ਕੇਜਰੀਵਾਲ ਨੇ ਅਪਣਾਈ ‘ਯੂਜ ਤੇ ਥਰੋ’ ਨੀਤੀ : ਡਾ. ਗਾਂਧੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਅਰਵਿੰਦ ਕੇਜਰੀਵਾਲ ਨੇ ਆਪਣੇ ਪਾਰਟੀ ਆਗੂਆਂ ਨਾਲ ‘ਯੂਜ, ਥਰੋ ਅਤੇ ਡਿਸਟੁਰਾਏ’ ਦੀ ਨੀਤੀ ਅਪਣਾਈ ਹੋਈ ਹੈ ਜਿਸ ਕਾਰਨ ਇਹ ਪਾਰਟੀ ਖਤਮ ਹੋਣ ਦੀ ਕਗਾਰ ‘ਤੇ ਪੁੱਜ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਡਾ. ਗਾਂਧੀ ਨੇ ਕਿਹਾ ਕਿ ਉਹ ਕਦੇ ਵੀ ਦੁਬਾਰਾ ਇਸ ਪਾਰਟੀ ਨਾਲ ਨਹੀਂ ਜੁੜ ਸਕਦੇ ਕਿਉਂÎਕਿ ਇਸ ਪਾਰਟੀ ਦੀ ਮੌਜੂਦਾ ਸਮੇਂ ਕੋਈ ਨੀਤੀ ਨਹੀਂ ਹੈ, ਸਗੋਂ ਹਰੇਕ ਆਗੂ ਇਸ ਨਾਲ ਆਪਣੇ ਸਵਾਰਥ ਵਜੋਂ ਜੁੜਿਆ ਹੋਇਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਡਾ. ਗਾਂਧੀ ਨੇ ਕਿਹਾ ਕਿ ਹੁਣ ਜਦੋਂ ਗੁਰਪ੍ਰੀਤ ਘੁੱਗੀ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਹੈ ਤਾਂ  ਉਹ ਕਹਿ ਰਿਹਾ ਹੈ ਕਿ ਇਸ ਅਹੁਦੇ ‘ਤੇ ਡਾ. ਗਾਂਧੀ ਜਾਂ ਖਹਿਰਾ ਨੂੰ ਲਗਾਉਣਾ ਚਾਹੀਦਾ ਸੀ, ਜਦਕਿ ਪਹਿਲਾਂ ਉਨ੍ਹਾਂ ਕਦੇਂ ਇਸ ਸਬੰਧੀ ਇੱਕ ਸ਼ਬਦ ਵੀ ਨਹੀਂ ਕਿਹਾ।

ਡਾ. ਗਾਂਧੀ ਨੇ ਕਿਹਾ ਕਿ ਜਦੋਂ ਛੋਟਾ ਸਿੰਘ ਸੁੱਚੇਪੁਰ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਤਾਂ ਉਸ ਸਮੇਂ ਆਪ ਦੇ 21 ਆਗੂਆਂ ਵਿੱਚੋਂ 20 ਨੇ ਦਸਤਖ਼ਤ ਕਰਕੇ ਆਪਣੀ ਸਹਿਮਤੀ ਦਿੱਤੀ ਸੀ, ਉਸ ਸਮੇਂ ਘੁੱਗੀ ਕਿਉਂ ਨਹੀਂ ਬੋਲੇ।  ਅੱਜ ਜਦੋਂ ਘੁੱਗੀ ਉੱਪਰ ਖੁਦ ਬੀਤੀ ਹੈ ਤਾਂ ਹੁਣ ਦੂਜੇ ਆਗੂਆਂ ਦੀ ਯਾਦ ਆ ਗਈ ਹੈ। ਡਾ. ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਸੁਪਨਿਆਂ ਦਾ ਗਰਭਪਾਤ ਕੀਤਾ ਹੈ ਅਤੇ ਇਹ ਪਾਰਟੀ ਪੂਰੀ ਤਰ੍ਹਾਂ ਭਟਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਪੰਜਾਬ ਅੰਦਰ ਇਸ ਪਾਰਟੀ ਦਾ ਬੂਰਾ ਹਾਲ ਹੋ ਰਿਹਾ ਹੈ ਅਤੇ ਹਰ ਆਗੂ ਇਸ ਤੋਂ ਰੁਖਸਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਭਾਵਨਾ ਨਾਲ ਪਾਰਟੀ ਹੋਂਦ ਵਿੱਚ ਆਈ ਸੀ ਉਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here