209 ਵਿਧਵਾ ਔਰਤਾਂ ਦੇ ਘਰਾਂ ‘ਚ ਰਾਸ਼ਨ ਪਹੁੰਚਾਇਆ ਗਿਆ
ਕੋਟਕਪੂਰਾ, (ਅਜੈ ਮਨਚੰਦਾ) | “ਨਰ ਸੇਵਾ, ਨਰਾਇਣ ਸੇਵਾ” ਨੂੰ ਸਮਰਪਿਤ ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਇਲਾਕੇ ਦੀਆਂ ਵਿਧਵਾ, ਬੇਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਵੰਡ ਕੇ ਉਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ 222ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ ਸਨ। ਉਨਾਂ ਨੇ ਅਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸੰਮਤੀ ਪਿਛਲੇ 19 ਸਾਲਾਂ ਤੋਂ ਲਗਾਤਾਰ ਇਲਾਕੇ ਦੀਆਂ ਵਿਧਵਾ ਤੇ ਬੇ ਸਹਾਰਾ ਔਰਤਾਂ ਨੂੰ ਰਾਸ਼ਨ ਵੰਡ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ। ਇਸ ਲਈ ਸਾਰੇ ਹੀ ਮੈਂਬਰ ਵਧਾਈ ਦੇ ਪਾਤਰ ਹਨ। ਉਨਾਂ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਅਤੇ ਪਾਰਦਰਿਸ਼ਤਾ ਤੋਂ ਪ੍ਰਭਾਵਿਤ ਹੋ ਕੇ ਸੰਮਤੀ ਦੀ 1100/- ਰੁਪਏ ਮਹੀਨੇ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।
ਉਪਰੰਤ ਉਨਾਂ ਨੇ ਦਸੰਬਰ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਵਿਦਾ ਕੀਤਾ। ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾ ਕੇ ਕੋਟਕਪੂਰਾ ਸ਼ਹਿਰ ਅਤੇ ਇਸਦੇ ਨਜਦੀਕੀ 25 ਪਿੰਡਾਂ ਦੀਆਂ 209 ਵਿਧਵਾ ਤੇ ਬੇ ਸਹਾਰਾ ਔਰਤਾਂ ਦੇ ਘਰਾਂ ‘ਚ ਰਾਸ਼ਨ ਪਹੁੰਚਾਇਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਡਾ. ਸੁਰਿੰਦਰ ਗਲਹੋਤਰਾ, ਵਰਿੰਦਰ ਕਟਾਰੀਆ, ਸੁਭਾਸ਼ ਜਰਮਨੀ, ਹਰਵਿੰਦਰ ਸਿੰਘ ਮੱਕੜ, ਨਛੱਤਰ ਸਿੰਘ ਇੰਪੈਕਟਰ, ਸੁਭਾਸ਼ ਮਿੱਤਲ, ਕੁਲਦੀਪ ਕੁਮਾਰ, ਸੁਰਿੰਦਰ ਮਨਚੰਦਾ, ਸੁਨੀਤਾ ਰਾਣੀ ਅਤੇ ਕੁਲਦੀਪ ਕੌਰ ਹਾਜਰ ਸਨ। ਅੰਤ ਵਿੱਚ ਮੁੱਖ ਮਹਿਮਾਨ ਭੁਪਿੰਦਰ ਸਿੰਘ ਸੱਗੂ ਨੂੰ ਪ੍ਰਧਾਨ ਅਤੇ ਸਰਪ੍ਰਸਤ ਨੇ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੰਮਤੀ ਦਾ 223ਵਾਂ ਮਾਸਿਕ ਰਾਸ਼ਨ ਵੰਡ ਸਮਾਗਮ 2 ਜਨਵਰੀ 2022 ਨੂੰ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ