ਪੁਲਿਸ ਦੇ ਹੱਥ ਪੈਰ ਫੁੱਲੇ, 5 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਸੁਰੱਖਿਅਤ ਰੱਖਣਗੇ ਮੋਤੀ ਮਹਿਲ
ਏਆਰਪੀ, ਕਮਾਂਡੋ ਸਮੇਤ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਲਾਜ਼ਮ ਪਟਿਆਲਾ ਝੋਕੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਂਝਾ ਅਧਿਆਪਕ ਮੋਰਚਾ ਵੱਲੋਂ 21 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਤੀ ਮਹਿਲ ਨੂੰ ਘੇਰਨ ਲਈ ਕੱਢੀ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਪੁਲਿਸ ਦੇ ਹੱਥ-ਪੈਰ ਫੁੱਲੇ ਹੋਏ ਹਨ। ਪੁਲਿਸ ਵੱਲੋਂ ਕੈਪਟਨ ਦੇ ਮੋਤੀ ਮਹਿਲਾਂ ਦੀ ਸੁਰੱਖਿਆ ਦੇ ਹੋਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇੱਧਰ ਅਧਿਆਪਕਾਂ ਦਾ ਦਾਅਵਾ ਹੈ ਕਿ ਕੱਲ੍ਹ ਨੂੰ 50 ਦੇ ਲਗਭਗ ਜਥੇਬੰਦੀਆਂ ਵੱਲੋਂ ਇੱਥੇ ਸਾਂਝਾ ਹੱਲਾ ਬੋਲਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਅਧਿਆਪਕਾਂ ਦੀ ਕਟੌਤੀ ਦੇ ਮਾਮਲੇ ਨੂੰ ਲੈ ਕੇ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ ਹੱਕ ਸਮੇਤ ਮੁਲਾਜ਼ਮ ਮੰਗਾਂ ਨੂੰ ਲੈ ਕੇ ਇਹ ਵਿਸ਼ਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦਾ ਦਾਅਵਾ ਹੈ ਕਿ ਇਸ ਪ੍ਰਦਰਸ਼ਨ ‘ਚ 30 ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਦੇ ਕਾਰਕੁੰਨ ਸ਼ਾਮਲ ਹੋਣਗੇ। ਪਤਾ ਲੱਗਾ ਹੈ ਕਿ ਅਧਿਆਪਕਾਂ ਸਾਂਝਾ ਮੋਰਚਾ ਦੇ ਇਸ ਹੱਲਾ ਬੋਲ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਵੀ ਵੱਡੇ ਪੱਧਰ ‘ਤੇ ਅੰਜਾਮ ਦਿੱਤਾ ਗਿਆ ਹੈ।
ਵੇਰਵੇ ਮਿਲੇ ਹਨ ਕਿ ਇੱਥੇ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ, ਏਆਰਪੀ, ਕਮਾਂਡੋ ਆਦਿ ਦੇ ਪੰਜ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਅੰਦਰ ਕੱਲ੍ਹ ਦੇ ਰੋਸ ਪ੍ਰਦਰਸ਼ਨ ਨੂੰ ਕਾਬੂ ‘ਚ ਰੱਖਿਆ ਜਾਵੇ। ਇਸ ਦੇ ਨਾਲ ਹੀ ਇੱਥੇ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਲਾਜ਼ਮ, ਪੰਜ ਐੱਸਪੀ, 12 ਡੀਐੱਸਪੀ, ਦਰਜ਼ਨਾਂ ਇੰਸਪੈਕਟਰ, ਕਈ ਦਰਜ਼ਨਾਂ ਐੱਸਆਈ ਆਦਿ ਤੈਨਾਤ ਕਰਨ ਦਾ ਖਾਕਾ ਤਿਆਰ ਕੀਤਾ ਗਿਆ ਹੈ। ਧਰਨੇ ਨੂੰ ਦੇਖਿਆ ਉੱਚ ਅਧਿਕਾਰੀਆਂ ਵੱਲੋਂ ਵੀ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਹੈ।
ਇੱਧਰ ਅਧਿਆਪਕ ਆਗੂਆਂ ਹਰਦੀਪ ਟੋਡਰਪੁਰ, ਦਵਿੰਦਰ ਪੁਨੀਆ, ਸੁਖਜਿੰਦਰ ਚਾਹਲ, ਦੀਦਾਰ ਮੁੱਦਕੀ ਆਦਿ ਦਾ ਕਹਿਣਾ ਹੈ ਕਿ ਕੱਲ੍ਹ ਦੇ ਮੋਤੀ ਮਹਿਲਾਂ ਦੇ ਘਿਰਾਓ ਦਾ ਪ੍ਰਦਰਸ਼ਨ ਇਤਿਹਾਸਕ ਹੋਵੇਗਾ ਤੇ ਕੁੱਲ 49 ਜਥੇਬੰਦੀਆਂ ਦੇ ਕਾਰਕੁੰਨ ਇਸ ਘਿਰਾਓ ‘ਚ ਪੁੱਜ ਰਹੇ ਹਨ, ਜਿਨ੍ਹਾਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਹੋਵੇਗੀ। ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦਾ ਮਰਨ ਵਰਤ ਤੇ ਪੱਕਾ ਮੋਰਚਾ 14ਵੇਂ ਦਿਨ ‘ਚ ਦਾਖਲ ਹੋ ਗਿਆ ਹੈ, ਪਰ ਕਾਂਗਰਸ ਸਰਕਾਰ ਵੱਲੋਂ ਅਧਿਆਪਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਆਪਣਾ ਹੱਕ ਹਾਸਲ ਕਰਕੇ ਰਹਿਣਗੇ, ਚਾਹੇ ਇਸ ਲਈ ਕਿਸੇ ਤਰ੍ਹਾਂ ਦਾ ਵੀ ਐਕਸ਼ਨ ਕਿਉਂ ਨਾ ਲੈਣਾ ਪਵੇ।
ਸਿੱਧੂ ਦੀ ਪਤਨੀ, ਡਿਪਟੀ ਕਮਿਸ਼ਨਰ ਤੇ ਰੇਲ ਮੰਤਰੀ ‘ਤੇ ਹੋਵੇ ਸਮੂਹਿਕ ਕਤਲ ਦਾ ਕੇਸ
ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ‘ਤੇ ਸ਼ੋਕ ਜਤਾਉਂਦਿਆਂ ਇਸ ਨੂੰ ਪੰਜਾਬ ਤੇ ਕੇਂਦਰ ਸਰਕਾਰ ਤੇ ਇਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗਲਤੀ ਕਰਾਰ ਦਿੱਤਾ। ਆਗੂਆਂ ਨੇ ਆਖਿਆ ਕਿ ਅੰਮ੍ਰਿਤਸਰ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸੂਬੇ ਦੇ ਕੈਬਨਿਟ ਮੰਤਰੀ ਦੀ ਪਤਨੀ ਦੀ ਮੌਜ਼ੂਦਗੀ ‘ਚ ਹੋ ਰਹੇ ਪ੍ਰੋਗਰਾਮ ‘ਚ ਇਹ ਘਟਨਾ ਵਾਪਰਨ ਮਗਰੋਂ ਆਮ ਲੋਕਾਂ ਨੂੰ ਦੋਸ਼ੀ ਠਹਿਰਾਉਣਾ ਤੇ ਸਰਕਾਰੀ ਪੱਧਰ ਤੋਂ ਹਾਦਸਾ ਗ੍ਰਸਤ ਲੋਕਾਂ ‘ਤੇ ਕਾਰਵਾਈ ਦੇ ਬਿਆਨ ਦੇਣਾ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ ਹੈ।
ਉਨ੍ਹਾਂ ਮੰਗ ਕੀਤੀ ਕਿ ਨਵਜੋਤ ਕੌਰ ਸਿੱਧੂ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਰੇਲ ਮੰਤਰੀ ‘ਤੇ ਆਮ ਲੋਕਾਂ ਦੇ ਸਮੂਹਿਕ ਕਤਲ ਦਾ ਕੇਸ ਦਰਜ ਕਰਕੇ ਇਨ੍ਹਾਂ ਨੂੰ ਸਖ਼ਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਭਵਿੱਖ ‘ਚ ਅਜਿਹੀ ਕੋਈ ਬਜ਼ਰ-ਕੁਤਾਹੀ ਨਾ ਕਰੇ ਆਗੂਆਂ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਨਗਦ ਸਹਾਇਤਾ ਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮ ਨੂੰ ਧਰਨੇ ਵਾਲੇ ਸਥਾਨ ਤੋਂ ਖੰਡਾ ਚੌਂਕ ਤੱਕ ਕੈਂਡਲ ਮਾਰਚ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।