ਲਾਕਡਾਊਨ ਹੋਣ ਤੋਂ ਲੈ ਕੇ 1.29 ਲੱਖ ਨਵੇਂ ਮਰੀਜ਼ ਨਸ਼ਾ ਛੱਡਣ ਲਈ ਅੱਗੇ ਆਏ: ਸਿੱਧੂ

ਨਸ਼ਾ ਛੁਡਾਊ ਪ੍ਰੋਗਰਾਮ ਦੇ ਸੈਂਟਰਲ ਆਨਲਾਈਨ ਪੋਰਟਲ ਸਿਸਟਮ ‘ਤੇ 5.44 ਲੱਖ ਮਰੀਜ਼ ਰਜਿਸਟਰ ਹੋਏ

ਚੰਡੀਗੜ, (ਅਸ਼ਵਨੀ ਚਾਵਲਾ)। ਨਸ਼ਾ ਛੁਡਾਊ ਪ੍ਰੋਗਰਾਮ ਦੇ ਸੈਂਟਰਲ ਆਨਲਾਈਨ ਪੋਰਟਲ ਸਿਸਟਮ ‘ਤੇ 5.44 ਲੱਖ ਤੋਂ ਵੱਧ ਮਰੀਜ਼ ਰਜਿਸਟਰਡ ਹੋਏ ਹਨ। ਲਾਕਡਾਊਨ/ਕਰਫਿਊ ਦੀ ਮਿਆਦ ਦੌਰਾਨ ਨਸ਼ਾ ਛੱਡਣ ਲਈ ਇਲਾਜ ਵਾਸਤੇ ਅੱਗੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। 23 ਮਾਰਚ, 2020 ਤੋਂ ਸੂਬੇ ਭਰ ਵਿੱਚ ਤਕਰੀਬਨ 1.29 ਲੱਖ ਨਵੇਂ ਮਰੀਜ਼ ਇਲਾਜ ਲਈ ਅੱਗੇ ਆਏ ਹਨ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੁਣੌਤੀ ਭਰੇ ਸਮੇਂ ਦੌਰਾਨ ਨਸ਼ਾ ਪੀੜਤਾਂ ਲਈ ਵੱਡੀ ਰਾਹਤ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮਰੀਜ਼ਾਂ ਨੂੰ ਨਸ਼ਾ ਛੱਡਣ ਸਬੰਧੀ ਇਲਾਜ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਤਾਲਾਬੰਦੀ ਅਤੇ ਕਰਫਿਊ ਦੇ ਸਮੇਂ ਦੌਰਾਨ ਸਰਕਾਰ ਨੇ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਹਨ ਜਿਸ ਤਹਿਤ ਇਲਾਜ ਅਤੇ ਦੇਖਭਾਲ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਮਰੀਜ਼ਾਂ ਨੂੰ ਇੱਕ ਹਫਤੇ ਤੋਂ ਤਿੰਨ ਹਫ਼ਤੇ ਤੱਕ ਦੀ ਦਵਾਈ ਦਿੱਤੀ ਗਈ ਸੀ ਤਾਂ ਜੋ ਲਾਕਡਾਊਨ ਕਾਰਨ ਮਰੀਜ਼ ਨੂੰ ਇਲਾਜ ਸਬੰਧੀ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ। ਪਰ ਲਾਕਡਾਊਨ ਵਿੱਚ ਦਿੱਤੀ ਗਈ ਢਿੱਲ ਦੇ ਬਾਅਦ ਮਰੀਜ਼ਾਂ ਨੂੰ ਕਾਊਂਸਲਿੰਗ ਸਮੇਤ ਵੱਧ ਤੋਂ ਵੱਧ 7 ਦਿਨਾਂ ਦੀ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਨਸ਼ਿਆਂ ਦੀ ਆਦਤ ਛੁੱਟ ਜਾਵੇ। ਇਹ ਕਦਮ ਇਸ ਲਈ ਉਠਾਏ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਵਾਰ-ਵਾਰ ਕੇਂਦਰਾਂ ‘ਤੇ ਨਾ ਜਾਣਾ ਪਵੇ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਸਿੱਧੂ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਖੇ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਅਤੇ ਇਸ ਦੇ ਰੋਕਥਾਮ ਉਪਾਵਾਂ ਬਾਰੇ ਚੰਗੀ ਤਰ੍ਹਾਂ ਜਾਗਰੂਕ ਕੀਤਾ ਜਾਂਦਾ ਹੈ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਦੱਸਿਆ ਜਾਂਦਾ ਹੈ ਕਿ ਤੇਜ਼ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸਥਿਤੀ ਵਿੱਚ ਉਹ ਲਾਜ਼ਮੀ ਤੌਰ ‘ਤੇ ਸਿਹਤ ਸੰਸਥਾਵਾਂ ਨੂੰ ਸੂਚਿਤ ਕਰਨ। ਅਜਿਹੇ ਮਰੀਜ਼ਾਂ ਦੀ ਸਬੰਧਤ ਨਸ਼ਾ ਛੁਡਾ  ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਵਿੱਚ ਆਉਣ ਦੀ ਸਹੂਲਤ ਵਾਸਤੇ ਜ਼ਿਲਾ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here