ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤਮਮ
ਮੈਂ ਇਸ ਧਾਰਨਾ ਨਾਲ ਬਿਲਕੁਲ ਸਹਿਮਤ ਨਹੀਂ ਕਿ ਅਖਬਾਰ ਨਾਲ ਕੋਰੋਨਾ ਹੋਣ ਦਾ ਡਰ ਹੈ। ਕਿਉਂਕਿ ਵੇਖਣ ‘ਚ ਆਇਆ ਹੈ ਕਿ ਕੋਰੋਨਾ ਦੇ ਚੱਲਦਿਆਂ ਅਖਬਾਰਾਂ ਦੀ ਸਰਕੂਲੇਸ਼ਨ ‘ਤੇ ਚੋਖਾ ਅਸਰ ਪਿਆ ਹੈ ਤੇ ਇਹ ਘਟੀ ਹੈ। ਲੋਕਾਂ ਨੇ ਅਖਬਾਰ ਪੜ੍ਹਨੇ ਹੀ ਬੰਦ ਕਰ ਦਿੱਤੇ, ਜੋ ਸਹੀ ਨਹੀਂ। ਸਾਨੂੰ ਆਪਣੇ ਜ਼ਿਹਨ ‘ਚੋਂ ਇਹ ਗੱਲ ਕੱਢਣੀ ਪਵੇਗੀ ਕਿ ਅਖਬਾਰ ਨਾਲ ਕੋਰੋਨਾ ਹੋ ਸਕਦਾ ਹੈ। ਅਖ਼ਬਾਰ ਜਾਣਕਾਰੀ ਦਾ ਇੱਕ ਅਜਿਹਾ ਸਰੋਤ ਹੈ ਜਿਸ ਤੋਂ ਵੱਡੇ-ਛੋਟੇ ਸਭ ਚੰਗੀ ਜਾਣਕਾਰੀ ਹਾਸਲ ਕਰ ਸਕਦੇ ਹਨ। ਪਰ ਵੇਖਣ ਵਿੱਚ ਆਇਆ ਹੈ ਕਿ ਅੱਜ-ਕੱਲ੍ਹ ਬੱਚੇ ਅਖ਼ਬਾਰਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਬਜਾਏ ਮੋਬਾਇਲ ਫੋਨਾਂ ਦੀ ਵਰਤੋਂ ਕਰਦੇ ਹਨ।
ਬੇਸ਼ੱਕ ਮੋਬਾਇਲ ਫੋਨ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਅਗਾਂਹ ਹਨ, ਭਾਵ ਇਹ ਕਿ ਮੋਬਾਇਲ ਫੋਨ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਸਾਨੂੰ ਕੋਈ ਵੀ ਜਾਣਕਾਰੀ ਅਖਬਾਰਾਂ ਜਾਂ ਪ੍ਰਿੰਟ ਮੀਡੀਆ ਤੋਂ ਪਹਿਲਾਂ ਹਾਸਲ ਹੋ ਜਾਂਦੀ ਹੈ ਪਰ ਇੱਥੇ ਸਾਨੂੰ ਜਾਣਕਾਰੀ ਦੇ ਉਸ ਦੂਜੇ ਪੱਖ ਤੋਂ ਵੀ ਵਾਕਿਫ ਹੋਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਜਾਣਕਾਰੀ ਘੱਟ ਪ੍ਰਮਾਣਿਤ ਅਤੇ ਘੱਟ ਵਿਸਥਾਰਪੂਰਵਕ ਹੁੰਦੀ ਹੈ। ਸਾਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਜਾਂ ਫੋਨ ਦੁਆਰਾ ਪ੍ਰਾਪਤ ਜਾਣਕਾਰੀ ਜ਼ਿਆਦਾਤਰ ਤੱਥਾਂ ‘ਤੇ ਆਧਾਰਿਤ ਨਹੀਂ ਹੁੰਦੀ। ਇਸ ਵਾਸਤੇ ਇਹ ਸੱਚ ਦੇ ਬਹੁਤਾ ਨੇੜੇ ਨਹੀਂ ਹੁੰਦੀ ਤੇ ਕਈ ਵਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਾਂ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੀ ਹੈ।
ਜੋ ਮੁਸੀਬਤ ਦਾ ਸਬੱਬ ਬਣਦੀ ਹੈ। ਜਦੋਂਕਿ ਦੂਜੇ ਪਾਸੇ ਅਖਬਾਰਾਂ ਵਿੱਚ ਦਿੱਤੀ ਜਾਣਕਾਰੀ ਪ੍ਰਮਾਣਿਤ ਅਤੇ ਤੱਥਾਂ ‘ਤੇ ਆਧਾਰਿਤ ਹੁੰਦੀ ਹੈ ਅਤੇ ਸੱਚ ਦੇ ਨੇੜੇ ਹੁੰਦੀ ਹੈ। ਅੱਜ ਦੇ ਯੁੱਗ ਵਿੱਚ ਬੱਚਿਆਂ ਦਾ ਅਖਬਾਰਾਂ ਪੜ੍ਹਨ ਵੱਲ ਰੁਝਾਨ ਨਾ-ਮਾਤਰ ਹੈ। ਜਦੋਂਕਿ ਸੋਸ਼ਲ ਮੀਡੀਆ ਦੇ ਆਉਣ ਤੋਂ ਪਹਿਲਾਂ ਅਖਬਾਰਾਂ ਜਾਣਕਾਰੀ ਦਾ ਮੁੱਖ ਸਰੋਤ ਹੋਇਆ ਕਰਦੀਆਂ ਸਨ। ਜੇਕਰ ਮੈਂ ਆਪਣੇ ਬਚਪਨ ਤੇ ਵਿਦਿਆਰਥੀ ਸਮੇਂ ਦੀ ਗੱਲ ਕਰਾਂ ਤਾਂ ਮੈਂ ਛੇਵੀਂ ਕਲਾਸ ਤੋਂ ਹੀ ਅਖ਼ਬਾਰ ਪੜ੍ਹਨ ਲੱਗ ਗਿਆ ਸਾਂ ਅਤੇ ਰਿਸੈੱਸ ਅਤੇ ਖਾਲੀ ਪੀਰੀਅਡ ਦੌਰਾਨ ਸਕੂਲ ਦੀ ਲਾਇਬ੍ਰੇਰੀ ਵਿੱਚ ਜਾ ਕੇ ਹਰ ਰੋਜ਼ ਲਗਭਗ ਸਾਰੇ ਅਖਬਾਰ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰਦਾ ਸਾਂ ਤਾਂ ਜੋ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਹੌਲੀ-ਹੌਲੀ ਮੈਨੂੰ ਅਖ਼ਬਾਰ ਦੀ ਅਜਿਹੀ ਚੇਟਕ ਲੱਗੀ ਕਿ ਸਕੂਲੀ ਜੀਵਨ ਉਪਰੰਤ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਉਚੇਰੀ ਵਿੱਦਿਆ ਹਾਸਲ ਕਰਨ ਗਿਆ ਤਾਂ ਇਸ ਸਮੇਂ ਦੌਰਾਨ ਮੈਂ ਲਿਖਣਾ ਵੀ ਆਰੰਭ ਕਰ ਦਿੱਤਾ। ਇਹ ਸਭ ਅਖ਼ਬਾਰ ਪੜ੍ਹਨ ਦੀ ਇੱਛਿਆ ਜਾਂ ਚੇਟਕ ਦਾ ਹੀ ਨਤੀਜਾ ਸੀ। ਅੱਜ ਹਰ ਘਰ ਵਿੱਚ, ਨਿੱਕੇ ਤੋਂ ਲੈ ਕੇ ਵੱਡੇ ਤੱਕ, ਵੱਡੇ ਤੋਂ ਵੱਡਾ ਮੋਬਾਇਲ ਹੈ। ਇਨ੍ਹਾਂ ਮੋਬਾਇਲਾਂ ਨੇ ਨਾ ਕੇਵਲ ਬੱਚਿਆਂ, ਸਗੋਂ ਵੱਡਿਆਂ ਦੀ ਵੀ ਅਖ਼ਬਾਰ ਪੜ੍ਹਨ ਦੀ ਰੁਚੀ ਵਿੱਚ ਕਮੀ ਲਿਆਂਦੀ ਹੈ। ਦੂਸਰਾ ਮੋਬਾਇਲਾਂ ਜਾਂ ਸੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਗਲਤ ਪ੍ਰਵਿਰਤੀਆਂ ਪੈਦਾ ਕਰਦੀ ਹੈ।
ਜਿਸ ਦੇ ਘਾਤਕ ਨਤੀਜੇ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇੱਥੇ ਮੈਂ ਸਿਰਫ਼ ਮੋਬਾਇਲ ਫੋਨ ‘ਤੇ ਖੇਡੀ ਜਾਣ ਵਾਲ਼ੀ ਪਬਜੀ ਗੇਮ ਦੀ ਇੱਕ ਮਿਸਾਲ ਦੇਣੀ ਹੀ ਕਾਫੀ ਸਮਝਦਾ ਹਾਂ। ਜਿਸ ਨੇ ਮੋਬਾਇਲ ਉੱਤੇ ਇਸ ਗੇਮ ਨੂੰ ਖੇਡਣ ਵਾਲੇ ਬਹੁਤ ਸਾਰੇ ਬੱਚਿਆਂ ਦੀ ਜਾਨ ਲੈ ਲਈ। ਇਸ ਤਰ੍ਹਾਂ ਸੋਸ਼ਲ ਮੀਡੀਆ ਤੋਂ ਮਿਲਣ ਵਾਲੀ ਜ਼ਿਆਦਾਤਰ ਜਾਣਕਾਰੀ ਗਲਤ ਤੱਥਾਂ ‘ਤੇ ਆਧਾਰਿਤ ਅਤੇ ਪ੍ਰਮਾਣ ਰਹਿਤ ਹੁੰਦੀ ਹੈ ਜੋ ਨਾ ਸਿਰਫ਼ ਬੱਚਿਆਂ, ਸਗੋਂ ਵੱਡਿਆਂ ‘ਤੇ ਵੀ ਮਾੜਾ ਅਸਰ ਪਾਉਂਦੀ ਹੈ ਅਤੇ ਇਹ ਸਾਡੇ ਸਮਾਜ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਉਲਟ ਦਿਸ਼ਾ ਵੱਲ ਤੋਰਦੀ ਹੈ।
ਜਿਸ ਨਾਲ ਸਮਾਜ ਵਿਚ ਕ੍ਰਾਈਮ ਵਧਦਾ ਹੈ। ਵੇਖਣ ਵਿਚ ਆਇਆ ਹੈ ਕਿ ਬਹੁਤੀ ਵਾਰ ਬੱਚੇ ਸੋਸ਼ਲ ਮੀਡੀਆ ਤੋਂ ਹੀ ਕ੍ਰਾਈਮ ਬਾਰੇ ਜਾਣਕਾਰੀ ਹਾਸਲ ਕਰਕੇ ਕ੍ਰਾਈਮ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਜਦੋਂਕਿ ਦੂਜੇ ਪਾਸੇ ਅਖ਼ਬਾਰਾਂ ਵਿੱਚ ਦਿੱਤੀ ਜਾਣਕਾਰੀ ਵਿਸਥਾਰਪੂਰਵਕ ਹੁੰਦੀ ਹੈ, ਤੱਥਾਂ ‘ਤੇ ਆਧਾਰਿਤ ਹੁੰਦੀ ਹੈ, ਪ੍ਰਮਾਣਿਤ ਹੁੰਦੀ ਹੈ, ਸੱਚ ਦੇ ਨੇੜੇ ਹੁੰਦੀ ਹੈ, ਜੋ ਸਾਡੇ ਬੱਚਿਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਕਿਉਂਕਿ ਅਖਬਾਰ ਵਿਚ ਕੋਈ ਵੀ ਗਲਤ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਜਾਂ ਫਿਰ ਗਲਤ ਜਾਣਕਾਰੀ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ। ਕਿਉਂਕਿ ਅਖਬਾਰ ‘ਚ ਕੋਈ ਵੀ ਜਾਣਕਾਰੀ ਛਪਣ ਤੋਂ ਪਹਿਲਾਂ, ਛਾਪਣ ਵਾਲੇ ਤੱਥ ਪਰਖੇ ਜਾਂਦੇ ਹਨ, ਘੋਖੇ ਜਾਂਦੇ ਹਨ ਅਤੇ ਪ੍ਰਾਪਤ ਤੱਥਾਂ ਦੇ ਸਰੋਤਾਂ ਨੂੰ ਵੀ ਵੇਖਿਆ ਜਾਂਦਾ ਹੈ।
ਜਦੋਂਕਿ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਣ ਵਾਲੀ ਜਾਣਕਾਰੀ ਤੱਥਾਂ ‘ਤੇ ਆਧਾਰਿਤ ਨਹੀਂ ਹੁੰਦੀ। ਸੋ ਅਖਬਾਰ ਵਾਲੀ ਜਾਣਕਾਰੀ ਨੂੰ ਸ਼ੋਸ਼ਲ ਮੀਡੀਆ ਦੇ ਮੁਕਾਬਲੇ ਜ਼ਿਆਦਾ ਪੁਖਤਾ ਮੰਨਿਆ ਜਾਂਦਾ ਹੈ। ਇਸ ਵਾਸਤੇ ਸਾਨੂੰ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਮਿਲਣ ਵਾਲੀ ਜਾਣਕਾਰੀ ਤੱਥਾਂ ‘ਤੇ ਆਧਾਰਿਤ ਅਤੇ ਪ੍ਰਮਾਣਿਤ ਹੋਵੇ। ਦੂਸਰਾ ਅਖ਼ਬਾਰਾਂ ਤੋਂ ਪ੍ਰਾਪਤ ਜਾਣਕਾਰੀ ਵਿਸਥਾਰਪੂਰਵਕ ਹੁੰਦੀ ਹੈ। ਜਿਸ ਨਾਲ ਬੱਚੇ ਦੇ ਗਿਆਨ ਦਾ ਘੇਰਾ ਜ਼ਿਆਦਾ ਵਿਸ਼ਾਲ ਹੁੰਦਾ ਹੈ। ਸੋ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਪਾ ਕੇ ਉਨ੍ਹਾਂ ਦੇ ਗਿਆਨ ਦੇ ਘੇਰੇ ‘ਚ ਵਾਧਾ ਕੀਤਾ ਜਾ ਸਕਦਾ ਹੈ।
ਜੇਕਰ ਬੱਚੇ ਮੋਬਾਇਲ ਦੀ ਜਗ੍ਹਾ ਅਖਬਾਰ ਪੜ੍ਹਨ ਤਾਂ ਉਨ੍ਹਾਂ ਨੂੰ ਠੀਕ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਮੋਬਾਇਲ ਦੀ ਵਰਤੋਂ ਨਾਲ ਉਨ੍ਹਾਂ ਦੀਆਂ ਅੱਖਾਂ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਵੀ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਸੋ ਆਓ! ਆਪਾਂ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਪਾਈਏ ਤਾਂ ਜੋ ਉਹ ਆਪਣੀ ਮੰਜ਼ਲ ਜਾਂ ਉਦੇਸ਼ ਨੂੰ ਅਸਾਨੀ ਨਾਲ ਪੂਰਾ ਕਰ ਸਕਣ।
ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖੰਨਾ, ਲੁਧਿਆਣਾ
ਮੋ. 84376-60510
ਲੈਕਚਰਾਰ ਅਜੀਤ ਸਿੰਘ ਖੰਨਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.