ਕਾਗਜ਼ਾਂ ਤੱਕ ਸੀਮਤ ਹੋਈਆਂ ਸਰਕਾਰ ਦੀਆਂ ਸਫ਼ਾਈ ਮੁਹਿੰਮਾਂ
ਦੇਸ਼ ਵਿੱਚ ਹਰ ਸਾਲ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਫ਼ਾਈ ਪੰਦਰਵਾੜਾ ਮਨਾਇਆ ਜਾਂਦਾ ਹੈ ਜਿਸ ਤਹਿਤ ਸਫ਼ਾਈ ਮੁਹਿੰਮ ਚਲਾ ਕੇ ਦੇਸ਼ ਨੂੰ ਗੰਦਗੀ ਮੁਕਤ ਕਰਨ ਦੇ ਲੰਮੇ-ਚੌੜੇ ਸਰਕਾਰੀ ਦਾਅਵੇ ਵੀ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਗਰਾਂਊਡ ਪੱਧਰ ’ਤੇ ਹਕੀਕਤ ਤੋਂ ਕੋਹਾਂ ਦੂਰ ਦੀ ਗੱਲ ਹੋ ਨਿੱਬੜਦੇ ਹਨ। 2 ਅਕਤੂਬਰ 2014 ਵਿੱਚ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ। ਜਿਸ ਤਹਿਤ ਹੁਣ ਤੱਕ ਦੇਸ਼ ਦੇ ਦੋ ਲੱਖ ਤੋਂ ਜ਼ਿਆਦਾ ਪਿੰਡ, 147 ਜ਼ਿਲੇ੍ਹ ਖੁੱਲ੍ਹੇ ਵਿੱਚ ਪਖ਼ਾਨਾ ਮੁਕਤ ਹੋਣ ਦਾ ਦਾਅਵਾ ਸਰਕਾਰੀ ਅੰਕੜਿਆਂ ਵਿੱਚ ਕੀਤਾ ਜਾ ਰਿਹਾ ਹੈ ਅਤੇ ਸਵੱਛ ਭਾਰਤ ਮਿਸ਼ਨ ਅਧੀਨ ਸਵੱਛਤਾ ਦਾ ਦਾਇਰਾ ਵੀ 42 ਫ਼ੀਸਦੀ ਤੋਂ ਵਧ ਕੇ 64 ਫ਼ੀਸਦੀ ਤੋਂ ਜ਼ਿਆਦਾ ਹੋਣ ਦੇ ਅੰਕੜੇ ਦਰਸਾਏ ਜਾ ਰਹੇ ਹਨ ਪਰ ਇਨ੍ਹਾਂ ਸਰਕਾਰੀ ਅੰਕੜਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਅੱਜ ਵੀ ਧਰਾਤਲ ’ਤੇ ਨਿਗ੍ਹਾ ਮਾਰਦਿਆਂ ਸਭ ਕੁਝ ਸਪੱਸ਼ਟ ਹੋ ਜਾਂਦਾ ਹੈ।
ਜੇਕਰ ਅੱਜ ਤੋਂ 6 ਸਾਲ ਪਹਿਲਾਂ ਅਤੇ ਅੱਜ ਦੇ ਸਫ਼ਾਈ ਪ੍ਰਬੰਧਾਂ ’ਤੇ ਨਿਗ੍ਹਾ ਮਾਰੀਏ ਤਾਂ ਬਹੁਤਾ ਫਰਕ ਮਹਿਸੂਸ ਨਹੀਂ ਹੁੰਦਾ। ਅੱਜ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਨਜ਼ਰ ਆਉਂਦੇ ਹਨ। ਹਾਲਾਂਕਿ ਸਫ਼ਾਈ ਮੁਹਿੰਮਾਂ ਦੇ ਨਾਂਅ ’ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਵੀ ਖਰਚ ਕੀਤੇ ਜਾਂਦੇ ਹਨ ਪਰ ਹਾਲਤ ਕਿੱਧਰੇ ਵੀ ਸੁਧਰੇ ਨਜ਼ਰ ਨਹੀਂ ਆਉਂਦੇ। ਤਰਸਯੋਗ ਗੱਲ ਇਹ ਹੈ ਕਿ ਇਹ ਸਫ਼ਾਈ ਮੁਹਿੰਮ ਸਿਰਫ਼ 15 ਦਿਨ ਲਈ ਹੀ ਚਲਾਈ ਜਾਂਦੀ ਹੈ ਜਦੋਂਕਿ ਸਾਲ ਦੇ ਬਾਕੀ ਸਾਰੇ ਦਿਨ ਗੰਦ ਪਾਉਣ ਲਈ ਖੁੱਲ੍ਹ ਦਿੱਤੀ ਜਾਂਦੀ ਹੈ ਅਤੇ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਭਾਗ ਲੈਣ ਵਾਲੇ ਲੋਕ ਵੀ ਪੂਰਾ ਸਾਲ ਇਸ ਪੱਖੋਂ ਅਵੇਸਲੇ ਨਜ਼ਰ ਆਉਂਦੇ ਹਨ।
ਹਰ ਸਾਲ ਜਦੋਂ ਇਹ ਸਫ਼ਾਈ ਪੰਦਰਵਾੜਾ ਮਨਾਇਆ ਜਾਂਦਾ ਹੈ ਤਾਂ ਹਰ ਪਿੰਡ, ਸ਼ਹਿਰ, ਜ਼ਿਲ੍ਹੇ ਵਿੱਚ ਪਿੰਡਾਂ, ਸ਼ਹਿਰਾਂ ਅਤੇ ਜ਼ਿਲ੍ਹਿਆਂ ਸਿਆਸੀ ਪ੍ਰਤੀਨਿਧੀਆਂ ਤੋਂ ਇਲਾਵਾ ਸਰਕਾਰੀ ਅਧਿਕਾਰੀ ਵੀ ਅਖ਼ਬਾਰਾਂ ਵਿੱਚ ਆਪਣੀ ਬੱਲੇ-ਬੱਲੇ ਕਰਵਾਉਣ ਦੀ ਪ੍ਰਵਿਰਤੀ ਅਧੀਨ ਹੱਥ ਵਿੱਚ ਝਾੜੂ ਫੜ ਕੇ ਆਪਣੀਆਂ ਫੋਟੋਆਂ ਖਿਚਵਾਉਂਦੇ ਨਜ਼ਰ ਆਉਂਦੇ ਹਨ। ਬਹੁਤੀ ਵਾਰ ਤਾਂ ਇਹ ਫੋਟੋ ਵੀ ਅਜਿਹੀਆਂ ਥਾਵਾਂ ’ਤੇ ਖਿਚਵਾਈਆਂ ਜਾਂਦੀਆ ਹਨ ਜਿੱਥੇ ਪਹਿਲਾਂ ਹੀ ਸਫ਼ਾਈ ਹੋਈ ਹੁੰਦੀ ਹੈ ਯਾਨੀ ਇਹ ਮੁਹਿੰਮਾਂ ਸਿਰਫ਼ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਨ ਤੱਕ ਸੀਮਤ ਹੋ ਕੇ ਰਹਿ ਜਾਂਦੀਆਂ ਹਨ। ਬਹੁਤੀ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਚੌਂਕ-ਚੁਰਾਹਿਆਂ ਵਿੱਚ ਸਫ਼ਾਈ ਸਬੰਧੀ ਸਲੋਗਨ ਵੀ ਛਪਵਾਏ ਜਾਂਦੇ ਹਨ ਪਰ ਅਜਿਹੇ ਸਲੋਗਨਾਂ ਦੇ ਕੋਲ ਹੀ ਗੰਦਗੀ ਦੇ ਲੱਗੇ ਵੱਡੇ ਢੇਰ ਸਰਕਾਰ ਅਤੇ ਪ੍ਰਸ਼ਾਸਨ ਦੀ ਕਹਿਣੀ ਅਤੇ ਕਰਨੀ ’ਤੇ ਵੱਡੇ ਸਵਾਲ ਖੜੇ੍ਹ ਕਰਦੇ ਨਜ਼ਰ ਆਉਂਦੇ ਹਨ।
ਸ਼ਹਿਰਾਂ ਦੀਆਂ ਨਗਰ ਪਾਲਿਕਾਵਾਂ ਵੱਲੋਂ ਸ਼ਹਿਰ ਵਿੱਚ ਰੱਖੇ ਗਏ ਕੂੜਾਦਾਨਾਂ ਵਿੱਚੋਂ ਵੀ ਸਮੇਂ ਸਿਰ ਕੂੜਾ ਨਹੀਂ ਚੁੱਕਿਆ ਜਾਂਦਾ ਜਿਸ ਕਾਰਨ ਇਹ ਵੀ ਸਾਰਾ ਸਾਲ ਨੱਕੋ-ਨੱਕ ਭਰੇ ਵਿਖਾਈ ਦਿੰਦੇ ਹਨ। ਇਨ੍ਹਾਂ ਕੂੜੇਦਾਨਾਂ ਦੇ ਬਾਹਰ ਹੀ ਕੂੜੇ ਦੇ ਢੇਰ ਆਮ ਵੇਖੇ ਜਾ ਸਕਦੇ ਹਨ। ਆਮ ਲੋਕਾਂ ਅਤੇ ਸਰਕਾਰੀ ਤੰਤਰ ਦੀ ਅਜਿਹੀ ਮਨੋਵਿਵਸਥਾ ਨਾਲ ਸਫ਼ਾਈ ਮੁਹਿੰਮਾਂ ਨੂੰ ਸਫ਼ਲ ਨਹੀਂ ਬਣਾਇਆ ਜਾ ਸਕਦਾ ਅਤੇ ਨਾ ਹੀ ਸਾਲ ਵਿੱਚੋਂ ਕੇਵਲ 15 ਦਿਨ ਲਈ ਅਜਿਹੀਆਂ ਮੁਹਿੰਮਾਂ ਚਲਾ ਕੇ ਆਪਣੇ ਆਸ-ਪਾਸ ਨੂੰ ਸਾਫ਼ ਰੱਖਿਆ ਜਾ ਸਕਦਾ ਹੈ ਕਿਉਂਕਿ ਗੰਦਗੀ ਰੋਜ਼ਾਨਾ ਫੈਲਦੀ ਹੈ।
ਇੱਕ ਅਨੁਮਾਨ ਅਨੁਸਾਰ, ਭਾਰਤ ਵਿੱਚ 1,57,478 ਟਨ ਕਚਰਾ ਹਰ ਰੋਜ਼ ਇਕੱਠਾ ਹੁੰਦਾ ਹੈ ਪਰ ਇਸ ਵਿੱਚੋਂ ਸਿਰਫ਼ 25 ਪ੍ਰਤੀਸ਼ਤ ਕਚਰੇ ਦੇ ਨਿਪਟਾਰੇ ਦਾ ਹੀ ਪ੍ਰਬੰਧ ਹੈ। ਬਾਕੀ ਸਾਰਾ ਕੂੜਾ ਸੜਕਾਂ, ਗਲੀਆਂ ਆਦਿ ਵਿੱਚ ਹੀ ਪਿਆ ਰਹਿੰਦਾ ਹੈ ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਗੰਭੀਰ ਬਿਮਾਰੀਆਂ ਪੈਦਾ ਹੁੰਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ, ਸ਼ਹਿਰਾਂ ਵਿੱਚ ਨਗਰ ਪਾਲਿਕਾਵਾਂ ਅਤੇ ਨਗਰ ਕੌਸਲਰਾਂ ਦੀ ਜਵਾਬਦੇਹੀ ਬਣਾਈ ਜਾਵੇ ਜੋ ਉਹ ਆਪਣੇ-ਆਪਣੇ ਵਾਰਡ ਵਿੱਚ ਜਿੱਥੇ ਸਫ਼ਾਈ ਦਾ ਪੂਰਾ ਖਿਆਲ ਰੱਖਣ, ਉੱਥੇ ਹੀ ਸਮੇਂ-ਸਮੇਂ ’ਤੇ ਅਜਿਹੀਆਂ ਸਫ਼ਾਈ ਮੁਹਿੰਮਾਂ ਚਲਾ ਕੇ ਆਪਣੇ ਚਾਰ-ਚੁਫੇਰੇ ਨੂੰ ਸਦਾ ਲਈ ਸਾਫ਼ ਰੱਖਣ ਲਈ ਲੋਕਾਂ ਨੂੰ ਸਾਰਾ ਸਾਲ ਹੀ ਜਾਗਰੂਕ ਕਰਦੇ ਰਹਿਣ। ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਸਰਕਾਰੀ ਅਧਿਕਾਰੀਆਂ ਦੀ ਵੀ ਪੂਰੀ ਜਵਾਬਦੇਹੀ ਹੋਣੀ ਚਾਹੀਦੀ ਹੈ। ਬੀ ਡੀ ਪੀ ਓ ਵੱਲੋਂ ਸਮੇਂ-ਸਮੇਂ ’ਤੇ ਪਿੰਡਾਂ ਵਿੱਚ ਜਾ ਕੇ ਸਫ਼ਾਈ ਵਿਵਸਥਾ ਨੂੰ ਚੈੱਕ ਕਰਨਾ ਚਾਹੀਦਾ ਹੈ ਅਤੇ ਸ਼ਹਿਰਾਂ ਵਿੱਚ ਐਸ ਡੀ ਐਮ, ਤਹਿਸੀਲਦਾਰ ਅਤੇ ਨਗਰ ਪਾਲਿਕਾ ਚੇਅਰਮੈਨ ਵੱਲੋਂ ਸਫ਼ਾਈ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਪੂਰਾ ਸਾਲ ਹੀ ਸਫ਼ਾਈ ਪ੍ਰਬੰਧ ਚੱਲਦੇ ਰਹਿਣ ਅਤੇ ਹਰ ਪਾਸੇ ਸੁੰਦਰਤਾ ਬਣੀ ਰਹੇ।
ਅੱਜ ਸਰਕਾਰ ਵੱਲੋਂ ਇਨ੍ਹਾਂ ਸਫ਼ਾਈ ਮੁਹਿੰਮਾਂ ਨੂੰ ਸਫ਼ਲ ਬਣਾਏ ਜਾਣ ਲਈ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ। ਸਫ਼ਾਈ ਮੁਹਿੰਮਾਂ ਨੂੰ ਸਫ਼ਲ ਕਰਨ ਲਈ ਜਿੰਨੀ ਜ਼ਿੰਮੇਵਾਰੀ ਸਰਕਾਰੀ ਤੰਤਰ ਦੀ ਹੈ ਉਸ ਤੋਂ ਜ਼ਿਆਦਾ ਜ਼ਿਮੇਵਾਰੀ ਆਮ ਲੋਕਾਂ ਦੀ ਵੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਪਿੰਡਾਂ, ਸ਼ਹਿਰਾਂ ਵਿੱਚ ਸਫ਼ਾਈ ਪ੍ਰਬੰਧ ਬਣਾਈ ਰੱਖਣ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਅਤੇ ਆਪਣੇ ਪੱਧਰ ’ਤੇ ਵੀ ਆਪਣੇ ਆਸ-ਪਾਸ ਦੀ ਸਫ਼ਾਈ ਦਾ ਹਮੇਸ਼ਾ ਖਿਆਲ ਰੱਖਣ ਤਾਂ ਕਿ ਇਹ ਸਫ਼ਾਈ ਮੁਹਿੰਮਾਂ ਪੂਰੀ ਤਰ੍ਹਾਂ ਸਫ਼ਲ ਹੋ ਸਕਣ ਅਤੇ ਲੋਕ ਬਿਮਾਰੀਆਂ ਤੋਂ ਬਚੇ ਰਹਿਣ।
ਜਗਤਾਰ ਸਮਾਲਸਰ
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953