Malerkotla News: ਕਿਹਾ ਕਿ 7 ਜਣਿਆਂ ਦੀ ਗ੍ਰਿਫ਼ਤਾਰੀ ਤੇ ਪਰਚੇ ’ਚ ਵਾਧੇ ਤੱਕ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ
- ਆਖਿਆ, ਅਗਲੇ ਦਿਨਾਂ ਨੂੰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ
Malerkotla News: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਲੰਘੇ ਦੋ ਦਿਨ ਪਹਿਲਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਭੂਦਨ ਵਿਖੇ ਇੱਕ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਸੀ। ਇਸ ਸਬੰਧੀ ਥਾਣਾ ਸਦੋੜ ਦੀ ਪੁਲਿਸ ਵੱਲੋਂ 10 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਸਬੰਧੀ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਥਾਣਾ ਸੰਦੌੜ ਵਿਖੇ ਦੋ ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਹੈ।
ਉਧਰ ਦੂਜੀ ਧਿਰ ਵੱਲੋਂ ਜਿਨ੍ਹਾਂ ਵਿਅਕਤੀਆਂ ਤੇ ਪਰਚੇ ਦਰਜ ਕੀਤੇ ਗਏ ਸਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਦੇ ਦਫਤਰ ਵਿਖੇ ਪਹੁੰਚ ਕੇ ਇਸ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ । ਪ੍ਰੰਤੂ ਅੱਜ ਖੁਦਕੁਸ਼ੀ ਕਰ ਜਾਣ ਵਾਲੇ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਮਲੇਰਕੋਟਲਾ ਵਿਖੇ ਪਹੁੰਚ ਕੇ ਜਿੱਥੇ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਉੱਥੇ ਹੀ ਕਿਹਾ ਕਿ ਦਰਜ ਪਰਚੇ ਵਿੱਚ ਵਾਧਾ ਕਰਕੇ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
Malerkotla News
ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਮ੍ਰਿਤਕ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ, ਜਤਿੰਦਰ ਸਿੰਘ ਭੈਣੀ ਮਹਿਰਾਜ, ਕਰਨੈਲ ਸਿੰਘ ਗੰਡੇਵਾਲ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ ਨੇ ਪੁਲਿਸ ਤੇ ਸਵਾਲ ਖੜੇ੍ਹ ਕਰਦਿਆਂ ਆਖਿਆ ਕਿ ਜਿਸ ਸਮੇਂ ਬੱਚੇ ਨੂੰ ਦਾਖਲ ਕਰਾਇਆ ਗਿਆ ਤਾਂ ਬੱਚੇ ਦੀ ਮੌਤ ਨਹੀਂ ਸੀ ਹੋਈ, ਫਿਰ ਉਸ ਦੀ ਵੀਡੀਓ ਕਿਉਂ ਨਹੀਂ ਬਣਾਈ ਗਈ। ਇਸ ਲਈ ਬਹੁਤ ਸਾਰੇ ਤੱਥਾਂ ਨੂੰ ਖੰਗਾਲਣ ਦੀ ਲੋੜ ਹੈ।
Read Also : ਬੇਰੁਜਗਾਰਾਂ ਨੇ ਸੰਗਰੂਰ ਆਉਂਦੀਆਂ ਸੜਕਾਂ ਦਾ ਆਸਾ-ਪਾਸਾ ਆਪਣੇ ਹੱਕ ’ਚ ਬੋਲਣ ਲਾਇਆ
ਉਨ੍ਹਾਂ ਆਖਿਆ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸਸਕਾਰ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਦਿਨਾਂ ਨੂੰ ਵੱਡਾ ਸੰਘਰਸ਼ ਵਿੱਢਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਦੋ ਦਿਨਾਂ ਤੋਂ ਥਾਣਾ ਸੰਦੌੜ ਵਿਖੇ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।














