ਕੰਵਰ ਗਿੱਲ ਤੇ ਗਿ੍ਰਨਸ਼ੀਨਾ ਕਾਰਤਿਕ ਨੇ ਓਡੈਕਸ ਇੰਡੀਆ ਦੇ ਇਤਿਹਾਸ ’ਚ ਪਹਿਲੀ ਵਾਰ 5 ਦਿਨਾਂ ਐਸ.ਆਰ ਟੈਂਡਮ ’ਤੇ ਕੀਤੀ ਪੂਰੀ

ਪਟਿਆਲਾ ਦੇ ਕੰਵਰ ਗਿੱਲ 16ਵੀਂ ਵਾਰ ਬਣੇ ਸੁਪਰ ਰੈਨੇਡਿਊਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਸਨੀਕ ਤੇ ਨਾਮੀ ਸਾਈਕਲਿਸਟ ਐਡਵੋਕੇਟ ਕੰਵਰ ਗੁਰਪ੍ਰੀਤ ਸਿੰਘ ਗਿੱਲ ਲੇ 5 ਦਿਨਾਂ ਦੀ ਐਸ.ਆਰ ਨੂੰ ਟੈਂਡਮ ਬਾਈਕ ’ਤੇ 1500 ਕਿਲੋਮੀਟਰ ਪੂਰਾ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜ਼ਿਕਰਯੋਗ ਹੈ ਕਿ ਇੰਡੀਆ ਓਡੈਕਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਟੈਂਡਮ ਬਾਈਕ ’ਤੇ ਸੁਪਰ ਰੈਨੇਡਿਊਰ 5 ਦਿਨਾਂ ਵਿੱਚ 1500 ਕਿਲੋਮੀਟਰ ਪੂਰੀ ਹੋਈ ਹੈ ਅਤੇ ਇਸ ਤੋਂ ਘੱਟ ਸਮੇਂ ਵਿੱਚ ਇਸ ਐਸ.ਆਰ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਨਿਯਮ ਅਨੁਸਾਰ 600 ਕਿਲੋਮੀਟਰ ਲਈ 40 ਘੰਟੇ, 400 ਕਿਲੋਮੀਟਰ ਲਈ 27 ਘੱਟੇ, 300 ਕਿਲੋਮੀਟਰ ਲਈ 20 ਘੰਟੇ ਅਤੇ 200 ਕਿਲੋਮੀਟਰ ਲਈ 13.5 ਘੰਟੇ ਦਾ ਸਮਾਂ ਤੈਅ ਹੁੰਦਾ ਹੈ।

ਦੱਸਣਯੋਗ ਹੈ ਕਿ ਸਾਈਕਲਿੰਗ ਦੀ 600 ਕਿਲੋਮੀਟਰ ਦੀ ਇਹ ਰਾਈਡ 21 ਫਰਵਰੀ ਨੂੰ ਜਲੰਧਰ ਤੋਂ ਸ਼ੁਰੂ ਹੋ ਕੇ ਅੰਮਿ੍ਰਤਸਰ, ਤਰਨਤਾਰਨ ਸਾਹਿਬ, ਬਠਿੰਡਾ, ਪਟਿਆਲਾ, ਰਾਜਪੁਰਾ, ਲੁਧਿਆਣਾ ਤੇ ਵਾਪਸ ਜਲੰਧਰ ਜਾ ਕੇ ਖਤਮ ਹੋਈ। 23 ਫਰਵਰੀ ਨੂੰ 300 ਕਿਲੋਮੀਟਰ ਦੀ ਜਲੰਧਰ ਤੋਂ ਫਗਵਾੜਾ, ਹੁਸ਼ਿਆਰਪੁਰ, ਊਨਾ ਤੇ ਬਡਸਰ ਹੁੰਦੀ ਹੋਈ ਇਹ ਰਾਈਡ ਮੁੜ ਜਲੰਧਰ ਆ ਕੇ ਸਮਾਪਤ ਹੋਈ। 24 ਫਰਵਰੀ ਨੂੰ 400 ਕਿਲੋਮੀਟਰ ਦੀ ਸਭ ਤੋਂ ਔਖੀ ਇਹ ਰਾਈਡ ਪਠਾਨਕੋਟ, ਧਰਮਸ਼ਾਲਾ, ਕਾਂਗੜਾ, ਜਵਾਲਾ ਜੀ ਅਤੇ ਮਾਤਾ ਚਿੰਤਪੁਰਨੀ ਤੋਂ ਹੁੰਦੀ ਹੋਈ ਜਲੰਧਰ ਆ ਕੇ ਖਤਮ ਹੋਈ। 25 ਫ਼ਰਵਰੀ ਨੂੰ 200 ਕਿਲੋਮੀਟਰ ਲਈ ਇਹ ਰਾਈਡ ਟਾਂਡਾ, ਹੁਸ਼ਿਆਰਪੁਰ, ਚਿੰਤਪੁਰਨੀ ਤੋਂ ਹੁੰਦੀ ਹੋਈ ਵਾਪਸ ਜਲੰਧਰ ਪੁੱਜੀ। ਇਸ ਪੰਜ ਦਿਨਾਂ ਦੀ ਚੁਣੌਤੀ ਨੂੰ ਐਡਵੋਕੇਟ ਕੰਵਰ ਗੁਰਪ੍ਰੀਤ ਸਿੰਘ ਗਿੱਲ ਨੇ ਆਪਣੀ ਸਹਿਯੋਗੀ ਸਹਿ ਚਾਲਕ ਗਿ੍ਰਨਸ਼ੀਨਾ ਕਾਰਤਿਕ ਨਾਲ ਪੂਰਾ ਕੀਤਾ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਟਿਆਲਾ ਦੇ ਕੰਵਰ ਗਿੱਲ ਅਤੇ ਗਿ੍ਰਨਸ਼ੀਨਾ ਕਾਰਤਿਕ ਨੇ ਇੰਡੀਆ ਗੇਟ ਦਿੱਲੀ ਤੋਂ ਗੇਟ ਵੇਅ ਆਫ ਇੰਡੀਆ ਮੁੰਬਈ ਤੱਕ 1460 ਕਿਲੋਮੀਟਰ ਦਾ ਸਫਰ ਟੈਂਡਮ ਬਾਈਕ ’ਤੇ ਤੈਅ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਕੰਵਰ ਗਿੱਲ ਇਕ ਐਸ.ਆਰ ਟੈਂਡਮ ’ਤੇ ਸੁਧੀਲਿਕਾ ਸਾਂਘੀ ਨਾਲ ਵੀ ਪੂਰਾ ਕਰ ਚੁੱਕੇ ਹਨ। ਸਾਈਕਲਿੰਗ ਦੀ ਦੁਨੀਆ ਵਿੱਚ ਔਖੇ ਪੈਂਡਿਆਂ ਨੂੰ ਸਰ ਕਰਨ ਕਰਕੇ ਕੰਵਰ ਗਿੱਲ ਨੂੰ ਟੈਂਡਮ ਕਿੰਗ ਦੇ ਨਾਅ ਨਾਲ ਵੀ ਜਾਣਿਆ ਜਾਂਦਾ ਹੈ।

ਦੱਸਣਾ ਬਣਦਾ ਹੈ ਕਿ ਕੰਵਰ ਗਿੱਲ ਦੀ ਸਹਿ ਚਾਲਕ ਗਿ੍ਰਨਸ਼ੀਨਾ ਕਾਰਤਿਕ ਬੰਗਲੌਰ ਦੀ ਰਹਿਣ ਵਾਲੀ ਹੈ, ਜੋ ਕਿ ਭਾਰਤ ਦੀ ਪਹਿਲੀ ਮਹਿਲਾ ਹੈ ਜਿਸ ਨੇ ਥਾਈਲੈਂਡ ਵਿਖੇ 178 ਘੰਟਿਆਂ ਦੇ ਵਿੱਚ 2000 ਕਿਲੋਮੀਟਰ ਦੀ ਸਾਈਕਲ ਰਾਈਡ ਪੂਰੀ ਕੀਤੀ। ਹੁਣ ਤੱਕ ਕੰਵਰ ਗਿੱਲ 16 ਵਾਰ ਤੇ ਗਿ੍ਰਨਸ਼ੀਨਾ ਕਾਰਤਿਕ 6 ਵਾਰ ਸੂਪਰ ਰੈਨੇਡਿਊਰ ਬਣ ਚੁੱਕੇ ਹਨ। ਇਸ ਰਾਈਡ ਨੂੰ 8 ਰਾਈਡਰਜ਼ ਨੇ ਸ਼ੁਰੂ ਕੀਤਾ ਸੀ ਪਰ ਸਿਰਫ 5 ਰਾਈਡਰਜ਼ ਹੀ ਇਸ ਨੂੰ ਪੂਰਾ ਕਰ ਸਕੇ ਹਨ, ਜਿਨ੍ਹਾਂ ਵਿੱਚ ਰਾਜਸਥਾਨ ਤੋਂ ਰੇਨੂੰ ਸਿੰਘੀ, ਵਿਸ਼ਾਖਾਪਟਨਮ ਤੋਂ ਮੇਜਰ ਰਾਮ ਤੇ ਹੁਸ਼ਿਆਰਪੁਰ ਤੋਂ ਡਾਕਟਰ ਰਮਨਪ੍ਰੀਤ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.