ਦੋ ਕਾਰਾਂ ‘ਚੋਂ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ

ਖੁਸ਼ਵੀਰ ਸਿੰਘ ਤੂਰ
ਪਟਿਆਲਾ, ।
ਪਟਿਆਲਾ ਪੁਲਿਸ ਨੇ ਦੋ ਕਾਰਾਂ ਵਿੱਚੋਂ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਉਕਤ ਰਕਮ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਡਾ. ਐਸ. ਭੂਪਤੀ ਨੇ ਦੱਸਿਆ ਕਿ ਥਾਣਾ ਕੋਤਾਵਾਲੀ ਦੇ ਮੁੱਖ ਅਫਸਰ ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ਹੇਠ ਐਸ.ਆਈ ਜਸਪ੍ਰੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਲੱਕੜ ਮੰਡੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਵੱਲੋਂ ਜਦੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸ਼ੱਕ ਦੇ ਆਧਾਰ ‘ਤੇ ਜਦੋਂ ਮਾਰੂਤੀ ਸਿਆਜ ਕਾਰ ਅਤੇ ਹੌਂਡਾ ਅਮੇਜ਼ ਕਾਰਾਂ ਨੂੰ ਰੋਕਿਆ ਤਾਂ ਤਲਾਸ਼ੀ ਲੈਣ ਉਪਰੰਤ ਉਕਤ ਗੱਡੀਆਂ ਵਿੱਚੋਂ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਮਾਰੂਤੀ ਸਿਆਜ਼ ਕਾਰ ਵਿੱਚੋਂ ਜਿਸ ਨੂੰ ਗਗਨ ਕੁਮਾਰ ਪੁੱਤਰ ਵਿਨੋਦ ਕੁਮਾਰ ਨੇੜੇ ਨਕੋਤਾ, ਥਾਣਾ ਸਹਾਰਨਪੁਰ ਚਲਾ ਰਿਹਾ ਸੀ, ਹਰੇ ਫਿਰੋਜੀ ਰੰਗ ਦੇ ਬੈਗ ਵਿੱਚੋਂ 54 ਲੱਖ ਰੁਪਏ ਦੀ ਕਰੰਸੀ ਜੋ ਕਿ 500-500/ 1000-1000 ਦੇ ਪੁਰਾਣੇ ਨੋਟ ਸਨ ਬਰਾਮਦ ਹੋਏ। ਇਸ ਤੋਂ ਇਲਾਵਾ ਹੌਂਡਾ ਅਮੇਜ ਕਾਰ ਦੇ ਗੁਰਦਿਆਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਹੈਬਤਪੁਰ ਨੇੜੇ ਡੇਰਾ ਬੱਸੀ ਮੋਹਾਲੀ ਅਤੇ ਮਨੋਜ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਸ਼ਿਮਲਾ ਅਪਾਰਟਮੈਂਟ ਖਰੜ ਪਾਸੋਂ ਪੁਰਾਣੀ ਕਰੰਸੀ ਦੇ 500/500 ਦੇ ਨੋਟਾਂ ਨਾਲ ਭਰੇ ਬੈਗ ਵਿੱਚੋਂ 26 ਲੱਖ ਰੁਪਏ ਮਿਲੇ। ਪੁਲਿਸ ਨੇ ਕੁੱਲ ਰਕਮ 80 ਲੱਖ ਰੁਪਏ ਨੂੰ ਕਬਜੇ  ਵਿੱਚ ਲੈ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੇਕਰ ਹੋਰ ਵਿਅਕਤੀਆਂ ਦੀ ਵੀ ਕੋਈ ਸ਼ਮੂਲੀਅਤ ਪਾਈ ਗਈ ਤਾ ਉਨ੍ਹਾਂ ਦੇ ਖਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।