…ਜਦੋਂ ਕੰਡਿਆਂ ਦੀ ਪਰਵਾਹ ਕੀਤੇ ਬਿਨਾ ਖਾਂਦੇ ਹੁੰਦੇ ਸੀ ਬੇਰ!

…ਜਦੋਂ ਕੰਡਿਆਂ ਦੀ ਪਰਵਾਹ ਕੀਤੇ ਬਿਨਾ ਖਾਂਦੇ ਹੁੰਦੇ ਸੀ ਬੇਰ!

ਜਦ ਵੀ ਅੱਜ-ਕੱਲ੍ਹ ਸੜਕ ’ਤੇ ਜਾਈਦਾ ਤਾਂ ਮਨ ਲਲਚਾ ਜਿਹਾ ਜਾਂਦਾ ਬੇਰ ਖਾਣ ਨੂੰ ਪਤਾ ਵੀ ਆ ਬਈ ਹੁਣ ਘਟਗੇ ਬੇਰ ਹੁਣ ਤਾਂ ਬੇਰ ਖਾਧਿਆਂ ਨੂੰ ਵੀ ਬਹੁਤ ਟਾਈਮ ਹੋ ਗਿਆ। ਛੋਟੇ ਹੁੰਦਿਆਂ ਨੇ ਬੇਰ ਖਾ-ਖਾ ਬੋਲ ਬਿਠਾ ਲੈਣੇ, ਖਊਂ-ਖਊਂ ਕਰੀ ਜਾਣਾ ਪਰ ਖਾਣੋਂ ਨਾ ਹਟਣਾ। ਮੈਨੂੰ ਯਾਦ ਆ ਸਕੂਲ ਛੁੱਟੀ ਹੋਣ ਸਾਰ ਈ ਸਿੱਧਾ ਬੇਰੀਆਂ ਹੇਠ ਜਾਣਾ ਤੇ ਖੇਤ ਵੱਲ ਨੂੰ ਜਾਣਾ ਸਾਡੇ ਖੇਤ ਵੱਲ ਨੂੰ ਜਾਂਦਿਆਂ ਰਸਤੇ ਵਿੱਚ ਨੇਕੇ ਕਾ ਘਰ ਆਉਂਦਾ ਉਨ੍ਹਾਂ ਦੇ ਵਿਹੜੇ ’ਚ ਇੱਕ ਅੰਦਰ ਤੇ ਦੋ ਬਾਹਰ ਬੇਰੀਆਂ ਹੁੰਦੀਆਂ, ਬਾਹਰਲੀ ਬੇਰੀ ਨੂੰ ਬੇਰ ਬੜੇ ਹੋਣੇ ਪਰ ਸਾਰੇ ਗਲ ਘੋਟੂ ਹੁੰਦੇ, ਗਲ ਜਿਹਾ ਫੜਿਆ ਜਾਣਾ ਖਾ ਕੇ। ਛੱਡਣੇ ਉਹ ਫਿਰ ਵੀ ਨਾ। ਸਾਡੀ ਨਿਗ੍ਹਾ ਅੰਦਰ ਆਲੀ ਬੇਰੀ ’ਤੇ ਹੋਣੀ ਪਰ ਉੱਥੇ ਹਮੇਸ਼ਾ ਬਾਬੇ ਨੇ ਬੈਠਾ ਰਹਿਣਾ। ਅਸੀਂ ਪੂਰੀ ਉਡੀਕ ਰੱਖਣੀ, ਜਦ ਬਾਬੇ ਨੇ ਰੋਟੀ ਖਾਣ ਜਾਣਾ, ਜਦੇ ਰੋੜੇ ਚਲਾ ਦੇਣੇ।

ਬੜੇ ਬੇਰ ਖਾਧੇ ਉਸ ਬੇਰੀ ਦੇ, ਵੱਡੇ ਗੋਲ-ਗੋਲ ਲਾਲ-ਪੀਲੇ, ਮਿੱਠੇ ਬੇਰ। ਪਰ ਜਦ ਬਾਬੇ ਨੇ ਦੇਖ ਲੈਣਾ, ਉਹਨੇ ਦੂਰੋਂ ਈ ਡਾਂਗ ਵਗ੍ਹਾ ਕੇ ਮਾਰਨੀ, ਨਾਲੇ ਕਹਿਣਾ, ਖੜ ਜੋ ਥੋਨੂੰ ਖੁਆਵਾਂ ਬੇਰ, ਸਾਡਾ ਵਿਹੜਾ ਕੰਡਿਆਂ ਨਾਲ ਭਰ ਜਾਨੇ ਓ। ਹੁਣ ਸੋਚਦੀ ਆਂ ਗੱਲ ਤਾਂ ਬਾਬੇ ਦੀ ਠੀਕ ਹੀ ਸੀ, ਅਸੀਂ ਰੋੜੇ ਮਾਰ-ਮਾਰ ਬੇਰਾਂ ਦੇ ਨਾਲ ਪੱਤੇ ਵੀ ਝਾੜ ਦੇਣੇ। ਸਾਨੂੰ ਤਾਂ ਬੱਸ ਬੇਰਾਂ ਨਾਲ ਮਤਲਬ ਹੁੰਦਾ ਸੀ, ਥੱਲੇ ਕੰਡੇ ਹੋਣ, ਪੱਤੇ ਰਹਿਣ ਨਾ ਰਹਿਣ ਕੋਈ ਫਰਕ ਨੀ ਸੀ ਪੈਂਦਾ। ਮੈਨੂੰ ਯਾਦ ਆ ਅਸੀਂ ਰੋੜੇ ਵੀ ਝੋਲਿਆਂ ’ਚ ਈ ਪਾਏ ਹੁੰਦੇ ਕਈ ਵਾਰ ਤਾਂ ਰੋੜਾ ਕਿਸੇ ਨਾ ਕਿਸੇ ਦੇ ਸਿਰ ’ਚ ਵੀ ਵੱਜ ਜਾਣਾ ਪਰ ਮਾੜਾ ਜਿਹਾ ਸਿਰ ਮਲ਼ ਕੇ ਪਾਸੇ ਹੋ ਜਾਣਾ।

ਇੱਕ ਵਾਰ ਤਾਂ ਮੈਂ ਮਾਰਦੀ ਤਾਂ ਰੋੜਾ ਬੇਰ ਤੋੜਨ ਲਈ ਬੇਰੀ ’ਤੇ ਸੀ ਪਰ ਮੇਰੇ ਤੋਂ ਮੇਰੇ ਨਾਲ ਗਈ ਭੂਆ ਦੀ ਕੁੜੀ ਦੇ ਰੋੜਾ ਵੱਜਿਆ, ਉਸ ਦੇ ਬਹੁਤ ਖੂਨ ਨਿੱਕਲਿਆ, ਉਸ ਟਾਈਮ ਮੈਂ ਡਰ ਗਈ ਸੀ ਕਿ ਘਰਦਿਆਂ ਤੋਂ ਕੁੱਟ ਪਊ, ਫਿਰ ਮੈਂ ਡਰ ਦੇ ਮਾਰੇ ਭੂਆ ਦੀ ਕੁੜੀ ਦੇ ਸਿਰ ਵਿੱਚ ਰੇਤਾ ਲਾ ਦਿੱਤਾ ਕਿ ਸੱਟ ਦਾ ਕਿਸੇ ਨੂੰ ਵੀ ਪਤਾ ਨਾ ਲੱਗੇ, ਅੰਦਰੋਂ ਫਿਰ ਵੀ ਡਰ ਲੱਗੀ ਜਾਂਦਾ। ਹੁਣ ਉਹ ਗੱਲ ਸੋਚ ਕੇ ਹਾਸਾ ਵੀ ਆਉਂਦਾ। ਹਰੇਕ ਨੂੰ ਹੋਣਾ ਗੜੌਂਦੇ ਬੇਰ ਤੋੜਨੇ ਆਂ, ਟੀਸੀ ਵਾਲੇ, ਕਈ ਮੇਰੇ ਅਰਗੇ ਵੀ ਹੁੰਦੇ ਸੀ, ਕਿਸੇ ਹੋਰ ਦੇ ਤੋੜੇ ’ਤੇ ਕਬਜਾ ਕਰਕੇ ਬਹਿ ਜਾਣਾ ਬਈ, ਇਹ ਮੇਰੇ ਰੋੜੇ ਨਾਲ ਡਿੱਗਾ। ਹਰੇਕ ਨੇ ਆਪਣੇ-ਆਪ ਨੂੰ ਪੂਰੇ ਨਿਸ਼ਾਨਚੀ ਸਮਝਣਾ ਤੇ ਅੱਖ ਜਿਹੀ ਮੀਚ ਕੇ ਨਿਸ਼ਾਨੇ ਲਾਉਣੇ। ਕੱਚੇ-ਪੱਕੇ ਸਭ ਖਾ ਜਾਣੇ, ਜੇ ਬਾਹਲਾ ਮਿੱਠਾ ਹੋਣਾ ਤਾਂ ਹਰੇਕ ਨੇ ਕਹਿਣਾ, ਸੁਆਦ ਦਿਖਾ। ਸੋਚਦੀ ਆਂ ਕਦੇ ਜੂਠ ਦਾ ਖਿਆਲ ਈ ਨੀ ਸੀ ਆਇਆ।

ਉਂਜ ਵੀ ਸਾਨੂੰ ਸਾਰੇ ਪਿੰਡ ’ਚ ਕਿੱਥੇ ਬੇਰੀ ਆ, ਕਿਹੜੀ ਬੇਰੀ ਦੇ ਬੇਰ ਮਿੱਠੇ, ਖੱਟੇ ਆ ਸਭ ਪਤਾ ਹੁੰਦਾ ਸੀ। ਪੇਂਦੂ ਬੇਰੀਆਂ ਤਾਂ ਦੋ-ਚਾਰ ਕੁ ਘਰਾਂ ਦੇ ਈ ਹੁੰਦੀਆਂ ਸੀ, ਬਾਕੀ ਤਾਂ ਦੇਸੀ ਬੇਰੀਆਂ ਈ ਹੁੰਦੀਆਂ। ਛੁੱਟੀ ਆਲੇ ਦਿਨ ਤਾਂ ਅਸੀਂ ਨਾਨਕੇ ਘਰ ਜਾਣਾ, ਉਹਨਾਂ ਦੇ ਵਾਹਵਾ ਖੇਤ ਵਿਚ ਬਹੁਤ ਪੇਂਦੂ ਬੇਰੀਆਂ ਸੀ। ਉਹਨਾਂ ਆਪ ਹੀ ਪੱਕੇ-ਪੱਕੇ ਤੋੜ ਕੇ ਬੋਰੀ ਭਰ ਦੇਣੀ ਕਹਿਣਾ, ਨਾ ਥੋਡੇ ਕੰਡੇ ਵੱਜ ਜਾਣਗੇ, ਜਾਂ ਹੋ ਸਕਦਾ ਸੋਚਦੇ ਹੋਣਗੇ ਇਹਨਾਂ ਨੇ ਕੱਚੇ-ਪੱਕੇ ਸਭ ਛਾਂਗ ਦੇਣੇ ਆਂ।

ਨਾਨੀ ਨੇ ਬਥੇਰਾ ਕਹਿਣਾ, ਫੇਰ ਖਊਂ-ਖਊਂ ਕਰਦੀ ਐਂ, ਨਾ ਕੱਚੇ ਕਾਕੜੇ ਬੇਰ ਖਾਇਆ ਕਰ। ਪਰ ਕਿੱਥੇ ਸਬਰ ਆਉਂਦਾ ਸੀ, ਜਿਹੜੇ ਮਿਲ ਜਾਣੇ ਖਾ ਲੈਣੇ। ਹੁਣ ਸੋਚਦੀ ਆਂ ਉਦੋਂ ਸਾਨੂੰ ਕਿਹੜਾ ਬਾਹਲੇ ਫਲ-ਫਰੂਟ ਮਿਲਦੇ ਹੁੰਦੇ ਸੀ, ਅਸੀਂ ਤਾਂ ਜਾਮਣਾਂ, ਅਮਰੂਦ ਦੇ ਬੇਰਾਂ ਦੀ ਆਸ ’ਤੇ ਰਹਿਣਾ ਓਹੀ ਖਾਂਦੇ ਫਿਰਨਾ। ਹੁਣ ਬੇਰ ਵੇਖਣ ਨੂੰ ਮੁਸ਼ਕਲ ਨਾਲ ਮਿਲਦੇ ਆ, ਵਧੀਆ ਤੋਂ ਵਧੀਆ ਫਲ-ਫਰੂਟ ਮਿਲ ਜਾਂਦੈ ਪਰ ਜੀ ਕਰੂ ਬੇਰ ਹੋਣ, ਨਿੱਕੇ-ਨਿੱਕੇ, ਹੁਣ ਤਾਂ ਕਈ ਵਾਰ ਕੰਡਿਆਂ ਦੀਆਂ ਝਰੀਟਾਂ ਨੂੰ ਵੀ ਤਰਸ ਜਾਈਦਾ। ਜਿੰਦਗੀ ਸੋਹਲ ਜਿਹੀ ਹੋਗੀ ਪਤਾ ਨੀ ਹਰ ਚੀਜ ਹਰ ਵੇਲੇ ਮਿਲਣ ਕਰਕੇ ਕਦਰ ਨੀ ਰਹਿੰਦੀ। ਉਂਜ ਵੀ ਲੱਗਦਾ ਬਚਪਨ ’ਚ ਸਹੇਲੀਆਂ ਨਾਲ ਰਲ ਕੇ ਜੋ ਖਾਣ-ਪੀਣ ਦਾ ਸੁਆਦ ਆਉਂਦਾ ਸੀ ’ਕੱਲਿਆਂ ਨੂੰ ਪਲੇਟ ਚ’ੋਂ ਚੱਕ ਕੇ ਖਾਣ ਦਾ ਨੀ ਆ ਸਕਦਾ। ਪੂਰੀ ਮਿਹਨਤ ਕਰਕੇ ਝਾੜ ਕੇ ਚੋਰੀ ਦੇ ਬੇਰ ਖਾਣ ਦਾ ਸੁਆਦ ਈ ਅਲੱਗ ਹੁੰਦਾ ਸੀ।

ਹੁਣ ਉਹ ਬੇਰੀਆਂ ਵੀ ਉੱਡ-ਪੁੱਡ ਗਈਆਂ, ਸ਼ਾਇਦ ਸਾਡਿਆਂ ਚੇਤਿਆਂ ’ਚ ਈ ਯਾਦ ਨੇ। ਕਈ ਵਾਰ ਸੋਚਦੀ ਆਂ, ਕਾਸ਼! ਅਸੀਂ ਵੀ ਸਾਡੀਆਂ ਦੇਸੀ ਬੇਰੀਆਂ ਦੀ ਕੀਮਤ ਸਮਝ ਲੈਂਦੇ, ਤਾਂ ਸ਼ਾਇਦ ਉਹ ਵੀ ਦੇਸ਼-ਵਿਦੇਸ਼ ’ਚ ਸਟੋਰਾਂ ਦੀਆਂ ਰਾਣੀਆਂ ਹੁੰਦੀਆਂ! ਜ਼ਿਆਦਾਤਰ ਫਲ ਖੇਤਾਂ ਵਿਚਲੇ ਤੂਤਾਂ ਦੀਆਂ ਤੂਤੀਆਂ, ਲਸੂੜੇ ਤੇ ਬੇਰ ਹੀ ਹੁੰਦੇ ਸਨ। ਬੱਚੇ ਅਕਸਰ ਟੋਲੀਆਂ ਬਣਾ ਕੇ ਖੇਤਾਂ ਵਿਚਲੇ ਤੂਤ, ਲਸੂੜਿਆਂ ਤੇ ਬੇਰੀਆਂ ਤੋਂ ਫਲ ਇਕੱਠੇ ਕਰ ਕੇ ਲਿਫ਼ਾਫ਼ੇ ਭਰ ਲਿਆਉਂਦੇ।

ਸਾਡੇ ਖੇਤ ਵਾਲੀ ਬੇਰੀ ਨੂੰ ਮਾਰਚ ਮਹੀਨੇ ਬਹੁਤ ਬੇਰ ਲੱਗਣੇ। ਅਸੀਂ ਜਿਸ ਨੂੰ ਹੁਣ ਪੌਲੀਥੀਨ ਕਹਿੰਦੇ ਹਾਂ ਉਦੋਂ ਅਸੀਂ ਮੋਮੀਕਾਗ਼ਜ਼ ਦਾ ਕਹਿੰਦੇ ਸੀ ਲਿਫਾਫਾ ਨਾਲ ਲਿਜਾਣਾ। ਵਧੀਆ-ਵਧੀਆ ਬੇਰ ਨਾਲੋ-ਨਾਲ ਖਾਈ ਵੀ ਜਾਣੇ ਤੇ ਲਿਫ਼ਾਫ਼ਾ ਵੀ ਭਰੀ ਜਾਣਾ। ਘਰਦਿਆਂ ਨੇ ਬੱਸ ਹਲਕਾ ਜਿਹਾ ਘੂਰਨਾ, ਉਏ ਇਸ ਨਾਲ ਖੰਘ ਹੋ ਜਾਣੀ ਐਂ। ਸਾਡੀ ਜ਼ਮੀਨ ਦੋ ਪਾਸੇ ਹੈ। ਇੱਕ ਪਾਸੇ ਵਾਲੀ ਜ਼ਮੀਨ ਵਿਚ ਬਹੁਤ ਪੁਰਾਣੀ ਮੋਟਰ ਹੈ ਤੇ ਇੱਕ ਵਿਚ ਬਹੁਤ ਦੇਰ ਬਾਅਦ ਲੱਗੀ ਸੀ। ਸਾਡੀ ਮੋਟਰ ਵਾਲੀ ਜ਼ਮੀਨ ਵਿਚ ਬਹੁਤ ਸਾਰੇ ਦਰੱਖ਼ਤ ਸਨ। ਘੱਟੋ-ਘੱਟ ਚਾਰ-ਪੰਜ ਤਾਂ ਵੱਡੀਆਂ ਟਾਹਲੀਆਂ ਸਨ। ਦੋ-ਤਿੰਨ ਤੂਤ, ਬਰਕੈਨਾਂ ਤੇ ਇੱਕ ਵੱਡੀ ਬੇਰੀ ਸੀ। ਮੋਟਰ ਦੁਆਲੇ ਤਾਂ ਰੁੱਖਾਂ ਦਾ ਝੁਰਮਟ ਹੀ ਪਿਆ ਹੋਇਆ ਸੀ। ਫ਼ਰਵਰੀ ਵਿਚ ਬੇਰੀ ਨੂੰ ਬੂਰ ਪੈਣਾ ਜਿਹੜਾ ਮਾਰਚ-ਅਪਰੈਲ ਤੱਕ ਪੱਕ ਕੇ ਬੇਰਾਂ ਦਾ ਰੂਪ ਧਾਰ ਲੈਂਦਾ।

ਬੱਚਿਆਂ ਦੇ ਜ਼ਿਆਦਾਤਰ ਫਲ ਖੇਤਾਂ ਵਿਚਲੇ ਤੂਤਾਂ ਦੀਆਂ ਤੂਤੀਆਂ, ਲਸੂੜੇ ਤੇ ਬੇਰ ਹੀ ਹੁੰਦੇ ਸਨ। ਬੱਚੇ ਅਕਸਰ ਟੋਲੀਆਂ ਬਣਾ ਕੇ ਖੇਤਾਂ ਵਿਚਲੇ ਤੂਤ, ਲਸੂੜਿਆਂ ਤੇ ਬੇਰੀਆਂ ਤੋਂ ਫੱਲ ਇਕੱਠੇ ਕਰ ਕੇ ਲਿਫ਼ਾਫ਼ੇ ਭਰ ਲਿਆਉਂਦੇ। ਸਾਡੇ ਤੋਂ ਬਿਨਾਂ ਪਿੰਡ ਦੇ ਹੋਰ ਜੁਆਕਾਂ ਨੇ ਵੀ ਸਾਡੇ ਖੇਤ ਵਾਲੀ ਬੇਰੀ ਦੇ ਬੇਰ ਲੈਣ ਅਕਸਰ ਫੇਰਾ ਪਾਉਂਦੇ ਹੀ ਰਹਿਣਾ। ਬੱਚਿਆਂ ਨੇ ਬੇਰੀ ਦੇ ਬੇਰ ਚੁਗਣ ਦੌਰਾਨ ਬੇਰੀ ਹੇਠੋਂ ਕਣਕ ਦੀ ਫ਼ਸਲ ਵੱਡੀ ਪੱਧਰ ’ਤੇ ਮਿੱਧ ਦੇਣੀ। ਤਕਰੀਬਨ ਦਸ-ਪੰਦਰਾਂ ਫੁੱਟ ਦੇ ਚੱਕਰਾਕਾਰ ਖੇਤਰ ਵਿਚੋਂ ਬੱਚਿਆਂ ਨੇ ਕਣਕ ਦਾ ਬਿਲਕੁਲ ਸਫ਼ਾਇਆ ਹੀ ਕਰ ਦੇਣਾ। ਮੈਨੂੰ ਅੱਜ ਤੱਕ ਯਾਦ ਹੈ ਬਾਪੂ ਹੋਰਾਂ ਨੇ ਸਿਰਫ਼ ਐਨਾ ਹੀ ਕਹਿਣਾ ਕਿ ‘ਔਹ ਵੇਖ ਜਵਾਕਾਂ ਨੇ ਕਿੰਨੀ ਕਣਕ ਖ਼ਰਾਬ ਕਰ ਦਿੱਤੀ। ਕੱਲ੍ਹ ਨੂੰ ਆਉਣ ਦੇ ਬਣਾਵਾਂਗੇ ਇਨ੍ਹਾਂ ਦੀ ਰੇਲ।’ ਪਰ ਕੱਲ੍ਹ ਵੀ ਲੰਘ ਜਾਣੀ। ਬਾਪੂ ਨੇ ਜੁਆਕਾਂ ਨੂੰ ਕਹਿਣਾ ਕੁੱਝ ਵੀ ਨਾ।

ਜੇਕਰ ਜਵਾਕ ਵੇਖ ਲੈਣੇ ਤਾਂ ਦੂਰੋਂ ਹੀ ਫੋਕਾ ਜਿਹਾ ਲਲਕਾਰਾ ਮਾਰ ਦੇਣਾ ‘ਉਏ ਤੁਸੀਂ ਹਟਦੇ ਨੀ? ਸਾਰੀ ਕਣਕ ਖ਼ਰਾਬ ਕਰਤੀ।’ ਕਈ ਡਰਪੋਕ ਜਿਹੇ ਡਰ ਕੇ ਭੱਜ ਜਾਂਦੇ, ਕਈਆਂ ਨੇ ਕਹਿਣਾ, ‘ਮੈਂ ਤਾਂ ਅੱਜ ਈ ਆਇਆਂ ਜੀ।’ ਚਾਚਾ, ਤਾਇਆ ਜਾਂ ਬਾਬਾ ਕੁੱਝ ਵੀ ਕਹਿ ਲੈਂਦੇ । ਪਾਪਾ ਨੇ ਪਹਿਲਾਂ ਇੱਕ ਏਕੜ ਫਿਰ ਦੋ ਏਕੜ ਫਿਰ ਹੌਲੀ-ਹੌਲੀ ਸਾਰੀ ਜ਼ਮੀਨ ਉੱਤੇ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ। ਝੋਨੇ ਦੇ ਕੱਦੂ ਦਾ ਅੜਿੱਕਾ ਬਣੀ ਸਾਡੇ ਖੇਤ ਵਿਚਲੀ ਬੇਰੀ ਤੇ ਟਾਹਲੀਆਂ ਸਮੇਤ ਤੂਤ ਸਭ ਕੁੱਝ ਨੂੰ ਨਿਗਲ ਗਿਆ, ਸਾਡੇ ਖੇਤ ਵਿਚ ਸਿਰਫ਼ ਮੋਟਰ ਲਾਗਲੇ ਦਰੱਖ਼ਤ ਰਹਿ ਗਏ ਸਨ। ਬਾਕੀ ਸਾਰਿਆਂ ਨੇ ਸਾਡੇ ਖੇਤ ਵਿਚੋਂ ਅਜਿਹੀ ਰੁਖ਼ਸਤ ਲਈ ਕਿ ਅੱਜ ਤੱਕ ਵਾਪਸੀ ਨਹੀਂ ਕੀਤੀ। ਅੱਜ ਵੀ ਸਿਰਫ਼ ਮੋਟਰ ਦੁਆਲੇ ਇੱਕ-ਦੋ ਦਰੱਖ਼ਤ ਹਨ।
ਗੰਢੂਆਂ, ਸੰਗਰੂਰ
ਰਾਜਿੰਦਰ ਰਾਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.