹੀ ਦਮ ਤੋੜ ਗਿਆ। ਇਸ ਦੁਖਦਾਈ ਮੌਤ ’ਤੇ ਸ਼ਹਿਰ ਦੀਆਂ ਸਮਾਜਸੇਵੀ, ਧਾਰਮਿਕ, ਰਾਜਨੀਤਕ ਸੰਸਥਾਵਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਪ੍ਰਗਟ ਕੀਤੀ। ਉਧਰ ਉਕਤ ਭੂਤਰੇ ਢੱਠੇ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਇਸ ਮੌਕੇ ਡੀ ਐੱਸ ਪੀ ਤਪਾ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ।
ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸਰਕਾਰ ਪ੍ਰਤੀ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਸਰਕਾਰ ਗਊ ਸੈੱਸ ਦੇ ਨਾਮ ’ਤੇ ਹਰ ਪਾਸਿਓਂ ਟੈਕਸ ਇਕੱਠਾ ਤਾਂ ਕਰਦੀ ਹੈ ਪਰ ਅਵਾਰਾ ਪਸ਼ੂ ਜੋ ਲੋਕਾਂ ਦੀ ਜਾਨ ਦੇ ਨਾਲ ਨਾਲ ਖੇਤਾਂ ’ਚ ਖੜੀ ਕਿਸਾਨਾਂ ਦੀ ਫਸਲ ਵੀ ਤਬਾਹ ਕਰਦੇ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਗਊ ਟੈਕਸ ਰਾਹੀਂ ਇਕੱਠੇ ਕੀਤੇ ਟੈਕਸ ਵਿਚੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।