ਨਹੀਂ ਭੁੱਲਦਾ ਕਾੜ੍ਹਨੀ ਦੇ ਦੁੱਧ ਦਾ ਸੁਆਦ

ਕਕੜ੍ਹ-ਕੜ੍ਹ ਕੇ ਕਾੜ੍ਹਨੀ ਵਿੱਚ, ਹੁੰਦਾ ਸੀ ਦੁੱਧ ਲਾਲ,
ਘੁੱਟੋ-ਬਾਟੀ ਪੀਂਦੇ ਸਾਂ, ਗੁੜ ਦੀ ਡਲ਼ੀ ਦੇ ਨਾਲ 

ਬਿਲਕੁਲ ਸੱਚਾਈ ਹੈ, ਜੇਕਰ ਹੁਣ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ?ਉਦੋਂ ਪਿੰਡਾਂ ਵਿੱਚ ਹਰ ਘਰ ਹੀ ਪਸ਼ੂ ਰੱਖਣ ਦਾ ਸ਼ੌਕੀਨ ਸੀ। ਕਿਸੇ ਬਿਜਨਸ ਕਰਕੇ ਨਹੀਂ, ਜਿਵੇਂ ਕਿ ਅਜੋਕੇ ਸਮੇਂ ਵਿੱਚ ਇਹ ਕੰਮ ਬਿਜਨਸ/ਵਪਾਰ ਬਣ ਚੁੱਕਾ ਹੈ, ਸਗੋਂ ਦੁਧਾਰੂ ਪਸ਼ੂ ਸਿਰਫ਼ ਤੇ ਸਿਰਫ਼ ਘਰੇ ਦੁੱਧ ਪੀਣ ਲਈ ਅਤੇ ਲੱਸੀ ਮੱਖਣ ਲਈ ਹੀ ਰੱਖਦੇ ਸਨ। ਹਲ਼ ਵਾਹੁਣ ਲਈ ਬਲਦ ਜਾਂ ਊਠ ਰੱਖਣ ਦਾ ਰਿਵਾਜ਼ ਸੀ ਇਲਾਕੇ ਅਨੁਸਾਰ ਸਾਰੇ ਘਰ ਦੇ ਆਪੋ-ਆਪਣੇ ਹਿੱਸੇ ਦਾ ਕੰਮ ਆਪਣੇ ਹੱਥੀਂ ਕਰਿਆ ਕਰਦੇ ਸਨ। ਬੀਬੀਆਂ ਭੈਣਾਂ ਨੇ ਪਸ਼ੂ-ਡੰਗਰ ਸਾਂਭਣੇ ਤੇ ਬੰਦਿਆਂ ਨੇ ਖੇਤਾਂ ਦਾ ਸਾਰਾ ਕੰਮ-ਧੰਦਾ ਸੰਭਾਲਣਾ। ਜਦੋਂ ਵੀ ਹਾਲ਼ੀਆਂ ਨੇ ਖੇਤਾਂ ਵਿਚੋਂ ਘਰ ਆਉਣਾ ਤਾਂ ਆਉਣ ਸਾਰ ਹੀ ਕਾੜ੍ਹਨੀ ਵਾਲੇ ਦੁੱਧ ਦਾ ਕੰਗਣੀ ਵਾਲਾ ਪਿੱਤਲ ਦਾ ਗਲਾਸ ਭਰ ਕੇ ਪੀਣ ਲਈ ਅੱਗੇ ਕਰ ਦੇਣਾ ਤੇ ਨਾਲ ਹੀ ਗੁੜ ਦੀ ਡਲ਼ੀ ਫੜਾ ਦੇਣੀ। ਚਾਹ ਉਨ੍ਹਾਂ ਸਮਿਆਂ ਵਿੱਚ ਕਿਸੇ ਟਾਵੇਂ-ਟਾਵੇਂ ਘਰ ਹੀ ਬਣਦੀ ਸੀ।

ਤੜਕੇ ਉੱਠ ਕੇ ਜਦੋਂ ਬੰਦਿਆਂ ਨੇ ਖੇਤਾਂ ਨੂੰ ਜਾਣ ਦੀ ਤਿਆਰੀ ਕਰਨੀ ਉਦੋਂ ਤੋਂ ਹੀ ਔਰਤਾਂ ਨੇ ਧਾਰਾਂ ਕੱਢਣੀਆਂ, ਪੱਠੇ ਪਾਉਣੇ, ਗੋਹਾ-ਕੂੜਾ ਹੱਥੀਂ ਚੁੱਕਣਾ, ਸਿਆਲ ਹੋਣਾ ਤਾਂ ਪਸ਼ੂਆਂ ਥੱਲੇ ਸੁੱਕ ਪਾਉਣੀ ਜੇ ਗਰਮੀ ਦਾ ਮਹੀਨਾ ਹੋਣਾ ਤਾਂ ਮੱਛਰ ਤੋਂ ਬਚਾਉਣ ਲਈ ਧੂਣੀ ਕਰਨੀ ਤਾਂ ਕਿ ਪਸ਼ੂਆਂ ਨੂੰ ਮੱਛਰ ਨਾ ਕੱਟੇ।

ਮੱਝਾਂ ਅਤੇ ਗਾਈਆਂ ਦੋਵੇਂ ਹੀ ਰੱਖਦੇ ਸਨ ਕਈ-ਕਈ ਘਰ, ਤੇ ਕਈ ਘਰ ਇਕੱਲੀਆਂ ਮੱਝਾਂ ਹੀ ਰੱਖਣ ਨੂੰ ਪਹਿਲ ਦਿਆ ਕਰਦੇ ਸਨ। ਧਾਰਾਂ ਕੱਢਕੇ ਸੁਆਣੀਆਂ ਨੇ ਹਾਰੇ ਵਿੱਚ ਦੁੱਧ ਕੜ੍ਹਨਾ ਧਰ ਦੇਣਾ ਜੋ ਸ਼ਾਮ ਤੱਕ ਕੜ੍ਹ-ਕੜ੍ਹ ਕੇ ਲਾਲ ਹੋ ਜਾਂਦਾ ਸੀ। ਕਈ ਘਰ ਤਾਂ ਸ਼ਾਮ ਨੂੰ ਮੱਝਾਂ-ਗਾਂਵਾਂ ਦੀਆਂ ਧਾਰਾਂ ਕੱਢ ਕੇ ਕੱਚਾ ਤੇ ਪੱਕਾ ਮਤਲਬ ਕਾੜ੍ਹਨੀ ਵਾਲਾ ਦੁੱਧ ਅਤੇ ਤਾਜਾ ਚੋਇਆ ਦੁੱਧ ਰਲਾ ਕੇ ਪੀਂਦੇ ਸਨ ਤੇ ਕਈ ਘਰ ਸਿਰਫ਼ ਕੱਚਾ ਹੀ ਪੀਆ ਕਰਦੇ ਸਨ। ਰੋਟੀ ਤੋਂ ਬਾਅਦ ਸਾਰੇ ਹੀ ਪਰਿਵਾਰ ਦੇ ਜੀਆਂ ਨੂੰ ਹਿੱਸੇ ਆਉਂਦਾ ਦੁੱਧ ਮਿਲਦਾ ਸੀ। ਪੜ੍ਹਨ ਗਏ ਬੱਚਿਆਂ ਨੂੰ ਵੀ ਆਉਣ ਸਾਰ ਹੀ ਕਾੜ੍ਹਨੀ ਵਾਲੇ ਦੁੱਧ ਦਾ ਗਲਾਸ ਦਿੱਤਾ ਜਾਂਦਾ ਰਿਹਾ ਹੈ ਤੇ ਨਾਲ ਹੀ ਗੁੜ, ਸਾਰੇ ਖੁਸ਼ੀ ਨਾਲ ਪੀਂਦੇ ਰਹੇ ਹਨ। ਉਨ੍ਹਾਂ ਸਮਿਆਂ ਵਿੱਚ ਸਿਹਤ ਪੱਖੋਂ ਪੰਜਾਬ ਵਾਸੀ ਸੱਭ ਤੋਂ ਅੱਗੇ ਭਾਵ ਬਹੁਤ ਵਧੀਆ ਜੁੱਸੇ ਵਾਲੇ ਹੋਇਆ ਕਰਦੇ ਸਨ।

ਉਨ੍ਹਾਂ ਸਮਿਆਂ ਵਿੱਚ ਪਿੰਡਾਂ ਵਿੱਚ ਜ਼ਿਆਦਾਤਰ ਡਾਕਟਰ ਨਹੀਂ ਸਨ ਹੋਇਆ ਕਰਦੇ, ਵੈਦ ਹੀ ਜ਼ਿਆਦਾ ਹੁੰਦੇ ਸਨ ਜੋ ਕਈ ਵਾਰ ਕਿਸੇ ਬਿਮਾਰ, ਬੱਚੇ ਜਾਂ ਵੱਡੇ ਨੂੰ ਦਵਾਈ ਦੀਆਂ ਪੁੜੀਆਂ ਵੀ ਕਾੜ੍ਹਨੀ ਦੇ ਦੁੱਧ ਨਾਲ ਹੀ ਦੇਣ ਲਈ ਪ੍ਰੇਰਦੇ ਸਨ। ਕਾੜ੍ਹਨੀ ਦੇ ਦੁੱਧ ਉੱਪਰੋਂ ਮਲਾਈ ਪਾਸੇ ਕਰਕੇ ਤੇ ਥੋੜ੍ਹੀ ਜਿਹੀ ਤਰੌਟ ਭਾਵ ਥਿੰਦਾਪਣ ਪਾਸੇ ਕਰਕੇ ਦਵਾਈ ਦੇਣ ਨਾਲ ਸਰੀਰ ਜਿੱਥੇ ਤੰਦਰੁਸਤ ਹੋ ਜਾਇਆ ਕਰਦਾ ਸੀ, ਉੱਥੇ ਕੋਲੈਸਟਰੋਲ ਵਗੈਰਾ ਵੀ ਕਦੇ ਨਹੀਂ ਸੀ ਵਧਦਾ। ਉਂਜ ਕੋਲੈਸਟਰੋਲ ਤਾਂ ਨਵੇਂ ਜ਼ਮਾਨੇ ਦਾ ਹੀ ਸ਼ਬਦ ਹੈ ਉਦੋਂ ਚਰਬੀ ਨਹੀਂ ਵਧਦੀ ਕਿਹਾ ਜਾਂਦਾ ਰਿਹਾ ਹੈ।

ਪੱਕਾ ਭਾਵ ਕਾੜ੍ਹਨੀ ਵਾਲਾ ਦੁੱਧ ਪੀਣ ਦੇ ਹੋਰ ਵੀ ਬਹੁਤ ਫਾਇਦੇ ਹੋਇਆ ਕਰਦੇ ਸਨ ਹਲਕਾ ਕਰਕੇ ਇਹ ਪਚ ਵੀ ਜਲਦੀ ਜਾਂਦਾ ਸੀ। ਇਸੇ ਤਰ੍ਹਾਂ ਕੱਚਾ ਤੇ ਪੱਕਾ ਦੁੱਧ ਰਲਾ ਕੇ ਰੋਟੀ ਨਾਲ ਵੀ ਘੁੱਟੋ ਬਾਟੀ ਪੀ ਲਾਈਦਾ ਸੀ। ਕਦੇ-ਕਦੇ ਦੋ ਲੱਤਾਂ ਵਾਲੇ ਬਿੱਲੇ ਵੀ ਦੁੱਧ ਨੂੰ ਰਗੜਾ ਲਾ ਜਾਂਦੇ ਸਨ। ਮਤਲਬ ਕਈ ਵਾਰ ਮੇਰੇ ਵਰਗੇ ਨੇ ਸਕੂਲੋਂ ਆ ਕੇ ਸਿੱਧਾ ਹੀ ਮੂੰਹ-ਹੱਥ ਧੋਣ ਤੋਂ ਬਿਨਾਂ ਹੀ ਕਾੜ੍ਹਨੀ ਵਿਚੋਂ ਸਣੇ ਮਲਾਈ ਗਲਾਸ ਭਰ ਕੇ ਪੀ ਕੇ ਮੂੰਹ ਨੂੰ ਸਾਫ਼ ਕਰ ਲੈਣਾ ਤੇ ਫਿਰ ਮੰਨੀਦਾ ਵੀ ਨਹੀਂ ਸੀ ਕਿ ਮੈਂ ਪੀਤਾ ਹੈ ਹਾਂ ਸੱਚ! ਗੁੜ ਦਾ ਡਲ਼ਾ ਤਾਂ ਦਰੀ ਦੇ ਝੋਲੇ ਵਿੱਚ ਹੀ ਰੱਖੀਦਾ ਸੀ ਕੋਈ ਮਤਲਬ ਹੀ ਨਹੀਂ ਸੀ ਕਿਸੇ ਨੂੰ ਪਤਾ ਵੀ ਲੱਗ ਜਾਵੇ ਐਸੀ ਹੋਇਆ ਕਰਦੀ ਸੀ ਹੱਥ ਦੀ ਸਫਾਈ। ਓਸੇ ਨੂੰ ਹੀ ਕਹੀਦਾ ਸੀ ਕਿ ਦੋ ਲੱਤਾਂ ਵਾਲਾ ਬਿੱਲਾ ਪੀ ਗਿਆ ਹੋਵੇਗਾ। ਸੋ ਗੱਲ ਤਾਂ ਸਮੇਂ-ਸਮੇਂ ਦੀ ਹੁੰਦੀ ਹੈ ਇਹ ਸਾਰੇ ਸਮੇਂ ਮੈਂ ਵੇਖੇ ਵੀ ਨੇ ਤੇ ਬਿੱਲਾ ਬਣ ਕੇ ਦੁੱਧ ਵੀ ਪੀਂਦੇ ਰਹੇ ਹਾਂ।

ਕੱਚੀਆਂ ਕੰਧਾਂ ਹੁੰਦੀਆਂ ਸਨ ਉਨ੍ਹਾਂ ਵਿੱਚ ਹੀ ਹਾਰੇ ਬਣੇ ਹੁੰਦੇ ਸਨ ਪਰ ਉਸ ਨੂੰ ਬਣਾਉਂਦੀਆਂ ਸਿਆਣੀਆਂ ਸਵਾਣੀਆਂ ਹੀ ਸਨ। ਹਰ ਇੱਕ ਔਰਤ ਨੂੰ ਇਹ ਹਾਰੇ ਨਹੀਂ ਸੀ ਬਣਾਉਣੇ ਆਉਂਦੇ। ਅਜੋਕੇ ਸਮਿਆਂ ਵਿੱਚ ਇਹ ਸਾਡੇ ਵਿਰਸੇ ਤੇ ਅਤੀਤ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਕਿਉਂਕਿ ਘਰਾਂ ਵਿੱਚ ਪਸ਼ੂਆਂ ਦੇ ਝੰਜਟ ਤੋਂ ਅਸੀਂ ਡਰਦੇ ਹਾਂ ਤੇ ਮੁੱਲ ਦਾ ਦੁੱਧ ਲੈ ਕੇ ਚਾਹ ਬਣਾਉਣ ਤੇ ਪੀਣ ਲਈ ਵਰਤਦੇ ਹਾਂ। ਕੀ ਸਾਨੂੰ ਆਪਣੇ ਘਰ ਦੇ ਦੁੱਧ ਜਿਹਾ ਉਹ ਮੁੱਲ ਦਾ ਦੁੱਧ ਮਿਲਦਾ ਹੋਵੇਗਾ?

ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹੁਣ ਤਾਂ ਲੱਸੀ ਦੇ ਵੀ ਪੈਕਟ ਆ ਰਹੇ ਹਨ ਤੇ ਅਸੀਂ ਖੁਸ਼ੀ-ਖੁਸ਼ੀ ਉਹ ਵਰਤ ਵੀ ਰਹੇ ਹਾਂ। ਅਬਲਾ-ਸਬਲਾ ਖਾਣ-ਪੀਣ ਨਾਲ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਤਾਂ ਕਰਦੇ ਹੀ ਹਾਂ ਸਗੋਂ ਬੇਫਾਇਦਾ ਗੋਗੜਾਂ ਵਧਾ ਰਹੇ ਹਾਂ ਤੇ ਡਾਕਟਰਾਂ ਦੇ ਘਰ ਵੀ ਭਰ ਰਹੇ ਹਾਂ।

ਹੱਥੀਂ ਕੰਮ ਕਰਨ ਤੋਂ ਕੰਨੀ ਕਤਰਾਉਣ ਲੱਗ ਪਏ ਹਾਂ ਹੁਕਮ ਚਲਾਉਂਦੇ ਹਾਂ। ਪਰ ਜੋ ਪੌਸ਼ਟਿਕ ਭੋਜਨ ਦੁੱਧ ਦਹੀਂ ਲੱਸੀ ਪੁਰਾਤਨ ਸਮਿਆਂ ਵਿੱਚ ਸਨ ਅੱਜ ਅਸੀਂ ਉਸ ਤੋਂ ਵਿਰਵੇ ਹੋ ਗਏ ਹਾਂ, ਭਾਵ ਤਰਸ ਰਹੇ ਹਾਂ ਉਹ ਗੱਲ ਵੱਖਰੀ ਹੈ ਕੋਈ ਮੰਨੇ ਭਾਵੇਂ ਨਾ ਮੰਨੇ ਇਹ ਹਕੀਕੀ ਗੱਲਾਂ ਨੇ। ਕੋਈ ਵੱਡੀ ਗੱਲ ਨਹੀਂ ਜੇਕਰ ਚਾਹੀਏ ਤਾਂ ਹੁਣ ਵੀ ਇੱਕ-ਇੱਕ ਦੁਧਾਰੂ ਪਸ਼ੂ ਆਪਾਂ ਘਰਾਂ ’ਚ ਰੱਖ ਸਕਦੇ ਹਾਂ, ਪਰ ਕੰਮ ਹੱਥੀਂ ਕੌਣ ਕਰੇ? ਇੱਥੇ ਆ ਕੇ ਹੀ ਅਸੀਂ ਮਾਰ ਖਾ ਜਾਂਦੇ ਹਾਂ। ਸਮੇਂ ਨਾਲ ਬਦਲਣਾ ਹਰ ਇਨਸਾਨ ਲਈ ਬਿਲਕੁਲ ਜ਼ਰੂਰੀ ਹੈ, ਪਰ ਆਪਣੀ ਸਿਹਤ ਦਾ ਖਿਆਲ ਤਾਂ ਖੁਦ ਆਪਾਂ ਆਪ ਹੀ ਰੱਖਣਾ ਹੈ ਇਹ ਕਿਸੇ ਤੀਜੇ ਨੇ ਆ ਕੇ ਨਹੀਂ ਰੱਖਣਾ। ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁੱਝ ਨਹੀਂ ਵਿਗੜਿਆ ਬੱਸ ਇੱਕ ਕੋਸ਼ਿਸ਼ ਦੀ ਕਮੀ ਹੈ।
ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਜਸਵੀਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.