ਰਮਸਾ ਅਤੇ ਐੱਸ.ਐੱਸ.ਏ. ਅਧਿਆਪਕਾਂ ਨੇ ਕੀਤਾ ਐਲਾਨ, ਨਿਯੁਕਤੀ ਪੱਤਰ ਲੈਣ ਵਾਲਿਆਂ ਦਾ ਕਰਨਗੇ ਵਿਰੋਧ
ਸਕੂਲਾਂ ਵਿੱਚ ਨਹੀਂ ਵੜਨ ਦੇਣਗੇ 450 ਅਧਿਆਪਕਾਂ ਨੂੰ, ਦਿੱਤਾ ਗਿਆ ਗੱਦਾਰ ਦਾ ਤਮਗਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਹੜਤਾਲ ਕਰ ਰਹੇ ਰਮਸਾ ਅਤੇ ਐਸ.ਐਸ.ਏ. ਅਧਿਆਪਕਾ ਦੀ ਹੜਤਾਲ ਨੂੰ ਅੱਧ ਵਿਚਕਾਰ ਛੱਡਦੇ ਹੋਏ 450 ਅਧਿਆਪਕਾਂ ਨੇ ਸਿੱਖਿਆ ਵਿਭਾਗ ਤੋਂ 15 ਹਜ਼ਾਰ 300 ਰੁਪਏ ‘ਤੇ ਕੰਮ ਕਰਨ ਲਈ ਨਿਯੁਕਤੀ ਪੱਤਰ ਲੈ ਲਿਆ ਹੈ। ਜਿਸ ਤੋਂ ਹੜਤਾਲ ‘ਤੇ ਬੈਠ ਰਮਸਾ ਅਤੇ ਐਸ.ਐਸ.ਏ. ਅਧਿਆਪਕ ਲੋਹੇ-ਲਾਖੇ ਹੋ ਗਏ ਹਨ, ਕਿਸੇ ਅਧਿਆਪਕਾਂ ਨੇ ਇਨ੍ਹਾਂ 450 ਅਧਿਆਪਕਾਂ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ ਤਾਂ ਕੁਝ ਨੇ ਇਨ੍ਹਾਂ ਨੂੰ ਸਕੂਲ ਵਿੱਚ ਦਾਖ਼ਲ ਨਹੀਂ ਹੋਣ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਸਥਿਤੀ ਗੰਭੀਰ ਬਣ ਸਕਦੀ ਹੈ, ਜਿਥੇ ਕਿ ਸਿੱਖਿਆ ਵਿਭਾਗ ਵਿੱਚ ਨਿਯੁਕਤ ਹੋ ਰਹੇ ਅਧਿਆਪਕਾਂ ਦੀ ਡਿਊਟੀ ਲੱਗੇਗੀ।
ਜਾਣਕਾਰੀ ਅਨੁਸਾਰ ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਅਤੇ ਪੱਕਾ ਕਰਨ ਸਬੰਧੀ ਪਿਛਲੀ 9 ਅਕਤੂਬਰ ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਸੀ, ਜਿਸ ਰਾਹੀਂ ਦੋ ਵਿਕਲਪ ਦਿੱਤੇ ਗਏ ਸਨ, ਇੱਕ ਵਿੱਚ ਉਹ ਅਧਿਆਪਕ ਆਪਣੀ ਮੌਜੂਦਾ ਸੁਸਾਇਟੀ ਵਿੱਚ ਰਹਿੰਦੇ ਹੋਏ 42 ਹਜ਼ਾਰ 800 ਰੁਪਏ ਤਨਖ਼ਾਹ ਲੈਂਦੇ ਰਹਿਣਗੇ ਅਤੇ ਦੂਜੇ ਵਿੱਚ ਸਿੱਖਿਆ ਵਿਭਾਗ ਵਿੱਚ ਪੱਕੇ ਹੁੰਦੇ ਹੋਏ 15 ਹਜ਼ਾਰ 300 ਰੁਪਏ ‘ਤੇ ਤਿੰਨ ਸਾਲ ਕੰਮ ਕਰਨਗੇ। ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਵਲੋਂ ਘੱਟ ਤਨਖਾਹ ‘ਤੇ ਪੱਕੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਪਿਛਲੇ 1 ਹਫ਼ਤੇ ਤੋਂ ਪਟਿਆਲਾ ਵਿਖੇ ਹੜਤਾਲ ਚਲ ਰਹੀਂ ਹੈ।
ਇਸੇ ਹੜਤਾਲ ਦੌਰਾਨ ਸੋਮਵਾਰ ਨੂੰ 450 ਅਧਿਆਪਕਾਂ ਨੇ ਯੂਨੀਅਨ ਦਾ ਪੱਲਾ ਛੱਡਦੇ ਹੋਏ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਲਈ ਹਾਮੀ ਭਰਦੇ ਹੋਏ ਨਵੇਂ ਨਿਯੁਕਤੀ ਪੱਤਰ ਲੈ ਲਏ ਹਨ। ਜਿਸ ਤੋਂ ਬਾਅਦ ਰਮਸਾ ਅਤੇ ਐਸ.ਐਸ.ਏ. ਯੂਨੀਅਨ ਦੇ ਲੀਡਰਾਂ ਸਣੇ ਕਾਰਕੁੰਨਾਂ ਨੇ ਹੰਗਾਮਾ ਕਰਨ ਦੇ ਨਾਲ ਹੀ ਇਨ੍ਹਾਂ 450 ਅਧਿਆਪਕਾਂ ਨੂੰ ਕਾਫ਼ੀ ਜ਼ਿਆਦਾ ਬੁਰਾ-ਭਲਾ ਕਹਿਣ ਦੇ ਨਾਲ ਹੀ ਇਨਾਂ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ। ਇਸ ਨਾਲ ਹੀ ਐਲਾਨ ਕਰ ਦਿੱਤਾ ਹੈ ਕਿ ਇਨ੍ਹਾਂ ਨਿਯੁਕਤੀ ਪੱਤਰ ਲੈਣ ਵਾਲੇ 450 ਅਧਿਆਪਕਾਂ ਨੂੰ ਸਕੂਲਾਂ ਵਿੱਚ ਵੜਨ ਨਾ ਦਿੱਤਾ ਜਾਵੇ।
ਯੂਨੀਅਨ ਆਗੂਆਂ ਨੇ ਧਮਕੀ ਤੋਂ ਪਾਸਾ ਵੱਟਿਆ
ਰਮਸਾ ਅਤੇ ਐੱਸ.ਅੱੈਸ.ਏ. ਯੂਨੀਅਨ ਦੇ ਉਪ ਪ੍ਰਧਾਨ ਰਾਮ ਭਜਨ ਚੌਧਰੀ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਵਿੱਚ ਗਏ 450 ਅਧਿਆਪਕਾਂ ਪ੍ਰਤੀ ਉਨ੍ਹਾਂ ਦੀ ਯੂਨੀਅਨ ਵਿੱਚ ਕੋਈ ਰੋਸ ਜਾਂ ਫਿਰ ਗੁੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਆਪਕ ਇਨ੍ਹਾਂ 450 ਅਧਿਆਪਕਾਂ ਨੂੰ ਗੱਦਾਰ ਕਹਿਣ ਦੇ ਨਾਲ ਹੀ ਸਕੂਲਾਂ ਵਿੱਚ ਦਾਖ਼ਲ ਨਾ ਹੋਣ ਦੀ ਗੱਲ ਕਰ ਰਹੇ ਹਨ ਤਾਂ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ, ਇਸ ਨਾਲ ਯੂਨੀਅਨ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਘੱਟ ਤਨਖ਼ਾਹ ‘ਤੇ ਜਾਣਾ ਚਾਹੁੰਦਾ ਹੈ ਤਾਂ ਯੂਨੀਅਨ ਉਸ ਅਧਿਆਪਕ ਦਾ ਵਿਰੋਧ ਨਹੀਂ ਕਰੇਗੀ ਪਰ ਸਮਝਾਉਣ ਦੀ ਕੋਸ਼ਸ਼ ਜਰੂਰ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।