ਸ਼ਹਿਰ ਲੁਧਿਆਣਾ ਦੀਆਂ ਮਾਰਕੀਟਾਂ ਤੇ ਬਜ਼ਾਰ ਰਹੇ ਮੁਕੰਮਲ ਬੰਦ
ਵਨਰਿੰਦਰ ਸਿੰਘ ਮਣਕੂ, ਲੁਧਿਆਣਾ। ਕੋਵਿਡ-19 ਦੀ ਦੂਜੀ ਲਹਿਰ ਨੇ ਦੇਸ਼ ਭਰ ਵਿੱਚ ਹੜਕੰਪ ਮਚਾਈ ਹੋਈ ਹੈ, ਜਿਸ ਨੂੰ ਦੇਖਦਿਆਂ ਕੈਪਟਨ ਸਰਕਾਰ ਨੇ ਵੀ ਕੋਰੋਨਾ ਵਾਇਰਸ ਤੋ ਬਚਾਅ ਲਈ ਦਿਸ਼ਾ-ਨਿਰਦੇਸ਼ ਸੂਬੇ ਵਿੱਚ ਲਾਗੂ ਕੀਤੇ ਹੋਏ ਹਨ, ਜਿਹਨਾਂ ਦੀ ਪਾਲਣਾ ਕਰਵਾਉਣ ਲਈ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਮਜਿਸਟ੍ਰੇਟ ਪ੍ਰਸ਼ਾਸਨ ਬਹੁਤ ਸਖਤ ਮਿਹਨਤ ਕਰ ਰਹੇ ਹਨ।
ਬੀਤੇ ਦਿਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲਾਇਵ ਸੈਸ਼ਨ ਵਿੱਚ ਸਾਫ-ਸਾਫ ਦੱਸਿਆ ਸੀ ਕਿ ਕੋਰੋਨਾ ਵਾਇਰਸ ਤੋ ਬਚਾਅ ਲਈ ਐਤਵਾਰ ਵੀਕਐਂਡ ਲਾਕਡਾਊਨ ਹੋਵੇਗਾ ਅਤੇ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਅਤੇ ਸਾਰੇ ਬਾਜ਼ਾਰ, ਮਾਲ, ਰੈਸਟੋਰੈਂਟ ਆਦਿ ਜਿੱਥੇ ਆਮ ਦਿਨਾਂ ਚ ਲੋਕਾਂ ਦਾ ਰੱਸ਼ ਹੁੰਦਾ ਹੈ, ਉਹ ਬੰਦ ਰਹਿਣਗੇ। ਜਿਸ ਦੀ ਪਾਲਣਾ ਕਰਦੇ ਹੋਏ ਲੁਧਿਆਣਾ ਸ਼ਹਿਰ ਵਾਸੀਆਂ ਨੇ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਵੀਕਐਂਡ ਲਾਕਡਾਊਨ ਨੂੰ ਭਰਵਾ ਹੁੰਗਾਰਾ ਦਿੱਤਾ।
ਸ਼ਹਿਰ ਦੇ ਵੱਡੇ ਬਜ਼ਾਰ ਸਾਰਾ ਗਿਲ ਰੋਡ, ਵਿਸ਼ਵਕਰਮਾ ਚੌਕ, ਘੰਟਾ ਘਰ ਚੌੜਾ ਬਜ਼ਾਰ ਅਤੇ ਸਰਾਭਾ ਨਗਰ ਕਿਪਸ ਮਾਰਕੀਟ, ਫਿਰੋਜ਼ਪੁਰ ਰੋਡ ਤੇ ਸਥਿਤ ਐਮ ਬੀ ਡੀ ਤੇ ਵੈਬ ਮਾਲ ਆਦਿ ਜਗ੍ਹਾਵਾ ਤੇ ਸੰਨਾਟਾ ਛਾਇਆ ਰਿਹਾ। ਸ਼ਹਿਰ ਦੀਆਂ ਸੜਕਾਂ ਤੇ ਜਿੱਥੇ ਸਾਰਾ ਦਿਨ ਕਾਰਾਂ ਮੋਟਰਾਂ ਦੀ ਚਹਿਲ ਪਹਿਲ ਰਹਿੰਦੀ ਸੀ ਉਥੇ ਅੱਜ ਸੜਕਾ ਤੇ ਬਹੁਤ ਘੱਟ ਆਵਾਜਾਈ ਨਜ਼ਰ ਆਈ। ਜਿਸ ਤੋਂ ਸਾਫ ਹੁੰਦਾ ਹੈ ਕਿ ਸ਼ਹਿਰ ਦੇ ਲੋਕ ਕੋਰੋਨਾ ਵਾਇਰਸ ਤੋ ਬਚਾਅ ਲਈ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।