23 ਮਾਰਚ ਤੋਂ ਘਰ ਤੋਂ ਚੱਲਣਗੇ ਸਰਕਾਰੀ ਦਫ਼ਤਰ, ਸਿਰਫ਼ 50 ਫੀਸਦੀ ਸਟਾਫ਼ ਆਏਗਾ ਦਫ਼ਤਰ

ਗਰੁੱਪ ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਵਿੱਚ 50 ਫੀਸਦੀ ਕਰਮਚਾਰੀ ਘਰ ਤੋਂ ਕਰਨਗੇ ਕੰਮ ਅਤੇ 50 ਫੀਸਦੀ ਆਉਣਗੇ ਦਫ਼ਤਰ

23 ਮਾਰਚ ਤੋਂ 5 ਅਪ੍ਰੈਲ ਤੱਕ ਦਫ਼ਤਰ ਆਉਣ ਵਾਲੇ ਕਰਮਚਾਰੀ ਅਗਲੇ 15 ਦਿਨ 6 ਅਪ੍ਰੈਲ ਤੋਂ 19 ਅਪ੍ਰੈਲ ਤੱਕ ਕਰਨਗੇ ਘਰੋਂ ਕੰਮ

ਜਿਹੜੇ ਕਰਮਚਾਰੀ ਪਹਿਲੇ ਪੰਦਰਵਾੜਾ ਨਹੀਂ ਆਏ ਦਫ਼ਤਰ ਉਹ ਆਉਣਗੇ ਅਗਲੇ ਪੰਦਰਵਾੜਾ ਦਫ਼ਤਰ

ਚੰਡੀਗੜ, (ਅਸ਼ਵਨੀ ਚਾਵਲਾ)। 23 ਮਾਰਚ ਸੋਮਵਾਰ ਤੋਂ ਘਰ ਤੋਂ ਹੀ ਸਰਕਾਰੀ ਦਫ਼ਤਰ ਚੱਲਣਗੇ ਅਤੇ ਸਿਰਫ਼ 50 ਫੀਸਦੀ ਸਟਾਫ਼ ਹੀ ਦਫ਼ਤਰ ਆਏਗਾ। ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਲੈ ਕੇ ਬੋਰਡ ਅਤੇ ਕਾਰਪੋਰੇਸ਼ਨਾਂ ਸਣੇ ਹਰ ਸਰਕਾਰੀ ਦਫ਼ਤਰ ਦੇ ਸਟਾਫ਼ ਨੂੰ 2 ਭਾਗ ਵਿੱਚ ਵੰਡਿਆਂ ਜਾ ਰਿਹਾ ਹੈ, ਜਿਹੜਾ 50 ਫੀਸਦੀ ਸਟਾਫ਼ ਪਹਿਲੇ 15 ਦਿਨ ਤੱਕ ਦਫ਼ਤਰ ਵਿੱਚ ਆਏਗਾ, ਉਹ ਸਟਾਫ਼ ਅਗਲੇ 15 ਦਿਨ ਤੱਕ ਆਪਣੇ ਘਰ ਤੋਂ ਕੰਮ ਕਰੇਗਾ।

ਜਦੋਂ ਕਿ ਪਹਿਲੇ 15 ਦਿਨ ਤੱਕ ਘਰੋਂ ਕੰਮ ਕਰਨ ਵਾਲਾ ਸਟਾਫ਼ ਅਗਲੇ 15 ਦਿਨ ਦਫ਼ਤਰ ਵਿੱਚ ਆ ਕੇ ਕੰਮ ਕਰੇਗਾ। ਇਹ ਫੈਸਲਾ ਸਰਕਾਰ ਵਲੋਂ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸ ਸਬੰਧੀ ਹਰ ਸਰਕਾਰੀ ਵਿਭਾਗ ਨੂੰ ਆਪਣੇ ਪੱਧਰ ‘ਤੇ ਰੋਸਟਰ ਤਿਆਰ ਕੀਤਾ ਜਾਏਗਾ, ਜਿਹੜਾ ਪੰਦਰਵਾੜਾ ਰੋਸਟਰ ਹੋਏਗਾ। ਇਸ ਦੇ ਨਾਲ ਹੀ ਦਫ਼ਤਰ ਵਿੱਚ ਆਉਣ ਅਤੇ ਛੁੱਟੀ ਦੇ ਸਮੇਂ ਨੂੰ ਵੀ 3 ਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ ਤਾਂ ਕਿ ਦਫ਼ਤਰ ਆਉਣ ਅਤੇ ਛੁੱਟੀ ਸਮੇਂ ਕਰਮਚਾਰੀਆਂ ਦੀ ਹੀ ਭੀੜ ਇਕੱਠੀ ਨਾ ਹੋਵੇ।

ਸ਼ੁੱਕਰਵਾਰ ਨੂੰ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਵਿਭਾਗ ਦਾ ਮੁੱਖੀ ਇਹ ਯਕੀਨੀ ਬਣਾਏਗਾਂ ਕਰੇਗਾ ਕਿ ਗਰੁੱਪ ਬੀ, ਸੀ ਅਤੇ ਡੀ ਦਾ 50 ਫੀਸਦੀ ਰੋਜ਼ਾਨਾ ਦਫ਼ਤਰ ਕੰਮ ਕਰੇਗਾ ਅਤੇ 50 ਫੀਸਦੀ ਸਟਾਫ਼ ਘਰ ਤੋਂ ਹੀ ਕੰਮ ਕਰੇਗਾ। ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇੱਕ ਪੰਦਰਵਾੜਾ ਰੋਸਟਰ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਅਨੁਸਾਰ ਪਹਿਲਾਂ ਪੰਦਰਵਾੜਾ 23 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਲਾਗੂ ਰਹੇਗਾ, ਜਦੋਂ ਕਿ ਦੂਜਾ ਪੰਦਰਵਾੜਾ 6 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਲਾਗੂ ਰਹੇਗਾ।

ਇਥੇ ਹੀ ਦਫ਼ਤਰ ਦੇ ਖੁੱਲਣ ਅਤੇ ਬੰਦ ਹੋਣ ਦੇ ਸਮੇਂ ਹੋਣ ਵਾਲੀ ਭੀੜ ਨੂੰ ਘੱਟ ਕਰਨ ਲਈ 100 ਜਾਂ ਉਸ ਤੋਂ ਵੱਧ ਕਰਮਚਾਰੀਆਂ ਵਾਲੇ ਦਫ਼ਤਰੀ ਕੰਪਲੈਕਸ ਦੇ ਕਰਮਚਾਰੀਆਂ ਦਾ ਡਿਊਟੀ ਦਾ ਸਮਾਂ ਵੀ ਵੰਡ ਦਿੱਤਾ ਗਿਆ ਹੈ। ਦਫ਼ਤਰ ਅਟੈਂਡ  ਕਰਨ ਵਾਲੇ ਕਰਮਚਾਰੀਆਂ ਨੂੰ 3 ਗਰੁੱਪ ਵਿੱਚ ਵੰਡਣ ਦੇ ਆਦੇਸ਼ ਹਨ। ਜਿਸ ਅਨੁਸਾਰ ਪਹਿਲਾਂ ਗਰੁੱਪ ਸਵੇਰੇ 9 ਵਜੇ ਤੋਂ 5 ਵਜੇ ਤੱਕ ਦਫ਼ਤਰ ਆਏਗਾ, ਜਦੋਂ ਕਿ ਦੂਜਾ ਗਰੁੱਪ ਸਵੇਰੇ 9:30 ਤੋਂ 5:30 ਦਫ਼ਤਰ ਵਿੱਚ ਆਏਗਾ।

ਇਥੇ ਹੀ ਤੀਜਾ ਗਰੁੱਪ ਸਵੇਰੇ 10 ਵਜੇ ਤੋਂ 6 ਵਜੇ ਤੱਕ ਦਫ਼ਤਰ ਆਏਗਾ। ਇਸ ਨਾਲ ਹੀ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀ ਹਰ ਸਮੇਂ ਆਪਣੇ ਫੋਨ ਅਤੇ ਕੰਪਿਊਟਰ ਰਾਹੀਂ ਡਿਊਟੀ ਸਮੇਂ ਉਪਲਬਧ ਹੋਣਗੇ। ਉਨਾਂ ਨੂੰ ਘਰ ਵਿੱਚ ਕੰਮ ਦਿੱਤਾ ਜਾਵੇ ਅਤੇ ਲੋੜ ਪੈਣ ‘ਤੇ ਘਰ ਬੈਠੇ ਕਰਮਚਾਰੀਆਂ ਨੂੰ ਦਫ਼ਤਰ ਵੀ ਸੱਦਿਆ ਜਾ ਸਕਦਾ ਹੈ। ਇਸ ਨਾਲ ਹੀ ਕਿਸੇ ਖ਼ਾਸ ਜਰੂਰੀ ਕੰਮ ਨੂੰ ਛੱਡਦੇ ਹੋਏ ਕੋਈ ਵੀ ਕਰਮਚਾਰੀ ਆਪਣੇ ਘਰ ਤੋਂ ਵੀ ਬਾਹਰ ਨਹੀਂ ਜਾਵੇਗੀ। ਇਨਾਂ ਆਦੇਸ਼ਾਂ ਦੀ ਹਰ ਕਰਮਚਾਰੀ ਨੂੰ ਪਾਲਣਾ ਕਰਨੀ ਪਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।