ਨਾਮਜ਼ਦਗੀ ਕੇਂਦਰ ਦੇ ਬਾਹਰ ਖੁਦ ਐੱਸਐੱਸਪੀ ਫਿਰੋਜ਼ਪੁਰ ਵੀ ਰਹੇ ਮੌਜੂਦ
ਨਾਮਜ਼ਦਗੀਆਂ ਭਰਨ ਨੂੰ ਲੈ ਕੇ ਬੀਤੇ ਦੋ ਦਿਨ ਹੁੰਦਾ ਰਿਹਾ ਭਾਰੀ ਹੰਗਾਮਾ
ਫਿਰੋਜ਼ਪੁਰ, (ਸਤਪਾਲ ਥਿੰਦ (ਸੱਚ ਕਹੂੰ))। ਮਿਉਂਸਪਲ ਕਮੇਟੀ ਚੋਣਾਂ ਦੇ ਸਬੰਧ ’ਚ ਬੀਤੇ ਦੋ ਦਿਨ ਫਿਰੋਜ਼ਪੁਰ ਸ਼ਹਿਰ ਮਾਰਕਿਟ ਕਮੇਟੀ ’ਚ ਬਣੇ ਨਾਮਜ਼ਦਗੀ ਕੇਂਦਰ ਦੇ ਬਾਹਰ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਕਾਰਨ ਫਿਰੋਜ਼ਪੁਰ ਦਾ ਮਾਹੌਲ ਦੋ ਦਿਨਾਂ ਤੋਂ ਕਾਫੀ ਤਣਾਅਪੂਰਨ ਰਿਹਾ। ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਸੱਤਾਧਿਰ ਕਾਂਗਰਸ ਪਾਰਟੀ ਵੱਲੋਂ ਧੱਕਾਸ਼ਾਹੀ ਕਰਦਿਆਂ ਕਾਗਜ਼ ਨਾ ਭਰਨ ਦੇਣ ਦੇ ਦੋਸ਼ ਲਗਾਏ ਜਾ ਰਹੇ ਸਨ ਉੁਥੇ ਅੱਜ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਦਾ ਮੌਕਾ ਸਿਆਸੀ ਪਾਰਟੀਆਂ ਗਵਾਉਣਾ ਨਹੀਂ ਚਾਹੁੰਦੀਆਂ ਸਨ।
ਬੀਤੇ ਦੋ ਦਿਨਾਂ ਤੋਂ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਉਣ ਦੀ ਕੋਸ਼ਿਸ਼ ’ਚ ਅਸਫਲ ਰਹੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਂਖੋ ਤੋਂ ਬਾਅਦ ਬੀਤੀ ਸ਼ਾਮ ਤੋਂ ਫਿਰੋਜ਼ਪੁਰ ਆਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪਹਿਲਾਂ ਫਿਰੋਜ਼ਪੁਰ ਪਹੁੰਚ ਕੇ ਜ਼ਿਲ੍ਹਾਂ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਅਤੇ ਅੱਜ ਖੁਦ ਉਹ ਉਮੀਦਵਾਰਾਂ ਦੇ ਕਾਗਜ਼ ਭਰਵਾਉਣ ਲਈ ਮਰਕਿਟ ਕਮੇਟੀ ਫਿਰੋਜ਼ਪੁਰ ਸ਼ਹਿਰ ਪਹੁੰਚੇ ਜਿੱਥੇ ਐੱਸਐੱਸਪੀ ਫਿਰੋਜ਼ਪੁਰ ਭਗੀਰਥ ਸਿੰਘ ਮੀਨਾ ਵੀ ਖੁਦ ਮੌਜੂਦ ਰਹੇ ਤੇ ਸਖ਼ਤ ਪ੍ਰਬੰਧਾਂ ਹੇਠ ਅੱਜ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਦਾਖਲ਼ ਕਰਵਾਏ ਗਏ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਜ਼ਿਲੇ੍ਹ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਕਾਂਗਰਸ ਪਾਰਟੀ ਦੇ ਚੋਣ ਏਜੰਟਾਂ ਵਜੋਂ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਪੁਲਿਸ ਅਫਸਰ ਜ਼ਿਲ੍ਹਾ ਪੁਲਿਸ ਮੁਖੀ ਦਾ ਕਹਿਣਾ ਮੰਨਣ ਨੂੰ ਤਿਆਰ ਨਹੀਂ ਹਨ ਤੇ ਸਿਰਫ ਕਾਂਗਰਸੀ ਵਿਧਾਇਕਾਂ ਦੇ ਹੀ ਹੁਕਮ ਵਜਾ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜ਼ਿਲ੍ਹੇ ਵਿੱਚ ਪਹਿਲਾਂ ਵੀ ਪੰਚਾਇਤ ਸੰਮਤੀ ਚੋਣਾਂ ਵੇਲੇ ਵੀ ਵੱਡੀ ਵੱਧਰ ’ਤੇ ਬੇਨਿਯਮੀਆਂ ਹੋਈਆਂ ਤੇ ਹਿੰਸਾ ਵਾਪਰੀ ਸੀ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਉਸੇ ਤਰੀਕੇ ਮਿਉਂਸਪਲ ਬਾਡੀਆਂ ’ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਲੋਕ ਇਸ ਖਿਲਾਫ਼ ਉਠ ਖੜ੍ਹੇ ਹੋਏ ਹਨ। ਬਾਦਲ ਨੇ ਕਿਹਾ ਕਿ ਸੂਬਾ ਚੋਣ ਕਮਿਸ਼ਨ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਅਤੇ ਉਹਨਾਂ ਸੂਬੇ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਤੁਰੰਤ ਪੈਰਾ ਮਿਲਟਰੀ ਫੋਰਸ ਤਲਬ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੁਣ ਵੀ ਇਸ ਗੱਲ ਦਾ ਖ਼ਤਰਾ ਹੈ ਕਿ ਕਾਂਗਰਸੀ ਆਗੂ ਅਕਾਲੀਆਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਲਈ ਆਪਣੀ ਪੂਰੀ ਵਾਹ ਲਗਾਉਣਗੇ। ਇਸ ਮੌਕੇ ਉਹਨਾਂ ਵੱਲੋਂ ਗੁਰੂਹਰਸਹਾਏ ਪਹੁੰਚ ਕੇ ਵੀ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਗਏ।
ਜ਼ੀਰਾ ’ਚ ਨਾਮਜ਼ਦਗੀਆਂ ਨੂੰ ਲੈ ਕੇ ਮਾਹੌਲ ਗਰਮਾਇਆ
ਫਿਰੋਜ਼ਪੁਰ ਅਤੇ ਗੁਰੂਹਰਸਹਾਏ ’ਚ ਜਿੱਥੇ ਦੋ ਦਿਨ ਨਾਮਜ਼ਦਗੀਆਂ ਭਰਨ ਦਾ ਮਾਹੌਲ ਕਾਫੀ ਗਰਮਾਇਆ ਰਿਹਾ ਉੁਥੇ ਅੱਜ ਨਗਰ ਕੌਂਸਲ ਜ਼ੀਰਾ ਲਈ ਜ਼ੀਰਾ ਵਿਖੇ ਭਰੀਆਂ ਜਾ ਰਹੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਨਾ ਭਰਨ ਦੇਣ ਦਾ ਦੋਸ਼ ਲਗਾਇਆ ਗਿਆ ਅਤੇ ਆਪਣੇ ਰੋਸ ਜਤਾਉਂਦਿਆ ਆਪ ਪਾਰਟੀ ਦੇ ਵਰਕਰਾਂ ਵੱਲੋਂ ਜ਼ਿਲ੍ਹਾਂ ਲੀਡਰਸ਼ਿਪ ਦੀ ਅਗਵਾਈ ’ਚ ਡੀਸੀ ਦਫਤਰ ਫਿਰੋਜ਼ਪੁਰ ਸਾਹਮਣੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮੱਖੂ ਰੋਡ ’ਤੇ ਪ੍ਰਦਰਸ਼ਨ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.