ਗਿਆਨ ਰੂਪੀ ਪ੍ਰਕਾਸ਼ ਕਰਦਾ ਹੈ ਸੱਚਾ ਗੁਰੂ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ‘ਗੁਰੂ’ ਦੇ ਅਰਥ ਬਾਰੇ ਫ਼ਰਮਾਉਂਦੇ ਹਨ ਕਿ ‘ਗੁ’ ਦਾ ਅਰਥ ਹਨ੍ਹੇਰਾ ਅਤੇ ‘ਰੂ’ ਦਾ ਅਰਥ ਪ੍ਰਕਾਸ਼ ਅਰਥਾਤ ਜੋ ਅਗਿਆਨਤਾ ਰੂਪੀ ਹਨ੍ਹੇਰੇ ਵਿੱਚ ਗਿਆਨ ਰੂਪੀ ਪ੍ਰਕਾਸ਼ ਕਰ ਦੇਵੇ ਉਹ ਸੱਚਾ ਗੁਰੂ ਹੈ। ਗੁਰੂ ਜੋ ਕਹਿੰਦਾ ਹੈ ਉਨ੍ਹਾਂ ਗੁਣਾਂ ਨੂੰ ਧਾਰਨ ਕਰੋ, ਉਹੀ ਕਰੋ ਜੋ ਉਹ ਤੁਹਾਡੇ ਲਈ ਹੁਕਮ ਕਰਦਾ ਹੈ ਕਿਉਂਕਿ ਸੱਚਾ ਗੁਰੂ ਕਦੇ ਵੀ ਕਿਸੇ ਲਈ ਗਲਤ ਹੁਕਮ ਨਹੀਂ ਕਰਦਾ। ਗੁਰੂ ਅੱਲ੍ਹਾ, ਮਾਲਕ, ਵਾਹਿਗੁਰੂ ਦੀ ਭਗਤੀ ਕਰਨ ਲਈ ਕਹਿੰਦਾ ਹੈ ਅਤੇ ਮਾਲਕ ਦੀ ਔਲਾਦ ਦੀ ਨਿਹਸਵਾਰਥ ਭਾਵਨਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਅਸੀਂ ਸਾਰੇ ਇੱਕ ਮਾਲਕ ਦੀ ਔਲਾਦ ਹਾਂ ਅਤੇ ਜੋ ਉਸ ਮਾਲਕ ਦੀ ਭਗਤੀ-ਇਬਾਦਤ ਕਰਦਾ ਹੈ ਉਸ ਨੂੰ ਮਾਲਕ ਆਪਣੇ ਰਹਿਮੋ-ਕਰਮ ਨਾਲ ਜ਼ਰੂਰ ਨਿਵਾਜਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਗੁਰੂ, ਪੀਰ-ਫ਼ਕੀਰ ਸਭ ਨੂੰ ਨੇਕੀ ਤੇ ਸੱਚ ਦੀ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਚੁਗਲੀ, ਨਿੰਦਿਆ ਤੋਂ ਬਚ ਕੇ ਰਹੋ ਕਿਉਂਕਿ ਨਿੰਦਿਆ ਕਰਨ ਵਾਲੇ ਦੇ ਨਾਲ ਭਾਵੇਂ ਕਿੰਨੀਆਂ ਵੀ ਡਿਗਰੀਆਂ ਭਗਤੀ ਦੀਆਂ ਲੱਗੀਆਂ ਹੋਣ, ਉਹ ਆਮ ਆਦਮੀ ਤੋਂ ਵੀ ਗਿਆ-ਗੁਜ਼ਰਿਆ ਹੁੰਦਾ ਹੈ ਕਿਉਂਕਿ ਨਿੰਦਿਆ-ਚੁਗਲੀ ਇਨਸਾਨ ਨੂੰ ਬਰਬਾਦ ਕਰਦੀ ਹੈ। ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੈ ਕਿਸੇ ਨੇ ਬਾਲਮੀਕ ਜੀ ਨੂੰ ਪੁੱਛਿਆ ਕਿ ਅਜਿਹਾ ਪਾਪ-ਕਰਮ ਕਿਹੜਾ ਹੈ ਜੋ ਆਦਮੀ ਇੱਕ ਪਲ ਵਿਚ ਕਰ ਲੈਂਦਾ ਹੈ ਅਤੇ ਸਾਰੀ ਜ਼ਿੰਦਗੀ ਉਸ ਦਾ ਪਛਤਾਵਾ ਕਰਦਾ ਰਹਿੰਦਾ ਹੈ।
ਦੋਵਾਂ ਜਹਾਨਾਂ ਵਿਚ ਮੂੰਹ ਕਾਲਾ
ਬਾਲਮੀਕ ਜੀ ਨੇ ਇੱਕ ਸ਼ਬਦ ਵਿਚ ਕਿਹਾ, ਪਰਨਿੰਦਾ। ਦੂਜਿਆਂ ਦੀ ਨਿੰਦਿਆ ਕਰਨਾ ਮਹਾਂਪਾਪ ਹੈ, ਸਭ ਤੋਂ ਵੱਡਾ ਪਾਪ ਹੈ। ਜੋ ਅਜਿਹਾ ਕਰਦੇ ਹਨ ਉਹ ਦੋਵਾਂ ਜਹਾਨਾਂ ਵਿਚ ਨਰਕ ਭੋਗਦੇ ਹਨ ਅਤੇ ਉਨ੍ਹਾਂ ਨੂੰ ਚੈਨ, ਆਨੰਦ, ਸੁਖ ਨਸੀਬ ਨਹੀਂ ਹੁੰਦਾ। ਸਿੱਖ ਧਰਮ ਅਨੁਸਾਰ ਜੇਕਰ ਤੁਸੀਂ ਕਿਸੇ ਨੂੰ ਵੀ ਬੁਰਾ ਕਹਿੰਦੇ ਹੋ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਸਗੋਂ ਨੁਕਸਾਨ ਹੀ ਹੈ ਤੁਹਾਨੂੰ ਚੈਨ ਨਹੀਂ ਮਿਲੇਗਾ। ਜੋ ਅਜਿਹਾ ਕਰਦੇ ਹਨ ਉਹ ਮਨਮੁਖ ਹੁੰਦੇ ਹਨ, ਉਹ ਕਿਸੇ ਪੀਰ-ਫ਼ਕੀਰ ਨੂੰ ਮੰਨਣ ਵਾਲੇ ਨਹੀਂ ਹੁੰਦੇ ਅਜਿਹੇ ਲੋਕਾਂ ਦਾ ਦੋਵਾਂ ਜਹਾਨਾਂ ਵਿਚ ਮੂੰਹ ਕਾਲਾ ਹੁੰਦਾ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਸੰਤ ਇਹੀ ਸਿਖਾਉਂਦੇ ਹਨ ਕਿ ਕਿਸੇ ਨੂੰ ਬੁਰਾ ਨਾ ਕਹੋ। ਜੇਕਰ ਤੁਸੀਂ ਇੱਕ ਉਂਗਲੀ ਕਿਸੇ ਵੱਲ ਚੁੱਕਦੇ ਹੋ ਤਾਂ ਤਿੰਨ ਉਂਗਲੀਆਂ ਤੁਹਾਡੇ ਵੱਲ ਉੱਠਦੀਆਂ ਹਨ।