
ਜ਼ਿਲ੍ਹਾ ਅਤੇ ਖੇਤਰੀ ਟੀਮਾਂ ਕੀਤੀਆਂ ਜਾਣਗੀਆਂ ਸਾਮਲ, ਨਸ਼ੇ ਤੋਂ ਦੂਰ ਹੋਏਗਾ ਨੌਜਵਾਨ : ਭਗਵੰਤ ਸਿੰਘ ਮਾਨ
Punjab Cricket League: (ਅਸ਼ਵਨੀ ਚਾਵਲਾ) ਚੰਡੀਗੜ੍ਹ। ਇੰਡੀਅਨ ਪ੍ਰੀਮਿਅਰ ਲੀਗ ਦੀ ਤਰਜ਼ ‘ਤੇ ਪੰਜਾਬ ਵਿੱਚ ਪੰਜਾਬ ਕ੍ਰਿਕਟ ਲੀਗ (ਪੀ.ਸੀ.ਐਲ.) ਦੀ ਸ਼ੁਰੂਆਤ ਕੀਤੀ ਜਾਏਗੀ। ਇਸ ਦਾ ਮੁੱਖ ਸਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਹੋਏਗਾ ਅਤੇ ਇਸ ਪੰਜਾਬ ਕ੍ਰਿਕਟ ਲੀਗ ਨੂੰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲੀਗ ਤਹਿਤ ਖੇਡਾਂ ਨੂੰ ਇੱਕ ਆਊਟਰੀਚ ਪ੍ਰੋਗਰਾਮ ਦੀ ਬਜਾਏ ਨੌਜਵਾਨਾਂ ਦੇ ਸ਼ਕਤੀਕਰਨ ਲਈ ਰਣਨੀਤਕ ਦਖ਼ਲ ਵਜੋਂ ਦੇਖਿਆ ਜਾਵੇਗਾ।
ਇਹ ਵੀ ਪੜ੍ਹੋ: Free Pilgrimage Bus: ਮੁੱਖ ਮੰਤਰੀ ਤੀਰਥ ਯਾਤਰਾ ਬੱਸੋ ਨੂੰ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਕਪਿਲ ਮਾਨ ਨੇ ਕੀਤਾ ਰਵਾ…
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਤਰਜ਼ ‘ਤੇ ਜ਼ਿਲ੍ਹਾ ਤੇ ਖੇਤਰੀ ਪੱਧਰ ‘ਤੇ ਟੀਮਾਂ ਬਣਾ ਕੇ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪੰਜਾਬ ਕਿ੍ਰਕਟ ਐਸੋਸੀਏਸਨ (ਪੀ.ਸੀ.ਏ.) ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਇਸ ਲੀਗ ਦਾ ਉਦੇਸ਼ ਨੌਜਵਾਨ ਪ੍ਰਤਿਭਾ ਦੀ ਪਛਾਣ ਕਰਨਾ, ਤਿਆਰ ਕਰਨਾ ਅਤੇ ਪੇਸੇਵਰ ਰਾਹ ‘ਤੇ ਲੈ ਜਾਣਾ ਹੈ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਖੇਡਾਂ ਵਿੱਚ ਜ਼ਿਲਾ ਅਤੇ ਰਾਜ-ਪੱਧਰੀ ਲੀਗਾਂ ਦਾ ਇੱਕ ਵਿਆਪਕ ਈਕੋ-ਸਿਸਟਮ ਸਥਾਪਤ ਕਰਨਾ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਅਨੁਸਾਸਨ, ਨਵੇਂ ਮੌਕਿਆਂ ਅਤੇ ਰਾਸ਼ਟਰੀ ਪ੍ਰਤੀਨਿਧਤਾ ਵੱਲ ਲਿਜਾਇਆ ਜਾ ਸਕੇ।
ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਲਏ ਗਏ ਕੁਝ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਤੋਂ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਪੰਜਾਬ ਕਿ੍ਰਕਟ ਐਸੋਸੀਏਸਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਤਾਲਮੇਲ ਨਾਲ ਪੰਜਾਬ ਕਿ੍ਰਕਟ ਲੀਗ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਅਤੇ ਅਰਜੁਨ ਰਾਣਾਤੁੰਗਾ ਵਰਗੇ ਕ੍ਰਿਕਟਰਾਂ ਨੇ ਅਜਿਹੀਆਂ ਪਹਿਲਕਦਮੀਆਂ ਰਾਹੀਂ ਵਿਸ਼ਵ ਕ੍ਰਿਕਟ ਨੂੰ ਕਈ ਪ੍ਰਸਿੱਧ ਖਿਡਾਰੀ ਦਿੱਤੇ ਅਤੇ ਇਹ ਲੀਗ ਪੰਜਾਬ ਨੂੰ ਕ੍ਰਿਕਟ ਪ੍ਰਤਿਭਾ ਦੀ ਨਰਸਰੀ ਵਜੋਂ ਉਭਾਰਨ ਵਿੱਚ ਬਹੁਤ ਮੱਦਦ ਕਰੇਗੀ।
ਪ੍ਰਸਤਾਵਿਤ ਲੀਗ ਢਾਂਚੇ ਬਾਰੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ‘ਤੇ ਕਰਵਾਈ ਜਾਵੇਗੀ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਝਾ, ਦੋਆਬਾ ਤੇ ਮਾਲਵਾ ਵਰਗੇ ਭੂਗੋਲਿਕ ਖੇਤਰਾਂ ਦੇ ਆਧਾਰ ‘ਤੇ ਟੀਮਾਂ ਬਣਾਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕ੍ਰਿਕਟ ਟੂਰਨਾਮੈਂਟਾਂ ਲਈ ਕ੍ਰਿਕਟਰਾਂ ਦਾ ਪ੍ਰਤਿਭਾਸ਼ਾਲੀ ਪੂਲ ਪੈਦਾ ਕਰਨ ਵਿੱਚ ਮੱਦਦ ਕਰੇਗੀ।













