ਕਲਪਨਾ, ਇੱਕ ਅੰਦਰੂਨੀ ਕਲਾ
ਕਲਪਨਾ ਸਾਡਾ ਮਰਿਆ ਹੋਇਆ ਅੰਦਰ ਦੁਬਾਰਾ ਜਿਉਣ ਲਗਾ ਦਿੰਦੀ ਹੈ। ਸਾਡੇ ਬੰਜਰ ਜ਼ਜ਼ਬਾਤਾਂ ਨੂੰ ਹਰਾ ਕਰ ਦਿੰਦੀ ਹੈ। ਸਾਡੇ ਨਿਮਾਣੇ ਖਿਆਲਾਂ ਨੂੰ ਉੱਚੀ ਪਰਵਾਜ਼ ਦਿੰਦੀ ਹੈ। ਕਲਪਨਾ ਕਰਨ ਵਾਲੇ ਇਨਸਾਨ ਦੂਰ-ਅੰਦੇਸ਼ੀ ਹੁੰਦੇ ਹਨ। ਉਹ ਆਪਣੇ ਲਾਭ-ਹਾਨੀਆਂ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਲਾ ਲੈਂਦੇ ਹਨ। ਫਿਰ ਉਹ ਕੁੱਝ ਕੁ ਸੁਧਾਰਾਂ ਨਾਲ ਆਪਣੀਆਂ ਹਾਨੀਆਂ ਤੋਂ ਬਚਾਅ ਕਰ ਸਕਦੇ ਹਨ ਅਤੇ ਆਪਣੇ ਲਾਭਾਂ ਤੋਂ ਫਾਇਦਾ ਉਠਾ ਸਕਦੇ ਹਨ। ਕਲਪਨਾ ਦਾ ਵੀ ਇੱਕ ਆਪਣਾ ਹੀ ਸੰਸਾਰ ਹੈ, ਜਿਸਦੇ ਆਪਣੇ ਹੀ ਪਾਤਰ ਹੁੰਦੇ ਹਨ ਅਤੇ ਉਹ ਬੜਾ ਹੀ ਪਿਆਰਾ ਅਤੇ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਹਨ।
ਕਲਪਨਾ ਕਦੇ ਵੀ ਇਨਸਾਨ ਨੂੰ ਮਰਨ ਨਹੀਂ ਦਿੰਦੀ। ਕਿਉਂਕਿ ਇੱਕ ਹਾਰਿਆ ਤੇ ਨਿਰਾਸ਼ ਇਨਸਾਨ ਆਪਣੇ ਖਿਆਲਾਂ ਜਾਂ ਕਲਪਨਾ ਨਾਲ ਹੀ ਜਿੱਤ ਤੇ ਖੁਸ਼ਹਾਲੀ ਦੇ ਖਾਬ ਸਜ਼ਾ ਕੇ ਆਪਣੀ ਜਿਉਣ ਦੀ ਆਸ ਨੂੰ ਮੁੜ ਪਰਿਪੱਕ ਕਰਦਾ ਹੈ। ਕਲਪਨਾ ਨੇ ਸਾਰੇ ਸੰਸਾਰ ਨੂੰ ਹੀ ਆਪਣੇ ਵਿੱਚ ਸਮਾਇਆ ਹੋਇਆ ਹੈ। ਅਸੀਂ ਧਰਤੀ ’ਤੇ ਬੈਠ ਕੇ ਅਸਮਾਨ ਦੀ ਕਲਪਨਾ ਕਰਦੇ ਹਾਂ, ਧਰਤੀ ਹੇਠਲੇ ਪਾਤਾਲ ਦੇ ਦਿ੍ਰਸ਼ ਦੀ ਕਲਪਨਾ ਕਰਦੇ ਹਾਂ। ਇੱਕ ਦੇਸ਼ ਵਿੱਚ ਬੈਠੇ ਕਿਸੇ ਦੂਸਰੇ ਦੇਸ਼ ਦੀ ਧਰਤੀ ਦੀ ਕਲਪਨਾ ਕਰਦੇ ਹਾਂ। ਇਸ ਕਲਪਨਾ ਨਾਲ ਹੀ ਅਸੀਂ ਧਰਤੀ ਤੋਂ ਅਰਸ਼ਾਂ ਤੱਕ ਦਾ ਸਫਰ ਪਲਾਂ ਵਿੱਚ ਕਰ ਲੈਂਦੇ ਹਾਂ।
ਇਹ ਇੱਕ ਸੱਚਾਈ ਹੈ ਕਿ ਇੱਕ ਸ਼ਾਇਰ ਜਾਂ ਲੇਖਕ ਕਿਸੇ ਵੀ ਇਨਸਾਨ ਨੂੰ ਮਰਨ ਨਹੀਂ ਦੇ ਸਕਦਾ, ਜੋ ਉਸਦੀ ਛੋਹ ਵਿੱਚ ਹੈ। ਕਿਉਂਕਿ ਉਹ ਕਲਪਨਾ ਦੀ ਸੁਚੱਜੀ ਵਰਤੋਂ ਕਰਦਿਆਂ ਐਸੀਆਂ ਕਹਾਣੀਆਂ, ਕਵਿਤਾਵਾਂ ਜਾਂ ਨਾਵਲ ਉਸਾਰਦਾ ਹੈ, ਜਿਸ ਨਾਲ ਨਿਰਾਸ਼ਾ ਜਾਂ ਪੀੜਾਂ ਦੇ ਖੂਹ ਵਿੱਚ ਬੈਠਾ ਇਨਸਾਨ ਖੁਸ਼ੀਆਂ ਤੇ ਮੁਸਕਰਾਹਟਾਂ ਦੇ ਅਸਮਾਨ ਵਿੱਚ ਉਡਾਰੀਆਂ ਲਾਉਣ ਲੱਗਦਾ ਹੈ। ਲੇਖਕਾਂ ਦੀਆਂ ਰਚਨਾਵਾਂ ਹਰ ਇਨਸਾਨ ਨੂੰ ਆਪਣਾ ਅੰਦਰ ਟਟੋਲਣ ਲਈ ਅਤੇ ਆਪਣੀ ਸੰਸਾਰ ਜਿੱਤ ਸਕਣ ਦੀ ਸ਼ਕਤੀ ਦਾ ਅਹਿਸਾਸ ਕਰਵਾਉਣ ਵਿੱਚ ਪਰਿਪੂਰਨ ਹੁੰਦੀਆਂ ਹਨ। ਜਿਹਨਾਂ ਨਾਲ ਪਾਠਕਾਂ ਨੂੰ ਕਾਫੀ ਹੱਦ ਤੱਕ ਨਕਾਰਾਤਮਿਕ ਵਿਚਾਰਾਂ ਤੋਂ ਛੁਟਕਾਰਾ ਮਿਲਦਾ ਹੈ।
ਲੇਖਕਾਂ ਦੀਆਂ ਰਚਨਾਵਾਂ ਅਕਸਰ ਹੀ ਸਾਡੀ ਕਲਪਨਾ, ਸਾਡੇ ਵਿਚਾਰਾਂ, ਜ਼ਿਦਗੀ, ਖੁਸ਼ੀ, ਪੀੜਾ, ਮੁਸਕਰਾਹਟ, ਹੰਝੂਆਂ, ਹੌਕਿਆਂ ਆਦਿ ਨਾਲ ਮੇਲ ਖਾਂਦੀਆਂ ਹੁੰਦੀਆਂ ਹਨ। ਕਈ ਵਾਰ ਲੇਖਕਾਂ ਦੀ ਕਲਪਨਾ ’ਚੋਂ ਉਪਜੀਆਂ ਇਹ ਰਚਨਾਵਾਂ, ਸਾਡੀ ਹਕੀਕਤ ਹੋ ਨਿੱਬੜਦੀਆਂ ਹਨ। ਇੱਕ ਲੇਖਕ ਆਪਣੀ ਕਲਪਨਾ ਨੂੰ ਕੋਰੇ ਸਫੇ ’ਤੇ ਉਤਾਰ ਕੇ ਇਸ ਸਮਾਜ ਨੂੰ ਇੱਕ ਕੀਮਤੀ ਖਜਾਨਾ ਪ੍ਰਦਾਨ ਕਰ ਰਿਹਾ ਹੁੰਦਾ ਹੈ।
ਕਲਪਨਾ ਸਾਡੀ ਜ਼ਿਦਗੀ ਦੇ ਵਹਿੰਦੇ ਪਾਣੀ ਦੀ ਰਵਾਨੀ ਹੈ, ਜੋ ਇਸਨੂੰ ਰਫਤਾਰ ਪ੍ਰਦਾਨ ਕਰਦੀ ਹੈ।
ਕਲਪਨਾ ਬਾਂਝ ਕੁੱਖ ਲਈ ਔਲਾਦ ਦਾ ਸੁਖ ਹੈ। ਕਲਪਨਾ ਵਰਿ੍ਹਆਂ ਤੋਂ ਸੁੱਕੀ ਤੇ ਮੁਰਝਾਈ ਟਾਹਣੀ ’ਤੇ ਫੁੱਟਦੀ ਇੱਕ ਕਰੂੰਬਲ ਹੈ। ਕਲਪਨਾ ਅਸਮਾਨੀ ਉਡਾਰੀ ਲਾਉਂਦੇ ਪਰਿੰਦਿਆਂ ਦੇ ਖੰਭ ਹਨ। ਇਹ ਸੰਸਾਰ ਕਲਪਨਾ ਤੋਂ ਬਿਨਾਂ ਅਧੂਰਾ ਹੈ। ਕਲਪਨਾ ਨਾਲ ਇਸ ਸੰਸਾਰ ਵਿੱਚ ਵੱਡੀਆਂ-ਵੱਡੀਆਂ ਖੋਜਾਂ ਨੂੰ ਅੰਜਾਮ ਮਿਲਿਆ ਹੈ।
ਇਸ ਸੰਸਾਰ ਵਿੱਚ ਕੋਈ ਵੀ ਸੁਖੀ ਨਹੀਂ ਹੈ।
ਪਰ ਦੁੱਖਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਬੈਠੇ ਰਹਿਣਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਜੇਕਰ ਅਸੀਂ ਆਪਣੀ ਕਲਪਨਾ ਦੀ ਸੁਚੱਜੀ ਵਰਤੋਂ ਕਰਾਂਗੇ ਤਾਂ ਹੀ ਅਸੀਂ ਅੱਗੇ ਸੁੱਖਾਂ ਦੀ ਪੌੜੀ ਚੜ੍ਹ ਸਕਦੇ ਹਾਂ। ਹਰ ਮੁਸੀਬਤ ਦਾ ਹੱਲ ਜ਼ਰੂਰ ਹੁੰਦਾ ਹੈ, ਜੇਕਰ ਲੋੜ ਹੈ ਤਾਂ ਸਿਰਫ ਆਪਣੇ ਦਿਮਾਗ ਤੋਂ ਟੈਨਸ਼ਨ ਦਾ ਪਰਦਾ ਉਠਾ ਕੇ ਵੇਖਣ ਦੀ। ਕਲਪਨਾ ਸਾਨੂੰ ਸੁਖ ਪ੍ਰਦਾਨ ਕਰਦੀ ਹੈ ਅਤੇ ਨਵੇਂ-ਨਵੇਂ ਰਾਹ ਵਿਖਾਉਂਦੀ ਹੈ। ਇਸ ਲਈ ਕਦੇ ਵੀ ਸੋਚਣਾ ਜਾਂ ਕਲਪਨਾ ਕਰਨਾ ਨਾ ਛੱਡੋ ਕਿਉਂਕਿ ਅਜਿਹਾ ਕਰਕੇ ਅਸੀਂ ਜਿਉਣਾ ਛੱਡ ਰਹੇ ਹੁੰਦੇ ਹਾਂ ਅਤੇ ਮੌਤ ਦੇ ਮੂੰਹ ਵੱਲ ਜਾ ਰਹੇ ਹੁੰਦੇ ਹਾਂ।
ਜ਼ਿੰਦਗੀ ਜਿਉਣ ਲਈ ਮਿਲੀ ਹੈ, ਇਸਨੂੰ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਅਤੇ ਖੁਸ਼ੀਆਂ ਵੰਡਦੇ ਹੋਏ ਜੀਓ। ਆਪਣੀ ਕਲਾਤਮਿਕ ਸ਼ਕਤੀ ਨੂੰ ਕਦੇ ਨਾ ਮਰਨ ਦਿਓ, ਇਸ ਨੂੰ ਆਪਣੀ ਤਾਕਤ ਬਣਾਓ ਅਤੇ ਆਪਣਾ ਸੰਸਾਰ ਆਪ ਸਿਰਜੋ। ਕਿਉਂਕਿ ਕੁਦਰਤ ਤੁਹਾਡੀ ਮਿਹਨਤ ਦੇ ਇੱਕ ਕਦਮ ਦਾ ਹੀ ਇੰਤਜ਼ਾਰ ਕਰ ਰਹੀ ਹੁੰਦੀ ਹੈ ਤੇ ਤੁਹਾਡੇ ਇੱਕ ਕਦਮ ਤੋਂ ਬਾਅਦ ਖੁਦ ਸੌ ਕਦਮ ਤੁਹਾਡੇ ਵੱਲ ਵਧਾਉਂਦੀ ਹੈ, ਤੁਹਾਡੀ ਸਹਾਇਤਾ ਲਈ। ਮੰਜ਼ਿਲ ਨੂੰ ਪਾਉਣਾ ਹੈ ਤਾਂ ਆਪਣੇ ਅੰਦਰਲਾ ਜ਼ਜ਼ਬਾ ਕਾਇਮ ਰੱਖੋ। ਮੰਜ਼ਿਲ ਦੀ ਕਲਪਨਾ ਨੂੰ ਸੱਚ ਕਰੋ, ਆਪਣੀ ਅੰਦਰੂਨੀ ਕਲਾ ਨੂੰ ਪਛਾਣੋ। ਖਾਬ ਸਿਰਜਣਾ ਸਿੱਖੋ। ਕਿਉਂਕਿ ਸਿਰਜਣ ਤੋਂ ਬਾਅਦ ਆਪਣੀ ਮੰਜ਼ਿਲ ਦੇ ਨਿਰਮਾਤਾ ਤੁਸੀਂ ਆਪ ਹੀ ਹੁੰਦੇ ਹੋ। ਮਿਹਨਤ ਜਾਰੀ ਰੱਖੋ।
ਪੰਜਾਬੀ ਦੇ ਉਮਦਾਂ ਲੇਖਕ ਹਰਮਨਜੀਤ ਜੀ ਨੇ ਬਾਕਮਾਲ ਲਿਖਿਆ ਹੈ:-
ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਦੇ ਲਈ ਮਿਹਨਤ ਬੜੀ ਜਰੂਰੀ ਹੁੰਦੀ ਏ
ਮੋਮਬੱਤੀ ’ਤੇ ਕਦੇ ਕੜਾਹੇ ਰਿੱਝਦੇ ਨਈਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ
ਮੋ.?98768-71849
ਅਮਨਦੀਪ ਕੌਰ ‘ਕਲਵਾਨੂੰ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.