ਡੇਰਾ ਸ਼ਰਧਾਲੂਆਂ ਖਿਲਾਫ਼ ਦੋਸ਼ ਬੇਬੁਨਿਆਦ ਤੇ ਝੂਠੇ

Iraq Law

ਐਡਵੋਕੇਟ ਵਿਨੋਦ ਮੋਂਗਾ ਨੇ ਪੁਲਿਸ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

ਸੱਚ ਕਹੂੰ ਨਿਊਜ਼
ਫਰੀਦਕੋਟ। ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਦੀ ਸਿਟ ਵੱਲੋਂ ਐਫਆਈਆਰ ਨੰਬਰ 128 ’ਚ ਗਿ੍ਰਫਤਾਰ ਛੇ ਡੇਰਾ ਪ੍ਰੇਮੀਆਂ ਨੂੰ ਅੱਜ ਫਰੀਦਕੋਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਵੱਲੋਂ ਸੱਤ ਦਿਨ ਦਾ ਰਿਮਾਂਡ ਮੰਗਣ ’ਤੇ ਚਾਰ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। 21 ਮਈ ਨੂੰ ਮੁੜ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਅਦਾਲਤ ਦੀ ਕਾਰਵਾਈ ਤੋਂ ਬਾਅਦ ਡੇਰਾ ਸ਼ਰਧਾਲੂਆਂ ਦੇ ਵਕੀਲ ਐਡਵੋਕੇਟ ਵਿਨੋਦ ਮੋਂਗਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਜਿਹਨਾਂ ਡੇਰਾ ਪ੍ਰੇਮੀਆਂ ਨੂੰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ, ਇਹਨਾਂ ਖਿਲਾਫ਼ ਪੁਲਿਸ ਕੋਲ ਕੋਈ ਸਬੂਤ ਨਹੀਂ, ਪੁਲਿਸ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਪੁਲਿਸ ਨੇ ਡੇਰਾ ਪ੍ਰੇਮੀਆਂ ਦੇ ਜੋ ਇਕਬਾਲੀਆ ਬਿਆਨਾਂ ਦੀ ਗੱਲ ਕਹੀ ਹੈ, ਉਹ ਪੁਲਿਸ ਨੇ ਜਬਰਦਸਤੀ ਲਿਖਵਾਏ ਹਨ ਇਹ ਤਾਂ ਪੰਜਾਬ ਪੁਲਿਸ ਦਾ ਤਰੀਕਾ ਹੀ ਬਣਿਆ ਹੋਇਆ ਹੈ ਕਿ ਪੁਲਿਸ ਸਿਆਸੀ ਇਸ਼ਾਰਿਆਂ ’ਤੇ ਹੀ ਅਜਿਹੇ ਕੰਮ ਕਰ ਰਹੀ ਹੈ।

ਐਡਵੋਕੇਟ ਮੋਂਗਾ ਨੇ ਅੱਗੇ ਕਿਹਾ ਕਿ ਇਸ ਮਾਮਲੇ ’ਚ ਸੀਬੀਆਈ ਦੁਆਰਾ ਕੀਤੀ ਗਈ ਜਾਂਚ ਵਿੱਚ ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਸੰਨੀ ਦੋ ਡੇਰਾ ਪੇ੍ਰਮੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਸੀ ਸੀਬੀਆਈ ਨੇ ਆਪਣੀ ਜਾਂਚ ਵਿੱਚ 7-8 ਵਿਗਿਆਨਕ ਟੈਸਟ ਵੀ ਕੀਤੇ ਸਨ, ਜਿਸ ਵਿੱਚ ਡੇਰਾ ਪ੍ਰੇਮੀ ਦੋਸ਼ ਮੁਕਤ ਕਰਾਰ ਦਿੱਤੇ ਸਨ ਤੇ ਸੀਬੀਆਈ ਨੇ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦਿੰਦਿਆਂ ਮੋਹਾਲੀ ਅਦਾਲਤ ’ਚ ਜਾਂਚ ਰਿਪੋਰਟ ਵੀ ਸੌਂਪ ਦਿੱਤੀ ਸੀ।

ਉਕਤ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ

ਉਹਨਾਂ ਕਿਹਾ ਕਿ ਭਾਵੇਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਦੁਬਾਰਾ ਜਾਂਚ ਪੰਜਾਬ ਪੁਲਿਸ ਨੂੰ ਸੌਂਪ ਦਿੱਤੀ ਸੀ ਪਰ ਹਾਈਕੋਰਟ ਵੱਲੋਂ ਸੀਬੀਆਈ ਦੀ ਰਿਪੋਰਟ ਰੱਦ ਨਹੀਂ ਕੀਤੀ ਗਈ ਐਡਵੋਕੇਟ ਮੋਂਗਾ ਨੇ ਕਿਹਾ ਕਿ ਉਕਤ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਬਿਨਾਂ ਵਜ੍ਹਾ ਡੇਰਾ ਪ੍ਰੇਮੀਆਂ ਨੂੰ ਇਸ ਵਿੱਚ ਫਸਾਇਆ ਜਾ ਰਿਹਾ ਹੈ।

ਪੁਲਿਸ ਵੱਲੋਂ ਬਰਾਮਦਗੀ ਦੇ ਨਾਂਅ ’ਤੇ ਲਏ ਰਿਮਾਂਡ ਸਬੰਧੀ ਐਡਵੋਕੇਟ ਮੋਂਗਾ ਨੇ ਕਿਹਾ ਕਿ ਇਹ ਮਾਮਲਾ 2015 ਦਾ ਹੈ ਤੇ ਅਜੇ ਤੱਕ ਪੁਲਿਸ ਛੇ ਸਾਲਾਂ ਵਿੱਚ ਬਰਾਮਦਗੀ ਨਹੀਂ ਕਰ ਸਕੀ ਤਾਂ ਹੁਣ ਕਿੱਥੋਂ ਹੋਵੇਗੀ, ਇਹ ਤਾਂ ਬਿਨਾ ਵਜ੍ਹਾ ਡੇਰਾ ਪੇ੍ਰਮੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਹੋਰ ਕੁਝ ਨਹੀਂ ਦੱਸਿਆ ਜਾਂਦਾ ਹੈ ਕਿ ਬੀਤੇ ਐਤਵਾਰ ਨੂੰ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਨੇ ਛੇ ਡੇਰਾ ਸ਼ਰਧਾਲੂਆਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕੀਤਾ ਸੀ, ਜਿਹਨਾਂ ਵਿੱਚ ਸੁਖਜਿੰਦਰ ਸਿੰਘ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ ਰਣਜੀਤ ਸ਼ਾਮਲ ਸਨ।

ਹਰ ਧਰਮ ਦਾ ਸਤਿਕਾਰ ਕਰਦੇ ਹਾਂ : ਹਰਚਰਨ ਇੰਸਾਂ

45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਬਿਨਾ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਡੇਰਾ ਪ੍ਰੇਮੀ ਹਰ ਧਰਮ ਦਾ ਸਤਿਕਾਰ ਕਰਦੇ ਹਨ ਤੇ ਸਾਨੂੰ ਡੇਰਾ ਸੱਚਾ ਸੌਦਾ ਤੋਂ ਸਿੱਖਿਆ ਵੀ ਇਹੀ ਮਿਲੀ ਹੈ ਡੇਰਾ ਪ੍ਰੇਮੀ ਅਜਿਹੇ ਕੰਮ ਬਾਰੇ ਸੋਚ ਵੀ ਨਹੀਂ ਸਕਦੇ ਕਰਨਾ ਤਾਂ ਦੂਰ ਦੀ ਗੱਲ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।