ਚਿੱਟੇ ਨੇ ਲਾਇਆ ਮਾਪਿਆਂ ਦੇ ਸੁਫ਼ਨਿਆਂ ਨੂੰ ਗ੍ਰਹਿਣ

ਚਿੱਟੇ ਨੇ ਲਾਇਆ ਮਾਪਿਆਂ ਦੇ ਸੁਫ਼ਨਿਆਂ ਨੂੰ ਗ੍ਰਹਿਣ

ਸ਼ ’ਚ ਨਸ਼ਿਆਂ ਦਾ ਦੇ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ੇ ਨੇ ਤਾਂ ਦੇਸ਼ ਦੀ ਜਵਾਨੀ ਖ਼ਤਮ ਕਰ ਦਿੱਤੀ ਹੈ। ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਅਖ਼ਬਾਰਾਂ ਵਿੱਚ ਇਹ ਖ਼ਬਰ ਨਾ ਛਪੀ ਹੋਵੇ ਕਿ ਅੱਜ ਫ਼ਲਾਂ ਨੌਜਵਾਨ ਚਿੱਟੇ ਦੀ ਭੇਟ ਚੜਿ੍ਹਆ। ਹੁਣ ਤਾਂ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਗਈਆਂ ਹਨ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਕਿ ਇੱਕ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਈ ਤੇ ਚਿੱਟੇ ਦੀ ਸ਼ੌਕੀਨ ਬਣ ਗਈ। ਫਿਰ ਉਸ ਨੂੰ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਕੀਤਾ ਗਿਆ।

ਨਸ਼ਿਆਂ ਨੇ ਨੌਜਵਾਨੀ ਨੂੰ ਖਤਮ ਕਰ ਦਿੱਤਾ ਹੈ। ਨਸ਼ੇ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਮਾਂ-ਪਿਓ ਦੇ ਬਹੁਤ ਅਰਮਾਨ ਹੁੰਦੇ ਹਨ। ਜਦੋਂ ਛੋਟਾ ਬੱਚਾ ਹੁੰਦਾ ਹੈ ਤਾਂ ਮਾਂ-ਬਾਪ ਦੇ ਸੁਫ਼ਨੇ ਹੁੰਦੇ ਹਨ ਕਿ ਆਪਣੇ ਬੱਚੇ ਨੂੰ ਅਫ਼ਸਰ ਬਣਾਵਾਂਗੇ। ਜਦੋਂ ਸਾਡੇ ਬੱਚੇ ਲਾਇਕ ਬਣ ਜਾਣਗੇ ਤਾਂ ਸਾਡਾ ਸਮਾਜ ਵਿੱਚ ਨਾਂਅ ਰੌਸ਼ਨ ਹੋਵੇਗਾ।ਡਿਗਰੀਆਂ ਹੱਥਾਂ ਵਿੱਚ ਫੜੀ ਨੌਕਰੀ ਦੀ ਪ੍ਰੇਸ਼ਾਨੀ ਮਾਪਿਆਂ ਦੀਆਂ ਉਮੀਦਾਂ ’ਤੇ ਖਰਾ ਨਾ ਤੁਰਨਾ ਨਸ਼ੇ ਦਾ ਬਹੁਤ ਵੱਡਾ ਕਾਰਨ ਹੈ।

ਜਦੋਂ ਨਸ਼ੇ ਦੀ ਪੂਰਤੀ ਲਈ ਨੌਜਵਾਨ ਨੂੰ ਕਿਤੋਂ ਵੀ ਪੈਸੇ ਨਹੀਂ ਮਿਲਦੇ ਤਾਂ ਆਪਣੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੰਦਾ ਹੈ। ਪਿੱਛੇ ਜਿਹੇ ਵਿੱਚ ਖ਼ਬਰ ਆਈ ਕਿ ਉੱਥੇ ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਤੱਕ ਵੇਚ ਦਿੱਤਾ। ਰਸੋਈ ਵਿੱਚ ਸਿਲੰਡਰ ਤੱਕ ਨਹੀਂ ਛੱਡਿਆ। ਇੱਥੋਂ ਤੱਕ ਕਿ ਕਈ ਨਸ਼ੇੜੀ ਨੌਜਵਾਨ ਆਪਣੇ ਮਾਂ-ਬਾਪ ਨੂੰ ਵੀ ਨਹੀਂ ਬਖਸ਼ਦੇ। ਮਾਂ-ਬਾਪ ਨੂੰ ਵੀ ਮਾਰਦੇ ਹਨ ਕਿ ਸਾਨੂੰ ਪੈਸੇ ਕੀ ਚਾਹੀਦੇ ਹਨ।

ਨਸ਼ਿਆਂ ਦੀ ਭਰਪਾਈ ਲਈ ਤਾਂ ਨੌਜਵਾਨਾਂ ਨੇ ਆਪਣੀ ਜ਼ਮੀਨ ਗਹਿਣੇ ਤੱਕ ਰੱਖ ਦਿੱਤੀ ਹੈ। ਮਾਂ-ਬਾਪ ਇੰਨੇ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਹ ਫਿਰ ਦੁਖੀ ਹੋ ਕੇ ਇਹੀ ਕਹਿੰਦੇ ਹਨ ਕਿ ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਹੀ ਮਰ ਜਾਂਦਾ। ਅੱਜ ਸਾਨੂੰ ਇੰਨਾ ਦੁੱਖ ਨਾ ਹੁੰਦਾ। ਜੋ ਹੁਣ ਤੂੰ ਸਾਨੂੰ ਤਸੀਹੇ ਦੇ-ਦੇ ਕੇ ਮਾਰ ਰਿਹਾ ਹੈਂ! ਪਿੱਛੇ ਜਿਹੇ ਲਹਿਰਾਗਾਗਾ ਵਿਖੇ ਨਸ਼ੇੜੀ ਪੁੱਤ ਵੱਲੋਂ ਪੈਸਿਆਂ ਖਾਤਰ ਆਪਣੇ ਪਿਓ ਦੇ ਹੀ ਕਤਲ ਦੀਆਂ ਅਨੇਕ ਉਦਾਹਰਨਾਂ ਸਾਡੇ ਸਾਹਮਣੇ ਹਨ ।

ਜਦੋਂ ਨੌਜਵਾਨ ਚੜ੍ਹਦੀ ਜਵਾਨੀ ਵਿੱਚ ਹੁੰਦੇ ਹਨ ਤਾਂ ਉਹ ਅਫ਼ੀਮ, ਟੀਕੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਹੌਲੀ-ਹੌਲੀ ਉਹ ਸਮੈਕ ਦੇ ਰਾਹ ਤੁਰ ਪੈਂਦੇ ਹਨ। ਫਿਰ ਚਿੱਟੇ ਦੇ ਸ਼ੌਕੀਨ ਬਣ ਜਾਂਦੇ ਹਨ। ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਇੱਕ ਨਸ਼ੇੜੀ ਹਰ ਰੋਜ਼ ਦਸ ਹਜਾਰ ਰੁਪਏ ਤੱਕ ਦਾ ਨਸ਼ਾ ਕਰ ਲੈਂਦਾ ਹੈ। ਮਾਂ-ਬਾਪ ਨੂੰ ਝੂਠ ਬੋਲ ਕੇ ਉਨ੍ਹਾਂ ਤੋਂ ਪੈਸੇ ਲੈਂਦੇ ਹਨ। ਜਦੋਂ ਉਨ੍ਹਾਂ ਦਾ ਝੂਠ ਫੜਿਆ ਜਾਂਦਾ ਹੈ, ਤਾਂ ਫਿਰ ਉਹ ਨਸ਼ੇ ਦੀ ਪ੍ਰਾਪਤੀ ਲਈ ਚੋਰੀਆਂ-ਡਕੈਤੀਆਂ ਤੱਕ ਕਰਦੇ ਹਨ। ਮਾਂ-ਬਾਪ ਅਜਿਹੇ ਨਸ਼ੇੜੀਆਂ ਦਾ ਇਲਾਜ ਵੀ ਕਰਵਾਉਂਦੇ ਹਨ। ਨਸ਼ੇ ਦੇ ਸੌਦਾਗਰਾਂ ਨੇ ਨਸ਼ਾ ਵੇਚਣ ਦੇ ਨਵੇਂ-ਨਵੇਂ ਤਰੀਕੇ ਕੱਢ ਲਏ ਹਨ।

ਕਈ ਨਸ਼ਾ ਮੁਕਤੀ ਕੇਂਦਰ ਜ਼ਿੰਦਗੀ ਤੋਂ ਹਾਰ ਗਏ ਮਾਂ-ਬਾਪ ਦੀ ਚੰਗੀ ਲੁੱਟ-ਖਸੁੱਟ ਕਰਦੇ ਹਨ। ਦਸ ਤੋਂ ਪੱਚੀ ਹਜ਼ਾਰ ਰੁਪਏ ਮਹੀਨਾ ਵਸੂਲਦੇ ਹਨ। ਹਾਲ ਹੀ ਵਿੱਚ ਚਰਚਾ ਰਹੀ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਮਰੀਜ਼ਾਂ ਦੀ ਮਾਰ-ਕੁੱਟ ਵੀ ਕਰਦੇ ਹਨ ਤੇ ਉਨ੍ਹਾਂ ’ਤੇ ਜ਼ੁਲਮ ਵੀ ਢਾਹੁੰਦੇ ਹਨ। ਸਰਕਾਰ ਨੂੰ ਅਜਿਹਾ ਨਸ਼ਾ ਮੁਕਤੀ ਕੇਂਦਰਾਂ ਦੇ ਲਾਇਸੈਂਸ ਕੈਂਸਲ ਕਰਨੇ ਚਾਹੀਦੇ ਹਨ।

ਪਿਛਲੇ ਸਾਲ ਅੰਮਿ੍ਰਤਸਰ ਵਿੱਚ ਅਰਬਾਂ ਰੁਪਏ ਦੀ ਹੈਰੋਇਨ ਫੜੀ ਗਈ। ਸਰਕਾਰ ਨੂੰ ਅਜਿਹੇ ਸੌਦਾਗਰਾਂ ਨੂੰ ਸਾਰੀ ਉਮਰ ਲਈ ਜੇਲ੍ਹਾਂ ਵਿੱਚ ਭੇਜ ਦੇਣਾ ਚਾਹੀਦਾ ਹੈ। ਕਾਫੀ ਨਸ਼ੇ ਦੇ ਸੌਦਾਗਰ ਜੇਲ੍ਹਾਂ ’ਚ ਵੀ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਸਰਕਾਰ ਨੂੰ ਜੇਲ੍ਹ ਪ੍ਰਸ਼ਾਸਨ ’ਤੇ ਵੀ ਸਖ਼ਤੀ ਕਰਨੀ ਚਾਹੀਦੀ ਹੈ। ਹੁਣ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪਿਛਲੀ ਮਾਰਚ ਤੋਂ ਤਕਰੀਬਨ ਲਾਕਡਾਊਨ ਲੱਗਾ ਸੀ। ਸਭ ਨੂੰ ਉਮੀਦ ਸੀ ਕਿ ਕੋਰੋਨਾ ਵਾਇਰਸ ਦੌਰਾਨ ਹੋ ਰਹੀ ਸਖਤੀ ਕਾਰਨ ਨਸ਼ਿਆਂ ਦਾ ਰੁਝਾਨ ਕੁਝ ਘਟ ਜਾਵੇਗਾ। ਪਰ ਇਸ ਦੌਰਾਨ ਵੀ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਹੋਈਆਂ ਹਨ।ਇਸ ਤਾਲਾਬੰਦੀ ਦੌਰਾਨ ਵੀ ਪਿੰਡਾਂ ਦੇ ਕਈ ਨੌਜਵਾਨ ਨੇ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਦਿੱਤੀ।

ਹਾਲਾਂਕਿ ਸੂਬਾ ਸਰਕਾਰਾਂ ਨੇ ਕੁਝ ਹੱਦ ਤੱਕ ਨਸ਼ਾ ਸੌਦਾਗਰਾਂ ਨੂੰ ਕਾਬੂ ਵੀ ਕੀਤਾ ਹੈ। ਕਈ ਨਸ਼ੇ ਦੇ ਸੌਦਾਗਰ ਜੇਲ੍ਹਾਂ ਵਿੱਚ ਵੀ ਡੱਕੇ ਹਨ। ਪੁਲਿਸ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਨਸ਼ਾ ਇੱਕ ਕੋਹੜ ਵਰਗੀ ਬਿਮਾਰੀ ਹੈ, ਜੋ ਭਵਿੱਖ ਨੂੰ ਤਬਾਹ ਕਰ ਰਹੀ ਹੈ। ਕਈ ਸਮਾਜਿਕ ਜਥੇਬੰਦੀਆਂ ਪਿੰਡਾਂ ਵਿੱਚ ਸੈਮੀਨਾਰ ਲਾਉਂਦੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਨਸ਼ੇ ਦੇ ਕਹਿਰ ਤੋਂ ਬਚਾਇਆ ਜਾ ਸਕੇ। ਕਈ ਵਧੀਆ ਪੁਲਿਸ ਅਫ਼ਸਰਾਂ, ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਤੋਂ ਕੱਢਿਆ ਜਾ ਸਕੇ।
ਮੁਹਾਲੀ

ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.