ਐਸ.ਸੀ. ਵਿਦਿਆਰਥੀਆਂ ’ਤੇ ਲਟਕੀ ਭਾਰੀ ਫ਼ੀਸ ਦੀ ਤਲਵਾਰ

ਵਿਦਿਆਰਥੀਆਂ ਨੇ ਪੰਜਾਬ ਐਸ.ਸੀ. ਕਮਿਸ਼ਨ ਦਾ ਮਾਮਲੇ ਵੱਲ ਧਿਆਨ ਦੇਣ ਲਈ ਕੀਤਾ ਧੰਨਵਾਦ

ਪਟਿਆਲਾ,(ਨਰਿੰਦਰ ਸਿੰਘ ਬਠੋਈ (ਸੱਚ ਕਹੂੰ))। ਪੰਜਾਬੀ ਯੂਨੀਵਰਸਿਟੀ ’ਚ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰ ਰਹੇ ਕਰੀਬ 500 ਐਸ.ਸੀ. ਵਿਦਿਆਰਥੀਆਂ ਨੂੰ ਫੀਸ ਦੀ ਮੋਟੀ ਰਕਮ ਨੇ ਚਿੰਤਾ ’ਚ ਡੋਬਿਆ ਹੋਇਆ ਹੈ। ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਰਾਹੀਂ ਸਰਕਾਰ ਵੱਲੋਂ ਐਸ.ਸੀ ਵਿਦਿਆਰਥੀਆਂ ਦੀ ਕੀਤੀ ਜਾਂਦੀ ਆਰਥਿਕ ਮਦਦ ਤੋਂ ਕਰੀਬ 500 ਵਿਦਿਆਰਥੀ ਵਾਂਝੇ ਰਹਿ ਗਏ ਹਨ। ਦਰਅਸਲ ਡਾ.ਅੰਬੇਡਕਰ ਸਕਾਲਰਸ਼ਿਪ ਰਾਹੀਂ ਆਨਲਾਈਨ ਭਰੇ ਜਾਂਦੇ ਫਾਰਮ ਵਿਦਿਆਰਥੀਆਂ ਨੇ ਆਨਲਾਈਨ ਤਾਂ ਅਪਲਾਈ ਕਰ ਦਿੱਤੇ ਸਨ

ਪਰ ਯੂਨੀਵਰਸਿਟੀ ’ਚ ਚੱਲ ਰਹੇ ਧਰਨੇ ਪ੍ਰਦਰਸ਼ਨ ਕਾਰਨ ਵਿਦਿਆਰਥੀ ਆਨਲਾਈਨ ਭਰੇ ਜਾਂਦੇ ਫਾਰਮ ਯੂਨੀਵਰਸਿਟੀ ਦੇ ਸਕਾਲਰਸ਼ਿਪ ਵਿਭਾਗ ’ਚ ਜਮ੍ਹਾ ਨਹੀਂ ਕਰਵਾ ਸਕੇ ਜਿਸ ਕਰਕੇ ਕਰੀਬ 500 ਵਿਦਿਆਰਥੀ ਆਪਣੇ ਫਾਰਮਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾ ਸਕੇ। ਇਸ ਸਬੰਧੀ ਵਿਦਿਆਰਥੀ ਆਗੂ ਸਤਿਨਾਮ ਸਿੰਘ ਬਠੋਈ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਿਛਲੇ ਦਿਨੀਂ ਪੰਜਾਬ ਐਸ.ਸੀ. ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਜਿਸ ਬਾਰੇ ਯੂਨੀਵਰਸਿਟੀ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਮੰਗੀ ਸੀ।

ਇਸ ਤੋਂ ਇਲਾਵਾ ਪੰਜਾਬ ਸਪੋਰਟਸ ਵਿੰਗ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਇਸ ਮਾਮਲੇ ਬਾਰੇ ਦੱਸਦਿਆਂ ਕਿਹਾ ਕਿ ਮਿਲੀ ਅੰਦਰੂਨੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵੱਲੋਂ ਇਸ ਸਾਰੇ ਮਾਮਲੇ ਦਾ ਐਸ.ਸੀ. ਵਿਦਿਆਰਥੀਆਂ ਦੇ ਸਿਰ ਹੀ ਠੀਕਰਾ ਭੰਨਿਆ ਜਾ ਰਿਹਾ ਹੈ ਕਿ ਵਿਦਿਆਰਥੀ ਫਾਰਮ ਹੀ ਜਮ੍ਹਾ ਨਹੀਂ ਕਰਵਾਉਣ ਆਏ।

ਉਧਰ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਇਸ ਮਾਮਲੇ ’ਚ ਪੀਸਿਆ ਜਾ ਰਿਹਾ ਹੈ ਕਿਉਂਕਿ ਅਸੀਂ ਆਪਣੇ ਫਾਰਮ ਆਨਲਾਈਨ ਸਮੇਂ ਸਿਰ ਅਪਲਾਈ ਕਰ ਦਿੱਤੇ ਸਨ, ਪਰ ਯੂਨੀਵਰਸਿਟੀ ’ਚ ਚੱਲ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਉਹ ਆਪਣੇ ਯੂਨੀਵਰਸਿਟੀ ਦੇ ਸ਼ਕਾਲਰਸ਼ਿਪ ਵਿਭਾਗ ’ਚ ਜਮ੍ਹਾ ਨਹੀਂ ਕਰ ਸਕੇ । ਇਸ ਮੌਕੇ ਜਿੱਥੇ ਸਮੂੁਹ ਵਿਦਿਆਰਥੀਆਂ ਨੇ ਪੰਜਾਬ ਐਸ.ਸੀ. ਕਮਿਸ਼ਨ ਦਾ ਇਸ ਮਾਮਲੇ ਵੱਲ ਵਿਸ਼ੇਸ ਧਿਆਨ ਦੇਣ ਲਈ ਧੰਨਵਾਦ ਕੀਤਾ, ਉਥੇ ਹੀ ਵਿਦਿਆਰਥੀਆਂ ਨੇ ਪੰਜਾਬ ਐਸ.ਸੀ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਕੋਈ ਠੋਸ ਹੱਲ ਕੱਢਣ ਤਾਂ ਕਿ ਉਹ ਮੰਡਰਾ ਰਹੇ ਭਾਰੀ ਫੀਸ ਦੇ ਖ਼ਤਰੇ ਤੋਂ ਚਿੰਤਾ-ਮੁਕਤ ਹੋ ਸਕਣ ਤੇ ਆਪਣੀ ਪੜ੍ਹਾਈ ਚੰਗੇ ਤਰੀਕੇ ਨਾਲ ਕਰ ਸਕਣ। ਇਸ ਮੌਕੇ ਸੰਦੀਪ ਸਿੰਘ ,ਮਨਪ੍ਰੀਤ ਸਿੰਘ (ਪ੍ਰਧਾਨ ਆਈਰਸਾ), ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਕੋਟੀ, ਰਵੀ ਕੁਮਾਰ , ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

ਜਿੰਨ੍ਹਾਂ ਵਿਦਿਆਰਥੀਆਂ ਦੇ ਕਾਗਜ ਅਧੂਰੇ ਸਨ, ਉਹ ਰਹਿ ਗਏ

ਜਦੋਂ ਇਸ ਮਾਮਲੇ ਬਾਰੇ ਪੰਜਾਬੀ ਯੂਨੀਵਰਸਿਟੀ ਐਸ.ਸੀ.ਬੀ.ਸੀ ਸਕਾਲਰਸ਼ਿਪ ਵਿਭਾਗ ਦੇ ਇੱਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਵੱਲੋਂ ਆਪਣੀਆਂ ਪੂਰੀਆਂ ਫਾਇਲਾਂ ਜਮਾਂ ਕਰਵਾਈਆਂ ਗਈਆਂ ਸਨ, ਉਹ ਭੇਜ ਦਿੱਤੀਆਂ ਗਈਆਂ ਹਨ। ਜਦਕਿ ਜਿਹੜੇ ਵਿਦਿਆਰਥੀਆਂ ਦੇ ਅਧੂਰੇ ਕਾਗਜ ਸਨ, ਉਹ ਕਿਵੇਂ ਭੇਜੇ ਜਾ ਸਕਦੇ ਸਨ। ਉਨ੍ਹਾਂ ਕਿਹਾ ਕਿ ਇਸ ਵਾਰ 4 ਹਜ਼ਾਰ ਤੋਂ ਜਿਆਦਾ ਸਕਾਲਰਸ਼ਿਪ ਦੇ ਫਾਰਮ ਭੇਜੇ ਜਾ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.