ਕਾਂਗਰਸੀ ਵਰਕਰਾਂ ‘ਤੇ ਸਰਕਾਰੀ ਸ਼ਹਿ ‘ਤੇ ਕੁੱਟਮਾਰ ਕਰਨ ਦੇ ਦੋਸ਼

ਅਸ਼ੋਕ ਵਰਮਾ
ਬਠਿੰਡਾ,
ਰਾਮਪੁਰਾ ਫੂਲ ਦੇ ਵਾਰਡ ਨੰ. 4 ਦੀ  ਅਕਾਲੀ ਕੌਂਸਲਰ ਬਿੰਦੂ ਬਾਲਾ ਦੇ ਪਤੀ ਵਿਨੋਦ ਕੁਮਾਰ ਨੇ ਸਿਆਸੀ ਸ਼ਹਿ ‘ਤੇ ਇੱਕ ਕਾਂਗਰਸੀ ਨੇਤਾ ‘ਤੇ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ ਲਾਏ ਹਨ ਵਿਨੋਦ ਕੁਮਾਰ ਦੀ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਵਾਇਰਲ ਹੋਈ ਹੈ। ਵਿਨੋਦ ਕੁਮਾਰ ਨੂੰ ਭੁੱਚੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਅੱਜ ਜ਼ਖਮੀ ਵਿਨੋਦ ਕੁਮਾਰ ਨੇ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਆਦੇਸ਼ ਹਸਪਤਾਲ ਵਿੱਚ ਦਵਾਈ ਲੈਣ ਆਇਆ ਸੀ ਜਦੋਂ ਵਾਪਸ ਜਾਣ ਲੱਗਾ ਤਾਂ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਅਤੇ ਉਸ ਦੇ ਸਾਥੀਆਂ ਨੇ ਉਸ ‘ਤੇ  ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ  ਧੱਕੇ ਨਾਲ  ਉਸ ਤੋ ਮੁਆਫੀ ਮੰਗਵਾਈ ਗਈ। ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਨਗਰ ਕੌਂਸਲ ਰਾਮਪੁਰਾ ਦੇ ਪ੍ਰਧਾਨ ਨੂੰ ਧੱਕੇਸ਼ਾਹੀ ਨਾਲ ਹਟਾਉਣ ਦੇ ਯਤਨ ਕਰ ਰਹੇ ਹਨ ਉਸ ਦੀ ਪਤਨੀ ਬਿੰਦੂ ਬਾਲਾ ਅਕਾਲੀ ਕੌਂਸਲਰ ਤੇ ਖੁਦ ਉਸ ਦੇ ਅਕਾਲੀ ਆਗੂ ਹੋਣ ਕਰਕੇ ਉਨ੍ਹਾਂ ਨੂੰ ਕਾਂਗਰਸ ‘ਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਸੀ
ਵਿਨੋਦ ਕੁਮਾਰ ਨੇ ਪੁਲਿਸ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਿਸ ਵਿਧਾਇਕ ਦੇ ਇਸ਼ਾਰੇ ਤੇ ‘ਕੇਸ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ ਜਦ ਕਿ ਇਹ ਮਾਮਲਾ ਇਰਾਦਾ ਕਤਲ ਦਾ ਹੈ। ਓਧਰ ਜ਼ਿਲ੍ਹਾ ਪੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਆਪਣੇ ਵਿਧਾਇਕ ਦੀਆਂ ਧੱਕੇਸ਼ਾਹੀਆਂ ‘ਤੇ ਨਕੇਲ ਨਾ ਕੱਸੀ ਤਾਂ ਇਸ ਦੇ ਗੰਭੀਰ ਨਤੀਜੇ ਨਿੱਕਲ ਸਕਦੇ ਹਨ।
ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਕੇਸ ਦਰਜ
ਗੁਰਜੀਤ, ਭੁੱਚੋ ਮੰਡੀ ਥਾਣਾ ਨਥਾਣਾ ਦੇ ਮੁੱਖ ਅਫਸਰ ਅੰਗਰੇਜ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਗੁਰਪ੍ਰੀਤ ਸਿੰਘ, ਉਸ ਦੇ ਭਤੀਜੇ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 323, 324, ਅਤੇ 149 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ