…ਕੀ ਸਾਡੇ ਵਾਂਗ ਕਰਨਗੀਆਂ ਔਰਤਾਂ ਮੁਫ਼ਤ ਸਫ਼ਰ?
ਜਦੋਂ ਅਸੀਂ ਸਮਰਾਲੇ ਸਰਕਾਰੀ ਆਈਟੀਆਈ ਵਿੱਚ ਪੜ੍ਹਦੇ ਸੀ, ਉਦੋਂ ਸਾਡਾ ਬੱਸ ਪਾਸ ਬਣਿਆ ਹੋਇਆ ਸੀ। ਮੈਂ ਤੇ ਮੇਰਾ ਦੀਸ਼ ਦੋਸਤ ਰੋਜ਼ ਖਮਾਣੋਂ ਤੋਂ ਸਮਰਾਲੇ ਲਈ ਬੱਸ ਅੱਡੇ ਪਹੁੰਚ ਜਾਂਦੇ। ਅਸੀਂ ਘੰਟਾ-ਘੰਟਾ ਬੱਸ ਉਡੀਕਦੇ, ਬੱਸ ਆਉਂਦੀ ਨਾ, ਜੇ ਆਉਂਦੀ ਗੋਲੀ ਵਾਂਗ ਬਿਨਾ ਰੁਕੇ ਲੰਘ ਜਾਂਦੀ, ਸਾਨੂੰ ਇਸ ਗੱਲ ਦੀ ਬਹੁਤ ਪਰੇਸ਼ਾਨੀ ਹੁੰਦੀ। ਇਕੱਲੇ ਅਸੀਂ ਹੀ ਨਹੀਂ ਹੋਰ ਵਿਦਿਆਰਥੀ ਵੀ ਹੁੰਦੇ ਸਨ ਜੋ ਕਿਸੇ ਸਰਕਾਰੀ ਸੰਸਥਾ ਜਾਂ ਕਾਲਜ ਪੜ੍ਹਦੇ ਸਨ। ਬੱਸ ਜੇ ਰੁਕਦੀ ਵੀ ਤਾਂ ਉਹ ਵੀ ਖਮਾਣੋਂ ਦੀਆਂ ਸਵਾਰੀਆਂ ਉਤਾਰਨ ਲਈ ਨਾ ਕਿ ਚੁੱਕਣ ਲਈ।
ਜੇ ਬੱਸ ਚੜ੍ਹ ਜਾਂਦੇ ਤਾਂ ਉੱਥੇ ਵੀ ਸਾਨੂੰ ਏਦਾਂ ਦੇਖਿਆ ਜਾਂਦਾ ਜਿਵੇਂ ਅਸੀਂ ਕੁਝ ਲੁੱਟ ਲਿਆ ਹੋਵੇ। ਸਾਡਾ ਪਾਸ ਚੰਗੀ ਤਰ੍ਹਾਂ ਚੈੱਕ ਕੀਤਾ ਜਾਂਦਾ ਬਈ ਕੋਈ ਊਂਈ ਤਾਂ ਨਹੀਂ ਚੜਿ੍ਹਆ ਸਫ਼ਰ ਕਰਨ ਲਈ।
ਬੱਸ ਸਮਰਾਲੇ ਅੱਡੇ ਵਿੱਚ ਸਾਨੂੰ ਉਤਾਰ ਦਿੰਦੀ ਜਦੋਂਕਿ ਪਾਸ ’ਤੇ ਖਮਾਣੋਂ ਤੋਂ ਸਮਰਾਲਾ ਆਈਟੀਆਈ ਲਿਖਿਆ ਹੁੰਦਾ ਸੀ। ਸਮਰਾਲੇ ਬੱਸ ਅੱਡੇ ਤੋਂ ਰੋਜ਼ਾਨਾ ਆਈਟੀਆਈ ਇੱਕ ਕਿਲੋਮੀਟਰ ਤੁਰਕੇ ਜਾਂਦੇ ਸੀ। ਕਿਉਂਕਿ ਕਾਲਜ ਬੱਸ ਅੱਡੇ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਸੀ। ਅੱਜ ਵੀ ਵਿਦਿਆਰਥੀ ਤੁਰ ਕੇ ਜਾਂਦੇ ਵੇਖੇ ਜਾ ਸਕਦੇ ਹਨ। ਸਮਰਾਲੇ ਬੱਸ ਅੱਡੇ ਤੋਂ ਕਾਲਜ ਵਿਚਕਾਰ ਢਾਬੇ ’ਤੇ ਬੱਸ ਦਸ-ਵੀਹ ਮਿੰਟ ਲਈ ਰੁਕਦੀ ਸੀ। ਉਦੋਂ ਵਾਪਸੀ ਸਮੇਂ ਅਸੀਂ ਖੜ੍ਹੀ ਬੱਸ ਵਿੱਚ ਚੜ੍ਹ ਜਾਂਦੇ ਨਹੀਂ ਗਰਮੀ ਵਿੱਚ ਵੀ ਤੁਰਨਾ ਪੈਂਦਾ ਸੀ।
ਕਈ ਕੁੜੀਆਂ ਤਾਂ ਬੱਸ ਚੜ੍ਹਦੀਆਂ ਹੀ ਨਹੀਂ ਸਨ ਉਹ ਸ਼ਰਮ ਮੰਨਦੀਆਂ ਸਨ ਕਿ ਭੱਜ ਕੇ ਬੱਸ ਚੜ੍ਹਾਂਗੀਆਂ! ਜੇ ਕੋਈ ਇੱਕ-ਅੱਧੀ ਕੋਸ਼ਿਸ਼ ਕਰਦੀ ਉਹ ਡਿੱਗ ਜਾਂਦੀ। ਡਿੱਗਦੇ ਅਸੀਂ ਵੀ ਬਹੁਤ ਸੀ ਪਰ ਪਿੰਡਾਂ ਵਾਲੇ ਹੋਣ ਕਰਕੇ ਅਸੀਂ ਢੀਠ ਸੀ ਚੜ੍ਹ ਹੀ ਜਾਂਦੇ ਸੀ ਜਿਵੇਂ ਗੰਨੇ ਦੀ ਟਰਾਲੀ ਤੋਂ ਗੰਨਾ ਖਿੱਚ ਕੇ ਦਮ ਲੈਂਦੇ ਸੀ। ਇਹ ਵਰਤਾਰਾ ਰੋਜ਼ ਦਾ ਕੰਮ ਸੀ। ਇੱਕ ਦਿਨ ਕਾਲਜ ਵਾਪਸੀ ਸਮੇਂ ਸਾਡੀ ਮੁਲਾਕਾਤ ਪਿਤਾ ਜੀ ਦੇ ਡਰਾਈਵਰ ਦੋਸਤ ਨਾਲ ਹੋਗੀ, ਡਰਾਈਵਰ ਨੇ ਮੇਰੇ ਪਿੰਡ ਦਾ ਨਾਂਅ ਪੁੱਛਿਆ ਜਿਸ ਤੋਂ ਡਰਾਈਵਰ ਨੂੰ ਪਤਾ ਲੱਗਾ ਕਿ ਮੈਂ ਉਹਦੇ ਦੋਸਤ ਦਾ ਮੁੰਡਾ ਹਾਂ। ਡਰਾਈਵਰ ਅੰਕਲ ਦਾ ਰੂਟ ਸਵੇਰੇ ਕਾਲਜ ਸਮੇਂ ਦਾ ਸੀ। ਅਸੀਂ ਆਪਣੀ ਮੁਸ਼ਕਲ ਦੱਸੀ। ਉਨ੍ਹਾਂ ਕਿਹਾ, ਮੈਂ ਤੁਹਾਨੂੰ ਚੱਕ ਲਿਆ ਕਰਾਂਗਾ ਪਰ ਤੁਸੀਂ ਮੇਨ ਅੱਡੇ ਦੀ ਬਜਾਏ ਥੋੜ੍ਹਾ ਅੱਗੇ-ਪਿੱਛੇ ਖੜਿ੍ਹਆ ਕਰਿਉ!
ਸਾਨੂੰ ਕਈ ਮਹੀਨੇ ਮੌਜ ਲੱਗੀ ਰਹੀ, ਅਸੀਂ ਆਈਟੀਆਈ ਸਮਰਾਲੇ ਮੂਹਰੇ ਟੌਹਰ ਨਾਲ ਉੱਤਰਦੇ। ਕਈ ਦੋਸਤ ਸਵਾਲ ਕਰਦੇ, ਡਰਾਈਵਰ ਥੋਡਾ ਰਿਸ਼ਤੇਦਾਰ ਐ? ਅਸੀਂ ਕਹਿ ਦਿੰਦੇ, ਚਾਚਾ ਏ ਸਾਡਾ। ਪਰ ਸੰਘਣੀ ਧੁੰਦ ਵਿੱਚ ਚਾਚਾ ਡਰਾਈਵਰ ਵੀ ਸਾਥੋਂ ਕੰਮ ਲੈਂਦਾ ਸੀ, ਉਹਨੇ ਸਾਡੇ ’ਚੋਂ ਇੱਕ ਨੂੰ ਡਰਾਈਵਰ ਸੀਟ ਨਾਲ ਬਿਠਾ ਦੇਣਾ। ਜਦੋਂ ਬੱਸ ਦੇ ਸ਼ੀਸ਼ੀਆਂ ’ਤੇ ਧੁੰਦ ਜੰਮ ਜਾਣੀ ਤਾਂ ਕੱਪੜੇ ਨਾਲ ਅਸੀਂ ਸ਼ੀਸ਼ੇ ਸਾਫ਼ ਕਰਨੇ, ਅੱਡੇ ਵਿੱਚ ਰੁਕਣ ’ਤੇ ਇੱਕ ਜਣਾ ਬੱਸ ਮੂਹਰੇ ਨੰਬਰ ਪਲੇਟ ’ਤੇ ਚੜ੍ਹ ਕੇ ਸ਼ੀਸ਼ਾ ਸਾਫ਼ ਕਰਦਾ ਜਦੋਂ ਦੂਜੇ ਦੀ ਵਾਰੀ ਆਉਣੀ ਅੰਦਰ ਬੈਠਾ ਸ਼ੀਸ਼ੇ ਸਾਫ਼ ਕਰਦੇ ਨੂੰ ਦੇਖ ਟਿੱਚਰਾਂ ਕਰਦਾ, ਸਾਨੂੰ ਡਰ ਰਹਿੰਦਾ ਕਿ ਕੋਈ ਹੋਰ ਸਾਥੀ ਫੋਟੋ ਨਾ ਖਿੱਚ ਲਵੇ।
ਕਈ ਵਾਰ ਬੱਸ ਚੜ੍ਹਨ ਵੇਲੇ ਖਾਧੀਆਂ ਸੱਟਾਂ ਨੇ ਸਾਨੂੰ ਭੱਜ ਕੇ ਬੱਸ ਚੜ੍ਹਨਾ ਸਿਖਾ ਦਿੱਤਾ ਸੀ ਚਾਚੇ ਦੀ ਡਿਉਟੀ ਵੀ ਬਦਲ ਗਈ ਸੀ। ਸਾਨੂੰ ਫੇਰ ਕਾਲਜ ਤੱਕ ਪਹੁੰਚਣ ਲਈ ਜੱਦੋ-ਜ਼ਹਿਦ ਕਰਨੀ ਪੈਂਦੀ ਸੀ। ਮੇਰਾ ਇੱਕ ਹੋਰ ਦੋਸਤ ਜੋ ਚੜੀ ਪਿੰਡ ਤੋਂ ਚੜ੍ਹਦਾ ਸੀ ਉਸਨੇ ਪਾਸ ’ਤੇ ਚੜੀ ਤੋਂ ਸਮਰਾਲਾ ਆਈਟੀਆਈ ਲਿਖਵਾਇਆ ਹੋਇਆ ਸੀ। ਉਸਦਾ ਕੰਮ ਠੀਕ ਸੀ, ਉਸਨੂੰ ਸਮਰਾਲੇ ਖੰਨੇ ਵਾਲੀ ਬੱਸ ਮਿਲਦੀ ਉਸ ਵਿੱਚ ਚੜ੍ਹ ਜਾਂਦਾ ਨਹੀਂ ਖਮਾਣੋਂ ਵਾਲੀ ਤਾਂ ਕਿਤੇ ਗਈ ਹੀ ਨਹੀਂ ਸੀ। ਹੁਣ ਅਣਜਾਣ ਕੰਡਕਟਰ ਨੂੰ ਕੀ ਪਤਾ ਵੀ ਚੜੀ ਪਿੰਡ ਕਿੱਥੇ ਕੁ ਪੈਂਦੈ ਕੰਡਕਟਰ ਨੇ ਪੁੱਛਗਿੱਛ ਕਰਨੀ, ਅਸੀਂ ਕਹਿਣਾ ਆਹ! ਪੈਦਾ ਜੀ ਖਮਾਣੋ ਲਾਗੇ। ਸਫ਼ਰ ਸਿਰਫ਼ ਵੀਹ ਕੁ ਮਿੰਟ ਦਾ ਹੁੰਦਾ ਪਰ ਸਾਨੂੰ ਪਾਸ ਹੋਲਡਰ ਹੋਣ ਕਰਕੇ ਸੀਟ ਨਹੀਂ ਦਿੱਤੀ ਜਾਂਦੀ ਸਾਨੂੰ ਖੜ੍ਹਾ ਕੇ ਹੀ ਸਮਰਾਲੇ ਲੈਕੇ ਜਾਂਦੇ ਰਹੇ ਸਨ।
ਹੁਣ ਸਰਕਾਰ ਨੇ ਔਰਤਾਂ ਲਈ ਰੋਡਵੇਜ ਵਿੱਚ ਮੁਫ਼ਤ ਸਫ਼ਰ ਕਰ ਦਿੱਤੈ ਪਰ ਜਦੋਂ ਆਪਣੀ ਹੱਡ-ਬੀਤੀ ਸਾਹਮਣੇ ਆਉਂਦੀ ਤਾਂ ਸੋਚੀਂ ਪੈ ਜਾਈਦੈ ਵੀ ਜਦੋਂ ਸਾਡੇ ਵਰਗੇ ਨੌਜਵਾਨ ਬੱਸ ਨਹੀਂ ਚੜ੍ਹ ਸਕਦੇ ਸੀ ਤਾਂ ਔਰਤਾਂ ਕਿਵੇਂ ਮੁਫ਼ਤ ਸਫ਼ਰ ਦਾ ਅਨੰਦ ਮਾਣ ਲੈਣਗੀਆਂ? ਵਿਦਿਆਰਥੀਆਂ/ਔਰਤਾਂ/ਮੁਲਾਜ਼ਮਾਂ ਲਈ ਮੁਫ਼ਤ ਸਫ਼ਰ! ਇਕੱਲੇ ਬੰਦੇ ਕਿਵੇਂ ਸਰਕਾਰੀ ਬੱਸਾਂ ਨੂੰ ਕਾਮਯਾਬ ਕਰ ਸਕਣਗੇ? ਭਾਵੇਂ ਸਰਕਾਰ ਇਸ ਦਾ ਭਾਰ ਆਪ ਚੁੱਕੇਗੀ ਪਰ ਮੁਫ਼ਤ ਵਿੱਚ ਸਭ ਕੁਝ ਦੇਣਾ ਵੀ ਤਾਂ ਸਹੀ ਨਹੀਂ।
ਪੰਜਾਬ ਵਿੱਚ ਬੱਸ ਔਰਤਾਂ ਲਈ ਰੁਕੇਗੀ ਪਤਾ ਨਹੀਂ ਪਰ ਸਮਰਾਲੇ/ਖਮਾਣੋਂ/ਨੀਲੋਂ ਤਾਂ ਰੁਕਣ ਦੀ ਉਮੀਦ ਘੱਟ ਹੀ ਮੰਨੀ ਜਾਵੇਗੀ। ਕਿਉਂਕਿ ਹੁਣ ਖਮਾਣੋਂ ਅੱਡੇ ਉੱਪਰਦੀ ਪੁਲ ਬਣ ਗਿਆ ਹੈ, ਸਮਰਾਲੇ ਬਾਈਪਾਸ ਨਿੱਕਲ ਗਿਆ ਹੈ, ਤੇ ਨੀਲੋਂ ਵੀ ਪੁਲ ਬਣਿਆ ਹੈ। ਇਹੀ ਹਾਲ ਚੰਡੀਗੜ੍ਹ ਜਾਂਦੀਆਂ ਦਾ ਹੋਵੇਗਾ। ਬੀਬੀਆਂ ਤਾਂ ਅੱਡੇ ’ਚ ਖੜ੍ਹੀਆਂ ਹੀ ਰਹਿਣਗੀਆਂ। ਭਾਵੇਂ ਸਾਰੇ ਡਰਾਈਵਰ ਇੱਕੋ-ਜਿਹੇ ਨਹੀਂ ਹੁੰਦੇ, ਪਰ ਕਈ ਬਾਈਪਾਸ ਨਿੱਕਲਣਾ ਚੰਗਾ ਸਮਝਦੇ ਹਨ ਭਾਵੇਂ ਔਰਤਾਂ ਦੇ ਮਾਣ-ਸਨਮਾਣ ਵਿੱਚ ਸਰਕਾਰ ਇਹ ਸਹੂਲਤ ਲੈ ਕੇ ਆਈ ਹੈ, ਉੱਥੇ ਹੀ ਸਰਕਾਰ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਔਰਤਾਂ ਨੂੰ ਬੱਸ ਵਿੱਚ ਸਹੀ ਤਰੀਕੇ ਨਾਲ ਚੜ੍ਹਾਇਆ ਜਾਂਦਾ ਹੈ ਕਿ ਨਹੀਂ? ਕਿਤੇ ਸਾਡੇ ਵਾਂਗ ਇਹ ਔਰਤਾਂ ਸੱਟ-ਫੇਟ ਦਾ ਸ਼ਿਕਾਰ ਨਾ ਹੋ ਜਾਣ!
ਮੋ. 88724-88769
ਜਸਵੰਤ ਸਿੰਘ ਲਖਣਪੁਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.