ਮਿਹਨਤੀ ਅਫ਼ਸਰ ਦੇ ਹੱਥ ਫਿਰ ਆਈ ਪੀਆਰਟੀਸੀ ਦੀ ਕਮਾਨ

ਮਨਜੀਤ ਨਾਰੰਗ ਨੇ ਫਿਰ ਸੰਭਾਲਿਆ ਪੀਆਰਟੀਸੀ ਦੇ ਐੱਮਡੀ ਦਾ ਅਹੁਦਾ
ਿਹਰ ਜ਼ਿਲ੍ਹੇ ‘ਚੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਚਲਾਉਣ ਦਾ ਕੀਤਾ ਐਲਾਨ
ਰੋਜ਼ਾਨਾ 72 ਲੱਖ ਤੋਂ ਇੱਕ ਕਰੋੜ ਆਮਦਨ ਤੱਕ ਪਹੁੰਚਾਇਆ ਸੀ ਪੀਆਰਟੀਸੀ ਅਦਾਰੇ ਨੂੰ
ਖੁਸ਼ਵੀਰ ਸਿੰਘ ਤੂਰ
ਪਟਿਆਲਾ, ।
ਕਾਂਗਰਸ ਸਰਕਾਰ ਵੱਲੋਂ ਪੀਆਰਟੀਸੀ ਦੇ ਨਿਯੁਕਤ ਕੀਤੇ ਗਏ ਐੱਮ.ਡੀ. ਆਈਏਐੱਸ ਮਨਜੀਤ ਸਿੰਘ ਨਾਰੰਗ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਸ੍ਰ. ਨਾਰੰਗ ਮਿਹਨਤੀ, ਇਮਾਨਦਾਰ ਤੇ ਲਗਨਸ਼ੀਲ ਅਫਸਰ ਮੰਨੇ ਜਾਂਦੇ ਹਨ ਐੱਮਡੀ ਦਾ ਅਹੁਦਾ ਸੰਭਾਲਣ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪੀਆਰਟੀਸੀ ਨੂੰ ਬਲੰਦੀਆਂ ਤੱਕ ਲਿਜਾਣ ਦੇ ਇਛੁੱਕ ਹਨ ਅਤੇ ਇਸ ਕਾਰਜ ਲਈ ਉਹ ਸਖ਼ਤ ਮਿਹਨਤ ਕਰਨਗੇ।
ਉਨ੍ਹਾਂ ਦੱÎਸਿਆ ਕਿ ਪੀਆਰਟੀਸੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹਰ ਜ਼ਿਲ੍ਹੇ ਚੋਂ ਇੱਕ ਵੋਲਵੋ ਬੱਸ ਸਿੱਧੀ ਦਿੱਲੀ ਏਅਰਪੋਰਟ ਲਈ ਚਲਾਈ ਜਾਵੇਗੀ ਤਾਂ ਜੋ ਯਾਤਰੀਆਂ ਨੂੰ ਆਮ ਕਿਰਾਏ ਵਿੱਚ ਵੱਡਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਪੀਆਰਟੀਸੀ ਦੀ ਰੋਜ਼ਾਨਾ ਆਮਦਨ ਡੇਢ ਕਰੋੜ ਤੱਕ ਲੈ ਕੇ ਜਾਣਗੇ ਅਤੇ ਇਸ ਤੋਂ ਇਲਾਵਾ ਫਲੀਟ ਵਿੱਚ ਹੋਰ ਨਵੀਆਂ ਬੱਸਾਂ ਦਾ ਇਜਾਫਾ ਵੀ ਕਰਨਗੇ।
ਸ੍ਰੀ ਨਾਰੰਗ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਪੀਆਰਟੀਸੀ ਨੂੰ ਬੱਸ ਸਟੈਡ ਤੋਂ ਆਪਣਾ ਪੂਰਾ ਟਾਈਮ ਮਿਲੇ ਅਤੇ ਇਸ ਸਬੰਧੀ ਉਹ ਟਾਈਮ ਟੇਬਲ ਨੂੰ ਵੀ ਜਾਚਣਗੇ।  ਉਨ੍ਹਾਂ ਹੋਰ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਬੱਸ ਬਿਨਾਂ ਕਿਸੇ ਪਰਮਿਟ ਤੋਂ ਦੌੜਦੀ ਨਜ਼ਰ ਆਈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸਿਰਫ਼ ਨਿਯਮਾਂ ਅਧਾਰਤ ਬੱਸਾਂ ਹੀ ਸੜਕਾਂ ‘ਤੇ ਚੱਲਣਗੀਆਂ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਪੀਆਰਟੀਸੀ ਅੰਦਰ ਕਿਸੇ ਤਰ੍ਹਾਂ ਦੀ ਵੀ ਅਣਅਧਿਕਾਰਤ ਕਾਰਵਾਈ ਸਿਰ ਨਾ ਚੁੱਕੇ। ਜਿਸ ਸਬੰਧੀ ਉਹ ਪੂਰੀ ਬਾਜ ਅੱਖ ਰੱਖਣਗੇ। ਸ੍ਰੀ ਨਾਰੰਗ ਨੇ ਕਿਹਾ ਕਿ ਜਿਹੜੇ ਰੂਟਾਂ ਦੇ ਲੋਕਾਂ ਨੂੰ ਸਰਵਿਸ ਨਹੀਂ ਮਿਲ ਰਹੀ, ਉੱਥੇ ਵੀ ਲੋਕਾਂ ਦੀ ਸਹੂਲਤ ਲਈ ਬੱਸਾਂ ਚਲਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਸ੍ਰੀ ਨਾਰੰਗ ਵੱਲੋਂ ਦੂਜੀ ਵਾਰ ਐਮਡੀ ਦਾ ਅਹੁਦਾ ਸਾਭਿਆ ਗਿਆ ਹੈ। ਇਸ ਤੋਂ ਪਹਿਲਾ ਉਹ ਜਨਵਰੀ 2015 ਤੋਂ ਦਸੰਬਰ 2015 ਤੱਕ ਇਸ ਅਹੁਦੇ ਤੇ ਰਹੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਪੀਆਰਟੀਸੀ ਨੂੰ ਸੰਕਟ ਵਿੱਚੋਂ ਕੱਢਣ ਲਈ ਭਾਰੀ ਮਿਹਨਤ ਕੀਤੀ ਸੀ। ਪੀਆਰਟਸੀ ਦੀ ਰੋਜਾਨਾ ਆਮਦਨ 72 ਲੱਖ ਤੋਂ ਵੱਧ ਕੇ ਇੱਕ ਕਰੋੜ ਤੱਕ ਅੱਪੜ ਗਈ ਸੀ। ਪਰ ਇਸ ਤੋਂ ਬਾਅਦ ਬਾਦਲ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਅੱਜ ਸ੍ਰੀ ਨਾਰੰਗ ਦੇ ਮੁੜ ਐਮਡੀ ਵਜੋਂ ਅਹੁਦਾ ਸਾਂਭਣ ਮੌਕੇ ਸਮੂਹ ਪੀਆਰਟੀਸੀ ਦੇ ਅਧਿਕਾਰੀਆਂ ਅਤੇ ਜਥੇਬੰਦੀਆਂ ਵਿੱਚ ਖੁਸ਼ੀ ਦਾ ਮਹੌਲ ਪਾਇਆ ਗਿਆ। ਇਸ ਮੌਕੇ ਐਕਸੀਅਨ ਡੀ.ਕੇ. ਸੂਦ, ਜੀਐਮ ਪ੍ਰਸ਼ਾਸਨ ਸੁਰਿੰਦਰ ਸਿੰਘ, ਏ.ਐਸ. ਔਲਖ, ਰਾਧੇ ਸ਼ਾਮ ਸਮੇਤ ਹੋਰ ਅਧਿਕਾਰੀ ਮੌਜੂਦ ਸਨ।