ਕੀ ਪੰਜਾਬੀ ਯੂਨੀਵਰਸਿਟੀ ਆਪਣਾ ਰੁਤਬਾ ਬਹਾਲ ਕਰ ਸਕੇਗੀ?

ਕੀ ਪੰਜਾਬੀ ਯੂਨੀਵਰਸਿਟੀ ਆਪਣਾ ਰੁਤਬਾ ਬਹਾਲ ਕਰ ਸਕੇਗੀ?

ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸਦੀ ਸਥਾਪਨਾ 30 ਅਪਰੈਲ, 1962 ਨੂੰ ਕੀਤੀ ਗਈ ਸੀ, ਜਿਸਦਾ ਮੁੱਖ  ਉਦੇਸ਼ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀਅਤ ਦਾ ਵਿਕਾਸ ਕਰਨਾ ਹੈ ਜਿਸ ਉਦੇਸ਼ ਨਾਲ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ, ਉਸ ਉਦੇਸ਼ ਵਿਚ ਪੰਜਾਬੀ ਯੂਨੀਵਰਸਿਟੀ ਕਿੰਨੀ ਕੁ ਸਫਲ ਹੋਈ? ਜਾਂ ਇਹ ਕਹਿ ਸਕਦੇ ਹਾਂ ਇਸ ਲਈ ਕਿੰਨੇ ਕੁ ਉਪਰਾਲੇ ਕੀਤੇ ਗਏ?
ਇਹ ਅਜੋਕੇ ਸਮੇਂ ਦੇ ਵੱਡੇ ਸਵਾਲ ਆਪਣਾ ਮੂੰਹ ਅੱਡੀ ਸਾਡੇ ਸਾਹਮਣੇ ਖੜ੍ਹੇ ਹਨ ਕੋਈ ਵੀ ਕੌਮ ਉਨਾ ਸਮਾਂ ਹੀ ਜਿਉਂਦੀ ਰਹਿ ਸਕਦੀ ਹੈ, ਜਿੰਨਾ ਸਮਾਂ ਉਸਦੀ ਭਾਸ਼ਾ ਜਿਉਂਦੀ ਰਹੂਗੀ, ਪਰੰਤੂ ਸਾਡੀ ਮਾਨਸਿਕਤਾ ਵਿਚ ਪੰਜਾਬੀ ਭਾਸ਼ਾ ਪ੍ਰਤੀ ਚੇਤਨਤਾ ਨਹੀਂ ਨਜ਼ਰ ਆ ਰਹੀ ਮੌਜੂਦਾ ਸਮੇਂ ਪੰਜਾਬ ਸਰਕਾਰ ਦੁਆਰਾ ਪੰਜਾਬੀ ਯੂਨੀਵਰਸਿਟੀ ਨੂੰ ਅਤੇ ਪੰਜਾਬੀ ਯੂਨੀਵਰਸਿਟੀ ਦੁਆਰਾ ਕੁੱਝ ਕੋਰਸਾਂ ਵਿਚ ਪੰਜਾਬੀ ਭਾਸ਼ਾ ਨੂੰ ਬੰਦ ਕਰਨ ਤੋਂ ਸਰਕਾਰ ਅਤੇ ਅਥਾਰਟੀ ਦੀ ਮਾਨਸਿਕਤਾ ਵਿਚ ਪੰਜਾਬੀ ਭਾਸ਼ਾ ਬਾਰੇ ਬਣ ਚੁੱਕੀ ਧਾਰਨਾ ਸਪੱਸ਼ਟ ਹੁੰਦੀ ਹੈ

ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਵਿਕਸਿਤ ਕਰਨ ਵਿਚ ਜੋ ਉਪਰਾਲੇ ਕਰ ਰਹੀ ਹੈ ਉਹ ਬਹੁਤ ਸੀਮਤ ਹਨ ਜਦੋਂਕਿ ਇਨ੍ਹਾਂ ਉਪਰਾਲਿਆਂ ਨੂੰ ਹੋਰ ਵਧਾਉਣ ਦੀ ਲੋੜ ਹੈ ਪਰ ਸਵਾਲ ਬਣਦਾ ਹੈ ਕਿ ਇਹ ਸਥਿਤੀ ਪੈਦਾ ਕਿਉਂ ਹੋਈ? ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਯੂਨੀਵਰਸਿਟੀ ਨੂੰ ਉਸਦਾ ਬਣਦਾ ਗ੍ਰਾਂਟ ਦਾ ਹਿੱਸਾ ਜਾਰੀ ਨਹੀਂ ਕਰ ਰਹੀ ਹੈ ਇੱਥੋਂ ਇਹ ਵੀ ਗੱਲ ਸਪੱਸ਼ਟ ਹੁੰਦੀ ਹੈ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਆਪ ਹੀ ਸੁਹਿਰਦ ਨਹੀਂ ਹੈ ਉਹ ਪੰਜਾਬੀ ਭਾਸ਼ਾ ਨਾਲ ਸਬੰਧਿਤ ਬਣੀ ਪੰਜਾਬੀ ਯੂਨੀਵਰਸਿਟੀ ਨੂੰ ਉਸਦਾ ਬਣਦਾ ਮਾਣ ਨਾ ਦੇ ਕੇ ਉਸ ਦੀ ਜਗ੍ਹਾ ਨਵੀਆਂ ਯੂਨੀਵਰਸਿਟੀਆਂ ਖੋਲ੍ਹਣ ਨੂੰ ਪਹਿਲ ਦੇ ਰਹੀ ਹੈ ਨਵੀਆਂ ਯੂਨੀਵਰਸਿਟੀਆਂ ਨੂੰ ਉਸਾਰਨ ਲਈ ਭਾਰੀ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਪੰਜਾਬੀ ਯੂਨੀਵਰਸਿਟੀ ਨੂੰ ਉਸਦਾ ਬਣਦਾ ਹੱਕ ਨਾ ਦੇ ਕੇ ਉਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ
ਪੰਜਾਬ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਬਣਾਉਣ ਦਾ ਮਕਸਦ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਹੈ ਪੰਜਾਬੀ ਯੂਨੀਵਰਸਿਟੀ, ਜੋ ਕਿ ਮੌਜੂਦਾ ਸਮੇਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਤੇ ਅੰਕੜੇ ਦੱਸਦੇ ਹਨ ਕਿ 1993 ਤੋਂ ਬਾਦ ਪੰਜਾਬ ਸਰਕਾਰ ਤੋਂ ਆਉਣ ਵਾਲੀ ਗ੍ਰਾਂਟ ਘਟਣ ਲੱਗ ਗਈ ਜੋ ਕਿ ਮੌਜੂਦਾ ਸਮੇਂ 13 ਪ੍ਰਤੀਸ਼ਤ ਹੈ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਘਟਾਉਣ ਦੇ ਪਿੱਛੇ ਤਰਕ ਦਿੱਤਾ ਜਾਂਦਾ ਹੈ ਕਿ ਯੂਨੀਵਰਸਿਟੀ ਆਪਣੇ ਸਰੋਤ ਖੁਦ ਪੈਦਾ ਕਰੇ ਇਸ ਤਰਕ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਇੱਕ ਸੋਚੀ-ਸਮਝੀ ਸਾਜਿਸ਼  ਵਧੇਰੇ ਜਾਪਦਾ ਹੈ ਇੱਥੇ ਇਹ ਗੱਲ ਕਰਨੀ ਵੀ ਬਣਦੀ ਹੈ ਕਿ ਆਖਰ ਪੰਜਾਬੀ ਯੂਨੀਵਰਸਿਟੀ  ਅੱਜ ਤੱਕ ਆਪਣੀ ਕੋਈ ਵੱਕਾਰੀ ਪਹਿਚਾਣ ਕਿਉਂ ਨਹੀਂ ਬਣਾ ਸਕੀ? 1993 ਤੋਂ ਪਹਿਲਾਂ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ 100 ਪ੍ਰਤੀਸ਼ਤ ਗ੍ਰਾਂਟ ਦਿੰਦੀ ਰਹੀ, ਜਿਸ ਨਾਲ ਪੰਜਾਬੀ ਯੂਨੀਵਰਸਿਟੀ ਸਰਪਲੱਸ ਚੱਲਦੀ ਰਹੀ

ਇਸ ਸਮੇਂ ਤੋਂ ਬਾਦ ਪੰਜਾਬੀ ਯੂਨੀਵਰਸਿਟੀ ਵਿਚ ਇੱਕ ਡਾਊਨਫਾਲ ਆਉਂਦਾ ਹੈ ਜਿਸ ਵਿਚ ਯੂਨੀਵਰਸਿਟੀ ਅਧਿਕਾਰੀ ਇਸ ਤਰ੍ਹਾਂ ਚੁਣੇ ਜਾਂਦੇ ਹਨ ਜੋ ਬੇਨਿਯਮੀਆਂ ਕਰਦੇ ਹਨ ਤੇ ਪੰਜਾਬੀ ਯੂਨੀਵਰਸਿਟੀ ਨੂੰ ਖੋਰਾ ਲਾਉਣ ਦਾ ਕਾਰਨ ਬਣਦੇ ਹਨ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ਵਿਚ ਜੋ ਅਧਿਕਾਰੀ ਹਨ, ਚਾਹੇ ਉਹ ਅਧਿਆਪਨ ਅਮਲਾ ਜਾਂ ਗੈਰ-ਅਧਿਆਪਨ ਅਮਲਾ ਹੈ, ਉਨ੍ਹਾਂ ਸਾਰਿਆਂ ਨੂੰ ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣੀ ਜਿੰਮੇਵਾਰੀ ਸਮਝਣ ਦੀ ਲੌੜ ਹੈ ਵਰਤਮਾਨ ਸਮੇਂ ਜਦੋਂ ਅਸੀਂ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਯੂਨੀਵਰਸਿਟੀ ਜਿਆਦਾਤਰ ਕੱਚੇ ਮੁਲਾਜਮਾਂ ਦੇ ਸਿਰ ’ਤੇ ਖੜ੍ਹੀ ਹੈ ਪੰਜਾਬੀ ਯੂਨੀਵਰਸਿਟੀ ਅਧੀਨ ਜੋ ਕੱਚੇ ਮੁਲਾਜ਼ਮ ਕੰਮ ਕਰ ਰਹੇ ਹਨ, ਚਾਹੇ ਉਹ ਨੇਬਰਹੁਡ ਕੈਂਪਸ, ਕਾਂਸਟੀਚਿਊਟ ਕਾਲਜ, ਰੀਜ਼ਨਲ ਸੈਂਭਰ, ਇੰਜੀਨੀਅਰਿੰਗ ਕਾਲਜ ਜਾਂ ਯੂਨੀਵਰਸਿਟੀ ਮੇਨ ਕੈਂਪਸ ਵਿਚ ਹਨ, ਉਨ੍ਹਾਂ ਨੇ ਆਪਣੇ ਮੋਢਿਆਂ ’ਤੇ ਭਾਰ ਚੁੱਕ ਰੱਖਿਆ ਹੈ, ਪਰ ਯੂਨੀਵਰਸਿਟੀ ਅਧਿਕਾਰੀ ਹੁੁਣ ਤੱਕ ਬਾਹਰਲੇ ਸੈਂਟਰਾਂ ਵਾਲੇ
ਕੱਚੇ ਮੁਲਾਜਮਾਂ ਨੂੰ ਆਪਣਾ ਹਿੱਸਾ ਸਵੀਕਾਰਨ ਤੋਂ ਵੀ ਨਕਾਰਦੇ ਰਹੇ ਹਨ
ਪੰਜਾਬੀ ਯੂਨੀਵਰਸਿਟੀ ਅਧਿਕਾਰੀ ਉਨ੍ਹਾਂ ਕੱਚੇ ਮੁਲਾਜ਼ਮਾਂ, ਜਿਹੜੇ ਆਪਣੇ ਮੋਢਿਆਂ ’ਤੇ ਭਾਰ ਚੁੱਕ ਕੇ ਤੁਰ ਰਹੇ ਨੇ, ਨੂੰ ਬਣਦਾ ਰੁਤਬਾ ਦੇਣ ਲਈ ਤਿਆਰ ਨਹੀਂ ਹੈ ਜੇਕਰ ਯੂਨੀਵਰਸਿਟੀ ਅਧਿਕਾਰੀ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦੇਣਗੇ ਤਾਂ ਇਹ ਸੁਭਾਵਿਕ ਗੱਲ ਹੈ ਜਾਂ ਤਾਂ ਉਹ ਯੂਨੀਵਰਸਿਟੀ ਛੱਡ ਕੇ ਕੋਈ ਹੋਰ ਰਾਹ ਲੱਭਣਗੇ ਜਾਂ ਫੇਰ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਣਗੇ ਪੰਜਾਬੀ ਯੂਨੀਵਰਸਿਟੀ ਦੇ ਬਾਹਰਲੇ ਸੈਂਟਰਾਂ ਨੇਬਰਹੁੱਡ ਕੈਂਪਸ, ਕਾਂਸਟੀਚਿਊਟ ਕਾਲਜ਼, ਇੰਜੀਨੀਅਰਿੰਗ ਕਾਲਜ ਅਤੇ ਰੀਜਨਲ ਸੈਂਟਰਾਂ ’ਚੋਂ ਬਹੁਤ ਸਾਰਾ ਰੈਗੂਲਰ ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਆਪਣੀਆਂ ਬਦਲੀਆਂ ਕਰਵਾ ਚੁੱਕਾ ਹੈ ਇਨ੍ਹਾਂ ਸੈਂਟਰਾਂ ਵਿਚ ਮੌਜੂਦਾ ਸਮੇਂ ਕੱਚੇ ਅਧਿਆਪਕਾਂ ਰਾਹੀਂ ਅਧਿਆਪਨ ਕੀਤਾ ਜਾ ਰਿਹਾ ਹੈ

ਇਨ੍ਹਾਂ ਸੈਂਟਰਾਂ ਦਾ ਇੱਕ ਦਰਦ ਇਹ ਵੀ ਹੈ ਕਿ ਇੱਥੇ ਕੋਈ ਲੋਕਲ ਵਿਅਕਤੀ ਰੈਗੂਲਰ ਨਹੀਂ ਕੀਤਾ ਗਿਆ, ਜੇ ਕੋਈ ਵਿਅਕਤੀ ਲੱਗਾ ਹੋਇਆ ਹੈ ਉਹ ਕਾਫੀ ਸਮੇਂ ਤੋਂ ਕੱਚਾ ਹੈ ਜਦੋਂ ਰੈਗੂਲਰ ਭਰਤੀ ਹੁੰਦੀ ਰਹੀ ਹੈ ਤਾਂ ਉੱਥੇ ਜਿਆਦਤਰ ਰੈਗੂਲਰ ਉਹ ਹੋਏ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਪਹਿਲਾਂ ਹੀ ਯੂਨਵਿਰਸਿਟੀ ਵਿਚ ਲੱਗਾ ਹੋਇਆ ਹੈ ਅਸਲ ਵਿਚ ਜੋ  ਵਿਅਕਤੀ ਮਿਹਨਤ ਨਾਲ ਅੱਗੇ ਵੱਧਦਾ ਹੈ, ਉਸ ਲਈ ਸਫਲਤਾ ਕਦਮ ਚੁੰਮਦੀ ਹੈ ਅਤੇ ਜੋ ਬਿਨਾਂ ਮਿਹਨਤ ਕੀਤੇ ਹੀ ਕੁਰਸੀਆਂ ’ਤੇ ਬੈਠਦੇ ਹਨ ਉਨ੍ਹਾਂ ਨੂੰ ਸਫਲਤਾ ਦਾ ਕੋਈ ਰਾਹ ਨਹੀਂ ਦਿਸਦਾ ਤੇ ਉਹ ਆਪਣੀ ਸੰਸਥਾ ਨੂੰ ਵੀ ਅਸਫਲਤਾ ਵੱਲ ਧੱਕ ਦਿੰਦੇ ਹਨ ਇਹੋ-ਜਿਹੇ ਵਿਅਕਤੀ ਗੈਰ-ਢੰਗ ਨਾਲ ਜਿਆਦਾ ਲੱਗੇ ਹੋਏ ਹਨ ਤੇ ਆਪਣੀ ਅਫਸਰਸ਼ਾਹੀ ਕੱਚੇ ਮੁਲਾਜ਼ਮਾਂ ’ਤੇ ਕਰਦੇ ਹਨ
ਇਨ੍ਹਾਂ ਸੈਂਟਰਾਂ ਵਿਚ ਸੇਵਾਦਾਰ, ਜੋ ਕਿ ਰੈਗੂਲਰ ਹੈ, ਉਸ ਦੀ ਪੁਗਤ ਜਿਆਦਾ ਹੈ ਜਦੋਂਕਿ ਕੱਚੇ ਅਧਿਆਪਕ (ਜਿਸ ਦੀ ਯੋਗਤਾ ਰੈਗੂਲਰ ਅਧਿਆਪਕ ਜਿੰਨੀ ਹੈ) ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਕੱਚੇ ਅਧਿਆਪਕਾਂ ਦੁਆਰਾ ਮਿਹਨਤ ਨਾਲ ਕੀਤੇ ਕੰਮ ਦਾ ਸਾਰਾ ਸਿਹਰਾ ਇਹ ਅਫਸਰਸ਼ਾਹੀ ਲੈ ਜਾਂਦੀ ਹੈ ਯੂਨੀਵਰਸਿਟੀ ਦੇ ਕੁਝ ਬਾਹਰਲੇ ਸੈਂਟਰਾਂ ਵਿਚ ਦਾਖਲਿਆਂ ਦੀ ਗਿਣਤੀ ਘੱਟ ਹੈ ਉਨ੍ਹਾਂ ਸੈਂਟਰਾਂ ਵਿਚ ਜੋ ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਹੈ ਉਹ ਯੂਨੀਵਰਸਿਟੀ ਅਨੁਸਾਰ ਯੋਗਤਾਵਾਂ ਪੂਰੀਆਂ ਕਰਦਾ ਰੱਖਿਆ ਹੋਇਆ ਹੈ ਫਿਰ ਵੀ ਉੱਥੇ ਦਾਖਲੇ ਕਿਉਂ ਘੱਟ ਹਨ? ਜਿੱਥੇ ਯੂਨੀਵਰਸਿਟੀ ਵਰਕਲੋਡ ਬਾਰੇ ਪੱਤਰ ਜਾਰੀ ਕਰ ਰਹੀ ਹੈ, ਉੱਥੇ ਇਹ ਵੀ ਵੇਖਣਾ ਬਣਦਾ ਹੈ ਕਿ ਉਸ ਵਰਕਲੋਡ ਰਾਹੀਂ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਹੈ ਜੇਕਰ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਤਾਂ ਉਸਦੇ ਕੀ ਕਾਰਨ ਹਨ? ਉਨ੍ਹਾਂ ਦੀ ਪੜ੍ਹਾਉਣ ਯੋਗਤਾ ਸ਼ੰਕੇ ਵਿਚ ਹੈ? ਯੂਨੀਵਰਸਿਟੀ ਦੇ ਬਾਹਰਲੇ ਸੈਂਟਰਾਂ ਵਿਚ ਬਹੁਤ ਸਾਰੇ ਅਮਲੇ ਦੀ ਇਹ ਸੋਚ ਹੈ ਕਿ ਇਹ ਸੈਂਟਰ ਜੇਕਰ ਬੰਦ ਹੋਵੇ ਤਾਂ ਸਾਡੀਆਂ ਬਦਲੀਆਂ ਪਟਿਆਲੇ ਜਾਂ ਆਪਣੇ ਘਰ ਦੇ ਨੇੜੇ-ਤੇੜੇ ਹੋ ਸਕਣ ਜਿੰਨਾ ਸਮਾਂ ਅਸੀਂ ਆਪਣੇ ਨਿੱਜੀ ਹਿੱਤਾਂ ਨੂੰ ਛੱਡ ਕੇ ਯੂਨੀਵਰਸਿਟੀ ਲਈ ਨਹੀਂ ਸੋਚਦੇ ਉਨਾ ਸਮਾਂ ਸਾਡਾ ਆਪਣਾ ਵੀ ਕੁਝ ਨਹੀਂ ਬਣ ਸਕਦਾ ਹੈ

ਅਕਸਰ ਯੂਨੀਵਰਸਿਟੀ ਬਾਰੇ ਸਾਡੇ ਕਰਮਚਾਰੀ ਇਹ ਸ਼ਬਦ ਵਰਤਦੇ ਹਨ ਕਿ ਯੂਨੀਵਰਸਿਟੀ ਤਾਂ ਜ਼ੀਰੋ ਹੋਈ ਪਈ ਹੈ ਜੋ ਕਿ ਬਹੁਤ ਹੀ ਗਲਤ ਹੈ ਇਸ ਸਬੰਧੀ ਡਾ. ਸਰਦਾਰਾ ਸਿੰਘ ਜੌਹਲ ਜੋ ਕਿ ਸਾਬਕਾ ਵਾਇਸ ਚਾਂਸਲਰ ਵੀ ਰਹਿ ਚੁੱਕੇ ਹਨ ਪੰਜਾਬੀ ਯੂਨੀਵਰਸਿਟੀ ਦੇ ਉਨ੍ਹਾਂ ਦੀ ਧਾਰਨਾ ਹੈ ਕਿ, ਜੇ ਤੁਸੀਂ ਇਹ ਕਹੋ ਕਿ ਸਾਡੀ ਸੰਸਥਾ ਜਾਂ ਯੂਨੀਵਰਸਿਟੀ ਨਿਕੰਮੀ ਹੈ ਜਾਂ ਜ਼ੀਰੋ ਹੈ ਤਾਂ ਇਹ ਨਹੀਂ ਭੁੱਲਣਾ ਚਾਹੀਦਾ  ਕਿ ਤੁਸੀਂ ਵੀ ਉਸੇ ਨਿਕੰਮੀ ਅਤੇ ਜੀਰੋ ਦੇ ਮੈਂਬਰ ਹੋ ਤੁਸੀਂ ਨਿੱਜੀ ਤੌਰ ’ਤੇ ਵੀ ਨਿਕੰਮੇ ਅਤੇ ਜੀਰੋ ਹੋਣ ਤੋਂ ਬਚ ਨਹੀਂ ਸਕਦੇ ਜੇ ਤੁਸੀਂ ਆਪਣੀ ਸੰਸਥਾ ਨੂੰ ਇੱਕ ਨੰਬਰ ਬਣਾਉਂਦੇ ਹੋ ਤਾਂ ਤੁਸੀਂ ਵੀ ਉਸੇ ਤਰ੍ਹਾਂ ਇੱਕ ਨੰਬਰ ਦੇ ਅਧਿਆਪਕ ਜਾਂ ਵਿਦਿਆਰਥੀ ਹੋ
ਪੰਜਾਬੀ ਯੂਨੀਵਰਸਿਟੀ ਦੇ ਨਵੇਂ ਨਿਯੁਕਤ ਹੋਏ ਵਾਇਸ ਚਾਂਸਲਰ ਡਾ. ਅਰਵਿੰਦ ਜੋ ਇਸ ਕਾਰਜ ਨੂੰ ਚੁਣੌਤੀ ਮੰਨਦੇ ਹਨ ਤੇ ਉਨ੍ਹਾਂ ਨੇ ਜਿੰਦਗੀ ਵਿਚ ਬਹੁਤ ਸਾਰੀਆਂ ਚੁਣੌਤੀਆਂ ਨੂੰ ਸਰ ਵੀ ਕੀਤਾ ਹੈ ਇਸ ਚੁਣੌਤੀ ਨੂੰ ਹੱਲ ਕਰਨ ਲਈ ਉਹਨਾਂ ਨੂੰ ਸਮੁੱਚੇ ਅਮਲੇ ਦਾ ਸਾਥ ਚਾਹੀਦਾ ਹੈ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਨੂੰ ਸਮੁੱਚੇ ਤੌਰ ’ਤੇ ਉੱਦਮਾਂ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ ਯੂਨੀਵਰਸਿਟੀ ਦੀ ਕਾਮਯਾਬੀ ਅਤੇ ਨਾ-ਕਾਮਯਾਬੀ ਵਿਚ ਪੂਰੇ ਅਮਲੇ ਦਾ ਯੋਗਦਾਨ ਹੁੰਦਾ ਹੈ

ਯੂਨੀਵਰਸਿਟੀ ਲਈ ਜੋ ਵੀ ਮਿਹਨਤ ਕਰਦਾ ਹੈ ਉਸ ਨੂੰ ਉਸਦਾ ਮੁੱਲ ਮਿਲਣਾ ਚਾਹੀਦਾ ਹੈ ਕਿਉਂਕਿ ਜੋ ਵੀ ਮਿਹਨਤ ਕਰੇਗਾ ਉਸ ਨਾਲ ਯੂਨੀਵਰਸਿਟੀ ਆਪਣੇ ਪੁਰਾਣੇ ਮੁਕਾਮ ਵੱਲ ਵਧੇਗੀ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪੰਜਾਬੀ ਯੂਨੀਵਰਸਿਟੀ ਲਈ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇਹ ਫਿਰ ਤੋਂ ਆਪਣਾ ਰੁਤਬਾ ਕਾਇਮ ਕਰ ਸਕੇ
ਜਸਪਾਲ ਮਾਨਬੀਬੜੀਆਂ
ਸਹਾਇਕ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ,
ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ, ਝੁਨੀਰ (ਮਾਨਸਾ)
ਮੋ. 98784-61770
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।