ਧਨੌਲਾ ਦੇ ਵਾਰਡ ਨੰਬਰ 2 ਦੇ ਵਾਸੀ ਨਰਕ ਵਰਗੀ ਜਿੰਦਗੀ ਜਿਉਣ ਲਈ ਮਜਬੂਰ

ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਚੋਣਾਂ ਸਮੇਂ ਉਛਾਲ ਬਿਨ੍ਹਾਂ ਹੱਲ ਤੋਂ ਮੁੜ ਠੰਢੇ ਬਸਤੇ ਪਾ ਦਿੱਤਾ ਜਾਂਦੈ: ਵਸਨੀਕ

ਧਨੌਲਾ, (ਜਸਵੀਰ ਸਿੰਘ ਗਹਿਲ/ ਸੱਚ ਕਹੂੰ ਨਿਊਜ਼) ਸਥਾਨਕ ਸਰਕਾਰਾਂ ਵਿਭਾਗ ਨੇ ਫਰਵਰੀ 14 ਨੂੰ ਨਗਰ ਕੌਂਸਲ ਚੋਣਾਂ ਕਰਵਾਉਣ ਦਾ ਨੋਟੀਫਿਕੇਸਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸਰਗਰਮ ਸਮਾਜ ਸੇਵਕਾਂ ਨੇ ਚੋਣਾਂ ਵਿੱਚ ਆਪਣਾ ਹੱਥ ਅਜਮਾਉਣ ਦੀਆਂ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ ਪਰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਧਨੌਲਾ ਦੇ ਵਾਰਡ ਨੰਬਰ ਦੋ ਦੇ ਵਸਨੀਕ ਅਜੇ ਵੀ ਵਿਕਾਸ ਦਾ ਰਾਹ ਤੱਕਦੇ ਹੋਏ ਨਰਕ ਵਰਗੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ।

1084 ਦੇ ਕਰੀਬ ਵੋਟਾਂ ਵਾਲੇ ਇਸ ਏਰੀਏ ’ਚ ਜਿਆਦਾਤਰ ਜੋਗੀਨਾਥ, ਬਾਜੀਗਰ, ਬਾਲਮੀਕੀ ਅਤੇ ਰਾਮਦਾਸੀਆ ਭਾਈਚਾਰੇ ਦੇ ਲੋਕ ਵਸਦੇ ਹਨ, ਜਿਸ ਨੂੰ ਵਿਕਾਸ ਦੀ ਅੱਖ ਤੋਂ ਦੇਖਿਆ ਜਾਵੇ ਤਾਂ ਸ਼ਹਿਰ ਅੰਦਰ ਸਫਾਈ ਪ੍ਰਬੰਧ ਤੇ ਸੀਵਰੇਜ ਸਿਸਟਮ, ਵਾਟਰ ਸਪਲਾਈ, ਸੜਕਾਂ ਦੀ ਖਸਤਾ ਹਾਲਤ, ਸਟਰੀਟ ਲਾਇਟਾਂ ਵੱਡੀਆਂ ਸਮੱਸਿਆਵਾਂ ਹਨ, ਜਿੰਨ੍ਹਾਂ ਦਾ ਕਈ ਇਲਾਕਿਆਂ ’ਚ ਪਿਛਲੇ ਕਈ ਸਾਲਾਂ ਤੋਂ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਲਈ ਪਾਰਕ, ਸੈਰਗਾਹ ਦੀ ਸਹੂਲਤ, ਜਨਤਕ ਲਾਇਬਰੇਰੀ ਵਰਗੀਆਂ ਸਹੂਲਤਾਂ ਦੀ ਵੀ ਵੱਡੀ ਲੋੜ ਹੈ, ਜਿਸ ਲਈ ਨਵੇਂ ਉਮੀਦਵਾਰ ਕੰਮ ਕਰਨ ਦਾ ਲੋਕਾਂ ਨੂੰ ਭਰੋਸਾ ਦੇ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਦੀਆਂ ਮੁਢਲੀਆਂ ਲੋੜਾਂ ਨੂੰ ਚੋਣਾਂ ਦੇ ਸਮੇਂ ਪੂਰੇ ਉਤਸਾਹ ਨਾਲ ਉਛਾਲਿਆ ਤਾਂ ਜਾਂਦਾ ਹੈ ਪ੍ਰੰਤੂ ਚੋਣਾਂ ਤੋਂ ਬਾਅਦ ਅਗਲੀਆਂ ਚੋਣਾਂ ਲਈ ਫਾਇਲਾਂ ਮੁੜ ਠੰਢੇ ਬਸਤੇ ਵਿੱਚ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਲੋਕਾਂ ਨੂੰ ਇਸ ਵਾਰ ਦੀਆਂ ਚੋਣਾਂ ਕਾਫੀ ਦਿਲਚਸਪ ਹੋਣ ਦੀ ਉਮੀਦ ਹੈ, ਕਿਉਂਕਿ ਇੰਨ੍ਹਾਂ ਚੋਣਾਂ ਵਿੱਚ ਨਵੇਂ ਨੌਜਵਾਨ ਭਾਰੀ ਦਿਲਚਸਪੀ ਵਿਖਾ ਰਹੇ ਹਨ। ਧਨੌਲਾ ਦੇ ਤੇਰ੍ਹਾਂ ਵਾਰਡਾਂ ਵਿੱਚ ਉਮੀਦਵਾਰ ਆਪਣੀ ਦਾਅਵੇਦਾਰੀ ਅਤੇ ਜਿੱਤ ਤੱਕ ਦਰਜ ਕਰਵਾ ਚੁੱਕੇ ਹਨ।

ਜਿਕਰਯੋਗ ਹੈ ਕਿ ਵੱਖੋ- ਵੱਖਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਲੜਣ ਦੀ ਥਾਂ ਆਜਾਦ ਉਮੀਦਵਾਰ ਵਜੋਂ ਚੋਣ ਲੜਣ ਦੇ ਜਿਆਦਾ ਇੱਛੁਕ ਹਨ। ਜਿਸ ਤਹਿਤ ਇਹਨਾਂ ਚੋਣਾਂ ’ਚ ਪੁਰਾਣੇ ਕੌਂਸਲਰਾਂ ਨੂੰ ਟੱਕਰ ਦੇਣ ਲਈ ਬਹੁਤ ਸਾਰੇ ਨਵੇਂ ਚੇਹਰੇ ਵੀ ਆਪਣੇ ਪਰ ਤੋਲ ਰਹੇ ਹਨ।

ਨਰਕ ਭਰੀ ਜਿੰਦਗੀ ਜਿਉਂ ਰਹੇ ਨੇ ਲੋਕ

ਧਨੌਲਾ ਦੇ ਵਾਰਡ ਨੰ. 2 ਦੇ ਸਲੱਮ ਏਰੀਆ ਨਿਵਾਸੀ ਮਹਾਂਵੀਰ ਗਾਗਟ, ਅਵਤਾਰੀ ਲਾਲ, ਵਿਨੋਦ ਕੁਮਾਰ ਅਤੇ ਵਿੱਕੀ
ਭਿਵਾਲ ਨੇ ਦੱਸਿਆ ਕਿ ਉਹ ਦੇਸ਼ ਅਜ਼ਾਦ ਹੋਣ ਤੋਂ ਲੈ ਕੇ ਇੱਥੇ ਰਹਿ ਰਹੇ ਹਨ। ਜਿੱਥੇ ਲੋਕ ਵਿਕਾਸ ਪੱਖੋਂ ਪੱਛੜਨ ਕਾਰਨ ਨਰਕ ਭਰੀ ਜਿੰਦਗੀ ’ਚ ਦਿਨ ਕੱਟਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਜਿੱਤਣ ਲਈ ਸਲੱਮ ਇਲਾਕਿਆਂ ਨੂੰ ਉਤਾਂਹ ਚੁੱਕਣ ਲਈ 50- 50 ਗਜ ਦੇ ਪਲਾਟ ਦੇਣ ਦੇ ਬਿਆਨ ਨੂੰ ਅੱਜ ਤੱਕ ਬੂਰ ਨਹੀਂ ਪਿਆ।

ਵਿਕਾਸ ਕਾਰਜ਼ਾਂ ’ਚ ਆਈ ਖੜੋਤ

ਸੰਪਰਕ ਕੀਤੇ ਜਾਣ ’ਤੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਭਰਪੂਰ ਸਿੰਘ ਨੇ ਕਿਹਾ ਕਿ 10 ਸਾਲ ਪਹਿਲਾਂ ਉਨ੍ਹਾਂ ਵੱਲੋਂ ਇਸ ਏਰੀਏ ’ਚ ਲੋੜੀਂਦਾ ਵਿਕਾਸ ਕਰਵਾਇਆ ਗਿਆ ਸੀ। ਉਨ੍ਹਾਂ ਮੰਨਿਆ ਕਿ ਉਸ ਤੋਂ ਬਾਅਦ ਵਾਰਡ ਦੇ ਵਿਕਾਸ ’ਚ ਖੜੋਤ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਵਾਰਡ ਵਾਸੀ ਮੌਕਾ ਦੇਣ ਤਾਂ ਪਹਿਲ ਦੇ ਆਧਾਰ ’ਤੇ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਉਨ੍ਹਾਂ ਦੀ ਸਰਕਾਰ ਵੱਲੋਂ 50- 50 ਗਜ ਦੇ ਪਲਾਟ ਦੇਣ ਸਬੰਧੀ ਇਸ ਏਰੀਏ ਦੇ ਘਰਾਂ ਦੇ ਨੰਬਰ ਲੱਗ ਚੁੱਕੇ ਹਨ ਤੇ ਜਲਦੀ ਹੀ ਸਰਕਾਰ ਇਨ੍ਹਾਂ ਨੂੰ ਵੀ ਘਰ ਬਣਾ ਕੇ ਦੇਵੇਗੀ।

ਵਾਰਡ ਸਮੱਸਿਆਵਾਂ ਦਾ ਹੱਲ ਹੋਵੇਗਾ ਪਹਿਲਕਦਮੀ

ਬਾਲਮੀਕੀ ਭਾਈਚਾਰੇ ਦੀ ਤਰਫ਼ੋਂ ਚੋਣ ਲੜ ਰਹੇ ਮਹਾਂਵੀਰ ਗਾਗਟ ਨੇ ਕਿਹਾ ਕਿ ਵਾਰਡ ਨੰਬਰ 2 ਦੇ ਵਸਨੀਕਾਂ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਿੰਨ੍ਹਾਂ ਦੀਆਂ ਸਮੱਸਿਆਵਾਂ ਨੂੰ ਕਦੇ ਵੀ ਕਿਸੇ ਕੌਂਸਲਰ ਨੇ ਹੱਲ ਕਰਨ ਦਾ ਕਸ਼ਟ ਨਹੀਂ ਕੀਤਾ। ਜਿੱਤ ਪਿੱਛੋਂ ਉਹ ਉਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.