ਅਕਾਲੀ ਦਲ ਤੇ ਆਪ ਵਾਲੇ ਨਹੀਂ ਕਰ ਸਕੇ ਨਾਮਜ਼ਦਗੀ ਕਾਗਜ਼ ਦਾਖਲ

ਦੋਵਾਂ ਪਾਰਟੀਆਂ ਨੇ ਧਰਨੇ ਲਾ ਕੇ ਕੀਤੀ ਨਾਅਰੇਬਾਜੀ

ਗੁਰੂਹਰਸਹਾਏ, (ਵਿਜੈ ਹਾਂਡਾ/ਸਤਪਾਲ ਥਿੰਦ (ਸੱਚ ਕਹੂੰ))। ਨਗਰ ਕੌਂਸਲ ਚੋਣਾਂ ਦੇ ਦੂਸਰੇ ਦਿਨ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਕਾਂਗਰਸੀਆਂ ਵੱਲੋਂ ਵੱਡੀ ਤਾਦਾਦ ਵਿੱਚ ਨਗਰ ਕੌਂਸਲ ਦੇ ਦਫਤਰ ਦੇ ਸਾਹਮਣੇ ਸਵੇਰ ਤੋਂ ਹੀ ਆਪਣੇ ਚਹੇਤਿਆਂ ਨਾਲ ਕਬਜ਼ਾ ਕਰ ਰੱਖਿਆ ਸੀ। ਇਸ ਦੌਰਾਨ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਉਮੀਦਵਾਰਾਂ ਤੇ ਵਰਕਰਾਂ ਨਾਲ ਕਾਗਜ਼ ਦਾਖਲ ਕਰਨ ਲਈ ਪਹੁੰਚੇ ਇਸ ਦੌਰਾਨ ਪਹਿਲਾਂ ਤੋਂ ਹੀ ਵੱਡੀ ਗਿਣਤੀ ’ਚ ਤਾਇਨਾਤ ਪੁਲਿਸ ਨੇ ਅੱਗੇ ਟਰੱਕ ਰੋਕ ਕੇ ਬੈਰੀਕੇਡ ਲਗਾ ਰੱਖਿਆ ਸੀ, ਜਿਸ ਕਰਕੇ ਪਹਿਲਾਂ ਅਕਾਲੀ ਦਲ ਨੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਤੇ ਫਿਰ ਆਮ ਆਦਮੀ ਪਾਰਟੀ ਨੇ ਧਰਨਾ ਲਗਾਇਆ।

ਇਸ ਮੌਕੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਅਸੀਂ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਫਾਰਮ ਭਰਨ ਆਏ ਸੀ ਪਰ ਸ਼ਰੇਆਮ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡ ਮੰਤਰੀ ਗੁਰੂਹਰਸਹਾਏ ਵਿੱਚ ਰਾਜਨੀਤੀ ਦੀ ਮਾੜੀ ਖੇਡ ਖੇਡ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਡੀਐੱਸਪੀ ਰਵਿੰਦਰ ਸਿੰਘ ਨੇ ਦਸ ਮਿੰਟ ਦਾ ਸਮਾਂ ਦਿੱਤਾ ਸੀ ਕਿ ਤੁਸੀਂ ਕਾਗਜ਼ ਦਾਖਲ ਕਰਨ ਜਾ ਸਕਦੇ ਹੋ ਪਰ ਹਜ਼ਾਰ ਮੀਟਰ ਤੋਂ ਵੱਧ ਦੂਰੀ ’ਤੇ ਸਾਨੂੰ ਰੋਕਿਆ ਗਿਆ ਜੋ ਕਿ ਸਰਾਸਰ ਧੱਕਾ ਹੈ ਤੇ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ । ਉਨ੍ਹਾਂ ਕਿਹਾ ਕਿ ਮੀਡੀਆ ਦੇ ਲੋਕਾਂ ਦੀਆਂ ਵੀ ਫਾਈਲਾਂ ਖੋਹਣੀਆਂ ਮੰਦਭਾਗਾ ਹੈ । ਇਸ ਦੌਰਾਨ ਡੀਐੱਸਪੀ ਨੇ ਆਪ ਵਾਲਿਆਂ ਨੂੰ ਕੱਲ੍ਹ ਦੁਬਾਰਾ ਫਾਈਲਾਂ ਭਰਨ ਦੇ ਵਿਸ਼ਵਾਸ ਤੋਂ ਬਾਅਦ ਧਰਨਾ ਚੁੱਕਿਆ ਗਿਆ

ਦੂਜੇ ਪਾਸੇ ਪ੍ਰੈੱਸ ਕਲੱਬ ਦੇ ਕੁਝ ਪੱਤਰਕਾਰਾਂ ਫਾਈਲਾਂ ਦਾਖਲ ਕਰਨ ਲਈ ਜਦ ਨਗਰ ਕੌਂਸਲ ਦੇ ਬਾਹਰ ਪੁੱਜੇ ਤਾਂ ਪਵਨ ਕੰਧਾਰੀ, ਧਰਮਪਾਲ ਗੁਲਾਟੀ ਤੇ ਹੋਰ ਪੱਤਰਕਾਰਾਂ ਦੀਆਂ ਫਾਈਲਾਂ ਕੁਝ ਵਿਅਕਤੀ ਖੋਹ ਕੇ ਫ਼ਰਾਰ ਹੋ ਗਏ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਕੰਧਾਰੀ ਅਤੇ ਧਰਮਪਾਲ ਗੁਲਾਟੀ ਨੇ ਦੱਸਿਆਂ ਕਿ ਸ਼ਹਿਰ ਦੇ ਕਾਂਗਰਸੀ ਯੂਥ ਆਗੂਆਂ ਦੇ ਇਸ਼ਾਰੇ ’ਤੇ ਸਾਡੀਆਂ ਫਾਈਲਾਂ ਖੋਹੀਆਂ ਗਈਆਂ ਹਨ। ਇਸ ਸਬੰਧੀ ਲਿਖਤੀ ਦਰਖਾਸਤ ਥਾਣਾ ਗੁਰੂਹਰਸਹਾਏ ਦੇ ਵਿੱਚ ਦਿੱਤੀ ਗਈ ਹੈ।

ਆਪ ਵਿਧਾਇਕ ਤੇ ਡੀਐੱਸਪੀ ਆਪਸ ’ਚ ਉਲਝੇ

ਆਮ ਆਦਮੀ ਪਾਰਟੀ ਦੇ ਵਰਕਰ ਜਦ ਕੁਲਵੰਤ ਪੰਡੋਰੀ ਨਾਲ ਅੱਗੇ ਵਧ ਰਹੇ ਸੀ ਤਾਂ ਡੀਐੱਸਪੀ ਗੁਰੂਹਰਸਹਾਏ ਨਾਲ ਉਲਝ ਗਏ ਜਿਸ ਕਾਰਨ ਧੱਕਾ ਮੁੱਕੀ ਵੀ ਹੋਈ ਇਸ ਦੌਰਾਨ ਮੌਕੇ ’ਤੇ ਪੁੱਜੇ ਐੱਸਪੀ ਆਪ੍ਰੇਸ਼ਨ ਗੁਰਮੀਤ ਸਿੰਘ ਚੀਮਾ ਨੇ ਸਾਰਾ ਮਾਮਲਾ ਸ਼ਾਂਤ ਕਰਵਾਇਆ ਅਤੇ ਵਿਸ਼ਵਾਸ ਦਿੱਤਾ ਕਿ ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਹਰ ਪਾਰਟੀ ਦੇ ਅਤੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣਗੇ।

ਪੁਲਿਸ ਦੇ ਲਾਰਿਆਂ ਵਿੱਚ ਨਾ ਆ ਕੇ ਹਰ ਹਾਲਤ ਵਿੱਚ ਕਰਾਂਗੇ ਨਾਮਜ਼ਦਗੀਆਂ : ਮਾਨ , ਪੰਡੋਰੀ

ਪੁਲਿਸ ਦੇ ਪ੍ਰਬੰਧਾਂ ’ਤੇ ਚਿਤਾਵਨੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਵੱਡੀ ਤਦਾਦ ਵਿੱਚ ਆ ਕੇ ਮੰਗਲਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਾਂਗੇ ਅਤੇ ਉਹ ਹੁਣ ਪੁਲਿਸ ਅਫਸਰਾਂ ਦੇ ਝੂਠੇ ਲਾਰਿਆਂ ’ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਡੀਐੱਸਪੀ ਗੁਰੂਹਰਸਾਏ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.