ਕੋਰੋਨਾ ਦੇ ਨਾਅ ‘ਤੇ ਇਕੱਠਾ ਕਰ ਲਿਆ 67 ਕਰੋੜ, 4 ਮਹੀਨੇ ‘ਚ ਖ਼ਰਚਿਆ ਸਿਰਫ਼ 2 ਕਰੋੜ 28 ਲੱਖ

ਕੋਰੋਨਾ ਮਹਾਂਮਾਰੀ ‘ਤੇ ਵੱਡੇ ਪੱਧਰ ‘ਤੇ ਹੋਣ ਵਾਲੇ ਖ਼ਰਚਾ ਲਈ ਦਾਨ ਦੇਣ ਦੀ ਕੀਤੀ ਸੀ ਮੰਗ

ਪੰਜਾਬ ਦੇ ਦੁਕਾਨਦਾਰ ਤੋਂ ਲੈ ਕੇ ਨੌਕਰੀ ਪੇਸ਼ਾ ਲੋਕਾਂ ਨੇ ਕੀਤਾ ਐ ਕੋਰੋਨਾ ਰਲੀਫ਼ ਫੰਡ ‘ਚ ਦਾਨ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਕੋਰੋਨਾ ਦੇ ਨਾਅ ‘ਤੇ ਪੰਜਾਬ ਦੀ ਜਨਤਾ ਤੋਂ 67 ਕਰੋੜ ਰੁਪਏ ਤੋਂ ਜਿਆਦਾ ਤਾਂ ਪੈਸਾ ਇਕੱਠਾ ਕਰ ਲਿਆ ਹੈ ਪਰ ਇਸ ਮਹਾਂਮਾਰੀ ‘ਤੇ ਇਹ ਪੈਸਾ ਖ਼ਰਚ ਕਰਨ ਦੀ ਥਾਂ ‘ਤੇ ਸਰਕਾਰ ਇਸ ਸਾਰੇ ਪੈਸੇ ਨੂੰ ਐਚ.ਡੀ.ਐਫ.ਸੀ. ਪ੍ਰਾਈਵੇਟ ਬੈਂਕ ਵਿੱਚ ਹੀ ਜਮਾ ਕਰਵਾ ਕੇ ਬੈਠ ਗਈ ਹੈ। ਇਸ ਰਾਸ਼ੀ ਨੂੰ ਕੋਰੋਨਾ ਦੀ ਮਹਾਂਮਾਰੀ ਦੌਰਾਨ ਪ੍ਰਭਾਵਿਤ ਆਮ ਲੋਕਾਂ ‘ਤੇ ਖ਼ਰਚਣ ਦੀ ਥਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਹ ਕਰੋੜਾ ਰੁਪਏ ਖ਼ਰਚ ਕਰਨ ਦੇ ਕੋਈ ਵੀ ਆਦੇਸ਼ ਹੀ ਜਾਰੀ ਨਹੀਂ ਕੀਤੇ ਹਨ, ਜਿਸ ਕਾਰਨ ਹਰ ਦਿਨ ਇਸ ਐਚ.ਡੀ.ਐਫ.ਸੀ. ਪ੍ਰਾਈਵੇਟ ਬੈਂਕ ਵਿੱਚ ਦਾਨ ਆਉਣ ਦੀ ਐਂਟਰੀ ਤਾਂ ਹੁੰਦੀ ਹੈ ਪਰ ਖ਼ਰਚਾ ਕਰਨ ਦੀ ਕੋਈ ਵੀ ਐਂਟਰੀ ਨਹੀਂ ਹੋ ਰਹੀਂ ਹੈ।

ਜਿਸ ਨੂੰ ਦੇਖ ਕੇ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਹੈਰਾਨ ਹਨ ਕਿ ਜਿਹੜੀ ਮਹਾਂਮਾਰੀ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ, ਉਸ ‘ਤੇ ਪਿਛਲੇ 4 ਮਹੀਨੇ ਤੋਂ ਖ਼ਰਚ ਹੀ ਨਹੀਂ ਕੀਤਾ ਜਾ ਰਿਹਾ ਹੈ। ਨਦੇੜ ਸਾਹਿਬ ਅਤੇ ਕੋਟਾ ਸਣੇ ਤਾਮਿਲਨਾਡੂ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਕੋਰੋਨਾ ਰਲੀਫ਼ ਫੰਡ ਵਿੱਚੋਂ 1 ਕਰੋੜ 93 ਲੱਖ ਰੁਪਏ ਖ਼ਰਚ ਕੀਤੇ ਗਏ ਤੇ ਏ.ਸੀ.ਪੀ. ਲੁਧਿਆਣਾ ਸਵ. ਅਨਿਲ ਕੋਹਲੀ ਦੀ ਮੌਤ ‘ਤੇ 35 ਲੱਖ ਰੁਪਏ ਦੀ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਇਸੇ ਫੰਡ ਵਿੱਚੋਂ ਦਿੱਤੀ ਗਈ ਹੈ। ਇਸ 2 ਕਰੋੜ 28 ਲੱਖ ਰੁਪਏ ਖ਼ਰਚ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਈ ਹੋਰ ਖ਼ਰਚਾ ਹੀ ਨਹੀਂ ਕੀਤਾ ਗਿਆ।

ਜਾਣਕਾਰੀ ਅਨੁਸਾਰ ਮਾਰਚ ਮਹੀਨੇ ਵਿੱਚ ਪੰਜਾਬ ਨੂੰ ਆਪਣੀ ਜਕੜ ਵਿੱਚ ਲੈਣ ਵਾਲੀ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਉਦਯੋਗ ਪਤੀਆਂ ਅਤੇ ਆਮ ਜਨਤਾ ਸਣੇ ਸਰਕਾਰੀ ਕਰਮਚਾਰੀਆਂ ਨੂੰ ਅਪੀਲ ਕੀਤੀ ਸੀ ਕਿ ਕੋਰੋਨਾ ਨਾਲ ਇਸ ਲੜਾਈ ਵਿੱਚ ਕਾਫ਼ੀ ਜਿਆਦਾ ਖ਼ਰਚਾ ਆਵੇਗਾ ਇਸ ਲਈ ਪੰਜਾਬ ਸਰਕਾਰ ਦੀ ਮਦਦ ਕਰਨ ਲਈ ਕੋਰੋਨਾ ਰਲੀਫ਼ ਫੰਡ ਵਿੱਚ ਵੱਧ ਤੋਂ ਵੱਧ ਪੈਸਾ ਜਮਾ ਕਰਵਾਇਆ ਜਾਵੇ ਤਾਂ ਕਿ ਇਸ ਮਹਾਂਮਾਰੀ ਦੌਰਾਨ ਜ਼ਰੂਰਤਮੰਦਾਂ ਨੂੰ ਮਦਦ ਕੀਤੀ ਜਾ ਸਕੇ।

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇਸ ਅਪੀਲ ‘ਤੇ ਪੰਜਾਬ ਦੇ ਵਿਧਾਇਕਾਂ ਤੋਂ ਲੈ ਕੇ ਸਿਆਸੀ ਆਗੂਆਂ ਅਤੇ ਉਦਯੋਗ ਪਤੀਆਂ ਤੋਂ ਲੈ ਕੇ ਆਮ ਦੁਕਾਨ ਵਲੋਂ ਵੀ ਮੁੱਖ ਮੰਤਰੀ ਕੋਰੋਨਾ ਰਲੀਫ਼ ਫੰਡ ਵਿੱਚ ਵੱਧ ਚੜ ਕੇ ਪੈਸਾ ਜਮਾ ਕਰਵਾਇਆ ਜਾ ਰਿਹਾ ਹੈ। ਪਿਛਲੇ 4 ਮਹੀਨਿਆ ਤੋਂ ਮੁੱਖ ਮੰਤਰੀ ਰਲੀਫ਼ ਫੰਡ ਵਿੱਚ ਹੁਣ ਤੱਕ 67 ਕਰੋੜ ਰੁਪਏ ਤੋਂ ਜਿਆਦਾ ਪੈਸਾ ਇਕੱਠਾ ਹੋ ਚੁੱਕਾ ਹੈ ਅਤੇ ਹੁਣ ਵੀ ਰੋਜ਼ਾਨਾ ਪ੍ਰਾਈਵੇਟ ਬੈਂਕ ਐਚ.ਡੀ.ਐਫ.ਸੀ. ਬੈਂਕ ਵਿੱਚ ਦਾਨ ਦਾ ਪੈਸਾ ਆ ਰਿਹਾ ਹੈ ਪਰ ਖ਼ਰਚ ਕਰਨ ਲਈ ਕੋਈ ਵੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ।

Corona

ਕਿਹੜੇ ਕੰਮ ਲਈ ਕਿੰਨੇ ਕੀਤੇ ਖਰਚ ?

  • ਏ.ਸੀ.ਪੀ. ਅਨਿਲ ਕੋਹਲੀ ਦੇ ਪਰਿਵਾਰ ਨੂੰ ਸਹਾਇਤਾ 34 ਲੱਖ ਰੁਪਏ
  • ਨਦੇੜ ਸਾਹਿਬ ਤੋਂ ਸ਼ਰਧਾਲੂਆ ਅਤੇ ਲੇਬਰ ਨੂੰ ਲਿਆਉਣ ‘ਤੇ ਖਰਚ 1 ਕਰੋੜ 85 ਲੱਖ 51 ਹਜ਼ਾਰ 862 ਰੁਪਏ
  • ਤਾਮਿਲਨਾਡੂ ਤੋਂ ਪੰਜਾਬੀਆ ਨੂੰ ਲਿਆਉਣ ‘ਤੇ ਖ਼ਰਚ 3 ਲੱਖ 40 ਹਜ਼ਾਰ ਰੁਪਏ
  • ਰਾਜਸਥਾਨ ਕੋਟਾ ਤੋਂ ਵਿਦਿਆਰਥੀਆਂ ਨੂੰ ਲਿਆਉਣ ‘ਤੇ ਖ਼ਰਚ 4 ਲੱਖ 11 ਹਜ਼ਾਰ 600 ਰੁਪਏ
  • ਕੁੱਲ ਖ਼ਰਚ 2 ਕਰੋੜ 28 ਲੱਖ 3 ਹਜ਼ਾਰ 462 ਰੁਪਏ

ਨਾ ਮਾਸਕ ਵੰਡੇ ਨਾ ਹੀ ਦਿੱਤੀ ਦਵਾਈ, ਲੰਗਰ ਵੀ ਸੰਸਥਾਵਾਂ ਦੇ ਸਿਰ ‘ਤੇ

ਕੋਰੋਨਾ ਰਲੀਫ਼ ਫੰਡ ਵਿੱਚ ਆਉਣ ਵਾਲੇ 67 ਕਰੋੜ ਰੁਪਏ ਵਿੱਚ ਪੰਜਾਬ ਸਰਕਾਰ ਨੇ ਨਾ ਹੀ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਅਤੇ ਨਾ ਹੀ ਕਿਸੇ ਵੀ ਤਰਾਂ ਦੀ ਦਵਾਈ ਮੁਫ਼ਤ ਵਿੱਚ ਵੰਡੀ ਗਈ ਹੈ, ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਕੋਰੋਨਾ ਦੇ ਮਰੀਜ਼ਾ ਨੂੰ ਲੰਗਰ ਤੋਂ ਲੈ ਕੇ ਫਲਾਂ ਅਤੇ ਹੋਰ ਸਮਾਨ ਦਾ ਇੰਤਜ਼ਾਮ ਵੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਿਰ ਹੀ ਚਲਦਾ ਰਿਹਾ ਹੈ। ਸੂਬਾ ਸਰਕਾਰ ਨੇ ਕੋਰੋਨਾ ਰਲੀਫ਼ ਫੰਡ ਨੂੰ ਖ਼ਰਚਣ ਦੀ ਥਾਂ ‘ਤੇ ਬੈਂਕ ਅਕਾਉਂਟ ਵਿੱਚ ਪੈਸਾ ਜਮਾ ਰੱਖਣ ਤੱਕ ਹੀ ਸੀਮਤ ਕਰ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ