ਨਕਾਰਾਤਮਕ ਵਿਚਾਰਾਂ ਤੋਂ ਬਚੋ
ਡਿਹਰ ਮਨੁੱਖ ਆਪਣੇ ਵਿਚਾਰਾਂ ਦੁਆਰਾ ਸਿਰਜਿਆ ਹੋਇਆ ਪ੍ਰਾਣੀ ਹੈ। ਜਿਹੋ-ਜਿਹੇ ਵਿਚਾਰਾਂ ਨਾਲ ਮਨੁੱਖ ਸੋਚਦਾ ਹੈ, ਉਹੋ-ਜਿਹੀ ਉਸ ਦੀ ਸ਼ਖਸੀਅਤ ਬਣਦੀ ਜਾਂਦੀ ਹੈ। ਮਨੁੱਖ ਨੂੰ ਉਸ ਦੇ ਗੁਣ ਹੀ ਉੱਚਾ ਕਰਦੇ ਹਨ। ਮਨੁੱਖਾਂ ਦੀ ਭੀੜ ’ਚੋਂ ਵਿਲੱਖਣ ਦਰਸਾਉਣ ਵਾਲਾ ਨੁਕਤਾ ਵਿਚਾਰਾਂ ਦਾ ਹੀ ਹੁੰਦਾ ਹੈ। ਅਕਸਰ ਅਨੁਕੂਲ ਹਾਲਾਤਾਂ ਵਿਚ ਮਨੁੱਖ ਦੇ ਵਿਚਾਰ ਹਾਂ-ਪੱਖੀ ਹੁੰਦੇ ਹਨ ਪਰ ਜੇਕਰ ਕਿਤੇ ਹਾਲਾਤ ਅਣਸੁਖਾਵੇਂ ਹੋ ਜਾਣ ਤਾਂ ਨਾਂਹ-ਪੱਖੀ ਵਿਚਾਰ ਵਿਅਕਤੀ ਦੇ ਮਨ, ਦਿਲ ਅਤੇ ਦਿਮਾਗ ’ਤੇ ਝੁਰਮਟ ਪਾਈ ਰੱਖਦੇ ਹਨ, ਜੋ ਵਿਅਕਤੀ ਲਈ ਦੁਸ਼ਮਣ ਵਾਂਗ ਕੰਮ ਕਰਦੇ ਹਨ। ਜੇਕਰ ਕਿਤੇ ਅਜਿਹੇ ਸਮੇਂ ਵਿਚ ਵੀ ਵਿਅਕਤੀ ਹਾਂ-ਪੱਖੀ ਵਿਚਾਰਾਂ ਦਾ ਪੱਲਾ ਨਾ ਛੱਡੇ ਤਾਂ ਅਜਿਹਾ ਮਨੁੱਖ ਦੂਜਿਆਂ ਤੋਂ ਵੱਖਰੀ ਪਹਿਚਾਣ ਬਣਾ ਲੈਂਦਾ ਹੈ।
ਜੀਵਨ ਦੀ ਖੁਸ਼ੀ ਸਾਡੇ ਵਿਚਾਰਾਂ ਦੀ ਗੁਣਵੱਤਾ ’ਤੇ ਹੀ ਨਿਰਭਰ ਕਰਦੀ ਹੈ। ਜੀਵਨ ਨੂੰ ਸ਼ਾਂਤ ਅਤੇ ਸਹਿਜ਼ ਬਣਾਉਣ ਲਈ ਹਾਂ-ਪੱਖੀ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨਾਂਹ-ਪੱਖੀ ਵਿਚਾਰ ਤਾਂ ਉਲਟ ਹਾਲਾਤਾਂ ਵਿਚ ਸਾਡੀ ਅੰਦਰੂਨੀ ਸ਼ਕਤੀ ਨੂੰ ਪਰਖਣ ਦਾ ਕੰਮ ਕਰਦੇ ਹਨ। ਜੇਕਰ ਮਨੁੱਖ ਅਜਿਹੇ ਸਮੇਂ, ਨਾਂਹ-ਪੱਖੀ ਵਿਚਾਰਾਂ ਦੀ ਮੌਜੂਦਗੀ ਵਿਚ ਆਪਣੀ ਸੂਝ-ਬੂਝ ਗੁਆ ਬੈਠੇ ਤਾਂ ਉਸ ਦੀ ਜ਼ਿੰਦਗੀ ਨਰਕ ਬਣਦਿਆਂ ਦੇਰ ਨਹੀਂ ਲੱਗਦੀ। ਨਕਾਰਾਤਮਕ ਵਿਚਾਰ ਸਾਡੀ ਸਕਾਰਾਤਮਕ ਸੋਚ ਨੂੰ ਵੀ ਖੋਰਾ ਲਾਉਂਦੇ ਹਨ। ਸਾਡਾ ਮਨ ਨਿਰਾਸ਼ ਹੋ ਜਾਂਦਾ ਹੈ ਤੇ ਕੁਝ ਵੀ ਸਕਾਰਾਤਮਕ ਨਹੀਂ ਸੋਚਦਾ। ਸਾਡਾ ਮਨ ਆਪਣੇ-ਆਪ ਵਿਚ ਇੱਕ ਦੁਨੀਆਂ ਹੈ।
ਇਸ ਅੰਦਰ ਸੰਸਾਰਕ ਭਾਵਨਾਵਾਂ ਅਤੇ ਇੱਛਾਵਾਂ ਪਲਦੀਆਂ ਹਨ ਜਿਸ ਕਾਰਨ ਸਾਡੀਆਂ ਤਰਜੀਹਾਂ ਬਦਲਦੀਆਂ ਰਹਿੰਦੀਆਂ ਹਨ। ਇਸ ਦੇ ਸਿੱਟੇ ਵਜੋਂ ਮਨ ਇੱਕ ਦਿਸ਼ਾ ਵਿਚ ਇਕਾਗਰ ਹੋਣ ਵਿਚ ਨਾਕਾਮ ਰਹਿੰਦਾ ਹੈ ਜਿਸ ਕਾਰਨ ਸਾਡੇ ਪੈਰ ਗਲਤ ਰਾਹਾਂ ਦੇ ਪਾਂਧੀ ਬਣ ਜਾਂਦੇ ਹਨ। ਚੰਗਾ-ਮਾੜਾ ਸੋਚਣਾ ਸਾਡੇ ਮਨ ਦੀ ਇੱਕ ਸਥਿਤੀ ਹੈ। ਮਨ ਦੀਆਂ ਦੋ ਵੱਡੀਆਂ ਕਮੀਆਂ ਹਨ। ਇਹ ਆਪਣੇ ਪ੍ਰਤੀ ਆਦਰ ਅਤੇ ਦੂਜਿਆਂ ਪ੍ਰਤੀ ਨਫਰਤ ਦੀ ਭਾਵਨਾ ਰੱਖਦਾ ਹੈ। ਮਨ ਵਿਚ ਅਨੇਕਾਂ ਪ੍ਰਕਾਰ ਦੇ ਵਿਕਾਰ ਹਨ ਜੋ ਮਨੁੱਖ ਨੂੰ ਅਨੰਦ ਲੈਣ ਵਿਚ ਰੁਕਾਵਟ ਪੈਦਾ ਕਰਦੇ ਹਨ।
ਸਾਡੇ ਮਨ ਵਿਚ ਅਕਸਰ ਬੀਤੇ ਸਮੇਂ ਅਤੇ ਭਵਿੱਖ ਦੀਆਂ ਚਿੰਤਾਵਾਂ ਹੁੰਦੀਆਂ ਹਨ ਜੋ ਸਾਡੀ ਤਾਕਤ ਨੂੰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਤਰ੍ਹਾਂ ਅਸੀਂ ਆਪਣੇ ਵਰਤਮਾਨ ਨੂੰ ਨਸ਼ਟ ਕਰ ਲੈਂਦੇ ਹਾਂ ਤੇ ਦੁਖੀ ਰਹਿੰਦੇ ਹਾਂ। ਮਨੁੱਖ ਦੀ ਸੋਚ ਹੀ ਉਸ ਦੀ ਜ਼ਿੰਦਗੀ ਦੀ ਬੁਨਿਆਦ ਹੁੰਦੀ ਹੈ। ਇਹ ਸੋਚਾਂ ਹੀ ਉਸ ਦੀ ਅਗਵਾਈ ਕਰਦੀਆਂ ਹਨ। ਹਰ ਮਨੁੱਖ ਦੇ ਦੁਖੀ ਹੋਣ ਦਾ ਕਾਰਨ ਇਹ ਹੈ ਕਿ ਮਨੁੱਖ ਅੰਦਰਲੇ ਨਕਾਰਾਤਮਕ ਤੱਤ ਉਸ ਨੂੰ ਅੰਦਰੋਂ-ਅੰਦਰ ਨਸ਼ਟ ਕਰੀ ਜਾਂਦੇ ਹਨ। ਮਨੁੱਖ ਨੇਕ ਵਿਚਾਰਾਂ ਨਾਲ ਆਪਣੇ-ਆਪ ਨੂੰ ਨਕਾਰਾਤਮਕ ਵਿਚਾਰਾ ਤੋਂ ਮੁਕਤ ਕਰ ਸਕਦਾ ਹੈ ਮਨੁੱਖ ਜੀਵਨ ਦੌਰਾਨ ਇੰਨੇ ਉਤਰਾਅ-ਚੜ੍ਹਾਅ ਵੇਖਦਾ ਹੈ ਕਿ ਇਨ੍ਹਾਂ ਦਾ ਅਸਰ ਉਸ ਦੇ ਮਨ ਤੇ ਤਨ ਦੋਵਾਂ ’ਤੇ ਪੈਂਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੇ ਮਨ ਅੰਦਰਲੀ ਨਿਰਾਸ਼ਾਜਨਕ ਸਥਿਤੀ ਨੂੰ ਦੂਰ ਕਰੇ। ਖੁਦ ’ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਕਿਉਂਕਿ ਸਹਾਰੇ ਕਿੰਨੇ ਵੀ ਕਿਉਂ ਨਾ ਹੋਣ, ਇੱਕ ਦਿਨ ਸਾਥ ਛੱਡ ਹੀ ਜਾਂਦੇ ਹਨ। ਜੇਕਰ ਤੁਹਾਡਾ ਮਨ ਕਮਜ਼ੋਰ ਹੈ ਤਾਂ ਕੰਡੇ ਵੀ ਬਰਛੇ ਲੱਗਣ ਲੱਗ ਪੈਂਦੇ ਹਨ। ਜਜ਼ਬਾਤਾਂ ਦੇ ਅਧੀਨ ਰਹਿ ਕੇ ਖੁਦ ਨੂੰ ਕਦੇ ਵੀ ਕਿਸੇ ਦੇ ਅਧੀਨ ਨਾ ਕਰੋ। ਜੀਵਨ ਵਿਚ ਅਸਲੀ ਖੁਸ਼ੀ ਲਈ ਸਾਡੀ ਰੁਚੀ ਦੇ ਕਾਰਜਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਜਦੋਂ ਅਸੀਂ ਰੁਚੀ ਦੇ ਖਿਲਾਫ ਕੰਮ ਕਰਨ ਲਈ ਮਜ਼ਬੂਰ ਹੁੰਦੇ ਹਾਂ ਤਾਂ ਨਿਰਾਸ਼ਾ, ਉਦਾਸੀਨਤਾ ਅਤੇ ਤਣਾਅ ਦੇ ਭਾਵ ਸਾਡੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਸਾਨੂੰ ਅੰਦਰੋ-ਅੰਦਰ ਸਿਉਂਕ ਵਾਂਗ ਖਾਂਦੇ ਹੋਏ ਖੋਖਲਾ ਕਰ ਦਿੰਦੇ ਹਨ। ਜਦੋਂ ਵੀ ਕੋਈ ਕੰਮ ਕਰੀਏ, ਥੋੜ੍ਹਾ ਜਿਹਾ ਆਪਣੇ ਮਨ ਵੱਲ ਵੀ ਧਿਆਨ ਦੇਈਏ ਅਤੇ ਸੋਚੀਏ ਕਿ ਇਸ ਕਰਮ ਵਿਚ ਮੇਰੀ ਇੱਛਾ ਤੇ ਮੋਹ ਹੈ ਜਾਂ ਕੇਵਲ ਡਰ ਹੈ। ਜੇਕਰ ਇਨ੍ਹਾਂ ’ਚੋਂ ਕੋਈ ਵੀ ਹੋਵੇ ਤਾਂ ਮਨ ਦੀ ਇਸ ਮਾੜੀ ਭਾਵਨਾ ਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਜੋ ਲੋਕ ਆਪਣੇ ਮਨ ਨੂੰ ਕਾਬੂ ਵਿਚ ਨਹੀਂ ਰੱਖ ਸਕਦੇ ਉਨ੍ਹਾਂ ਲਈ ਇਹ ਦੁਸ਼ਮਣ ਵਾਂਗ ਕੰਮ ਕਰਦਾ ਹੈ। ਜੇ ਅਸੀਂ ਆਪਣੇ ਦਿਮਾਗ ਨਾਲ ਖੁਦ ਨੂੰ ਵੇਖਣਾ ਅਤੇ ਸੁਣਨਾ ਸਿੱਖ ਜਾਈਏ ਤਾਂ ਸਾਨੂੰ ਕੋਈ ਵਰਗਲਾ ਨਹੀਂ ਸਕਦਾ।
ਸਾਡਾ ਮਨ ਤੰਦਰੁਸਤ ਰਹੇ, ਇਸ ਲਈ ਜ਼ਰੂਰੀ ਹੈ ਕਿ ਰੋਜ਼ਾਨਾ ਜੀਵਨ ਵਿਚ ਸੰਜਮ, ਸੰਤੋਖ ਅਤੇ ਮਨ ਨੂੰ ਕਾਬੂ ਕਰਨ ਦਾ ਅਭਿਆਸ ਕਰਦੇ ਰਹੀਏ। ਜਿਸ ਤਰ੍ਹਾਂ ਅਸੀਂ ਆਪਣੀ ਅਲਮਾਰੀ ਨੂੰ ਸਾਫ ਕਰਨ ਸਮੇਂ ਫਾਲਤੂ ਚੀਜ਼ਾਂ ਨੂੰ ਬਾਹਰ ਕੱਢ ਕੇ ਬਾਕੀਆਂ ਨੂੰ ਸੁਆਰਦੇ ਹਾਂ ਇਸੇ ਤਰ੍ਹਾਂ ਜੇਕਰ ਅਸੀਂ ਅੰਤਰਝਾਤ ਮਾਰਦੇ ਹੋਏ ਆਪਣੇ ਦਿਲ-ਦਿਮਾਗ ’ਚੋਂ ਅਕਸਰ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਰਹੀਏ ਤਾਂ ਸਾਡਾ ਮਨ, ਦਿਲ ਤੇ ਦਿਮਾਗ ਨਿਰਮਲ ਰਹਿਣਗੇ ਜਿਸ ਨਾਲ ਈਰਖਾ, ਨਫਰਤ, ਤਣਾਅ, ਲਾਲਚ ਆਦਿ ਪੈਦਾ ਹੀ ਨਹੀਂ ਹੁੰਦੇ। ਨਕਾਰਾਤਮਕ ਵਿਚਾਰਾਂ ਤੋਂ ਆਪਣੇ-ਆਪ ਨੂੰ ਮੁਕਤ ਕਰਨ ਲਈ ਤੁਹਾਡੀ ਇੱਛਾ-ਸ਼ਕਤੀ ਅਤੇ ਦ੍ਰਿੜ-ਇਰਾਦੇ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਮਨ ਵਿਚ ਨਵਾਂ ਤੇ ਨਰੋਆ ਕਰਨ ਦੀ ਇੱਛਾ ਜਾਗ ਜਾਵੇਗੀ ਤਾਂ ਫਿਰ ਰਾਹ ਆਪਣੇ-ਆਪ ਹੀ ਮਿਲਣ ਲੱਗਣਗੇ। ਸਹਿਜ਼ ਵਿਚ ਜਿਊਣਾ ਸਿੱਖੋ। ਹਰੇਕ ਨਾਲ ਵਫਾਦਾਰ ਰਹੋ।
ਕਦੇ ਵੀ ਉਹ ਬਣ ਕੇ ਨਾ ਦਿਖਾਓ ਜੋ ਤੁਸੀਂ ਹੋ ਨਹੀਂ। ਆਪਣੀ ਅਲੋਚਨਾ ਸੁਣ ਕੇ ਕਦੇ ਵੀ ਨਾ ਭੜਕੋ ਬਲਕਿ ਇਸ ਨੂੰ ਬਰਦਾਸ਼ਤ ਕਰਨਾ ਸਿੱਖੋ। ਆਪਣੀ ਵਿਚਾਰਧਾਰਾ ਨੂੰ ਉਦਾਰਵਾਦੀ ਰੱਖੋ। ਵਿਚਾਰਸ਼ੀਲ ਲੋਕ ਦੂਜਿਆਂ ਦੇ ਮੁਕਾਬਲੇ ਵੱਧ ਸ਼ਾਂਤ ਹੁੰਦੇ ਹਨ। ਕੋਈ ਵੀ ਬੁਰੀ ਗੱਲ ਦਿਲ ’ਤੇ ਨਾ ਲਾਓ। ਇਸ ਤਰ੍ਹਾਂ ਜਦੋਂ ਅਸੀਂ ਖੁਦ ਨੂੰ ਖੁਦ ਤੋਂ ਸੁਰੱਖਿਅਤ ਰੱਖਦੇ ਹੋਏ ਆਪਣੇ ਵਿਚਾਰਾਂ ਵਿਚ ਤਬਦੀਲੀ ਲਿਆ ਕੇ ਹਰ ਚੀਜ਼ ਨੂੰ ਸਕਾਰਾਤਮਕ ਪੱਖ ਨਾਲ ਵੇਖਣਾ ਸ਼ੁਰੂ ਕਰ ਦੇਵਾਂਗੇ ਤਾਂ ਕਿਤੇ ਜ਼ਿਆਦਾ ਖੁਸ਼ਨੁਮਾ ਭਰਪੂਰ ਜੀਵਨ ਜਿਉਂ ਸਕਦੇ ਹਾਂ।
ਅੰਮ੍ਰਿਤਸਰ ਮੋ. 80540-16816
ਕੈਲਾਸ ਚੰਦ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.