ਫੈਕਟਰੀ ਦਾ ਲੈਂਟਰ ਡਿੱਗਣ ਕਾਰਨ 3 ਮੌਤਾਂ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ/ਵਨਰਿੰਦਰ ਸਿੰਘ ਮਣਕੂ) । ਡਾਬਾ ਰੋਡ ਸਥਿਤ ਉਦਯੋਗਿਕ ਖੇਤਰ ਦੇ ਮੁਕੰਦ ਸਿੰਘ ਨਗਰ ਵਿਚ ਇਕ ਚਾਰ ਮੰਜਿਲਾ ਆਟੋ ਪਾਰਟਸ ਫੈਕਟਰੀ ਦੀ ਛੱਤ ਡਿਗਣ ਕਾਰਨ ਤਿੰਨ ਮਜਦੂਰਾਂ ਦੀ ਮੌਤ ਹੋ ਗਈ ਤੇ 7 ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੂਸਾਰ ਸਵੇਰੇ ਮੁਕੰਦ ਨਗਰ ਦੇ ਉਦਯੋਗਿਕ ਖੇਤਰ ’ਚ ਉਸ ਸਮੇਂ ਭਾਜੜ ਪੈ ਗਈ ਜਦੋਂ ਭਾਰੀ ਧਮਾਕੇ ਨਾਲ ਇਕ ਫੈਕਟਰੀ ਦੀ ਤੀਜੀ ਮੰਜਿਲ ਦੀ ਛੱਤ ਡਿੱਗ ਗਈ। ਪਤਾ ਲੱਗਾ ਹੈ ਕਿ ਇਸ ਫੈਕਟਰੀ ਵਿੱਚ ਤੀਜੀ ਮੰਜਿਲ ਦੀ ਉਸਾਰੀ ਲਈ ਉਸ ਦਾ ਲੈਂਟਰ ਜੈਕਾਂ ਰਾਹੀਂ ਉੱਚਾ ਚੁੱਕਿਆ ਜਾ ਰਿਹਾ ਸੀ ਤੇ ਸਵੇਰ ਦੇ 9.50 ਵਜੇ ਲੈਂਟਰ ਡਿੱਗ ਪਿਆ ਤੇ ਫੈਕਟਰੀ ’ਚ ਕੰਮ ਕਰ ਰਹੇ 40 ਦੇ ਕਰੀਬ ਮਜਦੂਰ ਮਲਬੇ ਹੇਠ ਦਬ ਗਏ।
ਇਸ ਦੀ ਖਬਰ ਮਿਲਦੇ ਹੀ ਮੌਕੇ ’ਤੇ ਫਾਇਰ ਬਿ੍ਰਗੇਡ ਦੀ ਟੀਮ ਪੁੱਜੀ ਪਰ ਹਾਲਾਤ ਗੰਭੀਰ ਹੋਣ ਕਾਰਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਮੌਕੇ ’ਤੇ ਪੁੱਜੀ ਤੇ ਜਸਮੇਲ ਸਿੰਘ ਐਂਡ ਸੰਨਜ਼ ਫੈਕਟਰੀ ਹੇਠ ਦਬੇ ਮਜਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਤੇਜੀ ਨਾਲ ਆਰੰਭ ਕਰ ਦਿੱਤਾ। ਇਸ ਫੈਕਟਰੀ ਦੇ ਨਾਲ ਲੱਗਦੀ ਫੈਕਟਰੀ ’ਚ ਵੀ ਮਲਬਾ ਡਿੱਗਣ ਕਾਰਨ ਉਸ ਦੇ ਵੀ ਤਿੰਨ ਮਜਦੂਰ ਗੰਭੀਰ ਜੰਖ਼ਮੀ ਹੋ ਗਏ
ਜਿਹਨਾਂ ਨੂੰ ਤੁਰੰਤ ਹਸਪਤਾਲ ਪੁੰਚਾਇਆ ਗਿਆ। ਖਬਰ ਲਿਖੇ ਜਾਣ ਤੱਕ ਐਨ.ਡੀ.ਆਰ.ਐਫ. ਵਲੋਂ 40 ਵਿੱਚੋ 37 ਮਜਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ ਜਿਹਨਾਂ ਵਿੱਚੋਂ ਤਿੰਨਾ ਦੀ ਮੌਤ ਹੋ ਚੁੱਕੀ ਸੀ ਤੇ 7 ਮਜਦੂਰ ਗੰਭੀਰ ਹਾਲਾਤ ਵਿੱਚ ਜਖ਼ਮੀ ਸਨ। ਬਾਕੀ ਦੇ ਰਹਿੰਦੇ ਤਿੰਨ ਮਜਦੂਰਾਂ ਨੂੰ ਬਾਹਰ ਕੱਢਣ ਲਈ ਜਬਰਦਸਤ ਕੋਸ਼ਿਸਾਂ ਚੱਲ ਰਹੀਆਂ ਹਨ। ਦੱਬੇ ਗਏ ਮਜਦੂਰਾਂ ਦੀ ਭਾਲ ਲਈ ਵਿਸੇਸ਼ ਟ੍ਰੇਨਿਗ ਪ੍ਰਾਪਤ ਕੁੱਤਿਆ ਦੀ ਵੀ ਸਹਾਇਤਾ ਲਈ ਜਾ ਰਹੀ ਹੈ। । ਜਖ਼ਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਅਤੇ ਗੰਭੀਰ ਜਖ਼ਮੀਆਂ ਨੂੰ ਲੁਧਿਆਣਾ ਦੇ ਐਸ.ਪੀ.ਐਸ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.